ਚੌਥੀ ਬਰਸੀ ‘ਤੇ ਵਿਸ਼ੇਸ਼

ਚੰਡੀਗੜ੍ਹ (ਪੰਜ ਦਰਿਆ ਬਿਊਰੋ)
ਲੋਕ ਹਿਤਾਂ ਨੂੰ ਪ੍ਰਣਾਏ ਉਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਅੱਜ ਚੌਥੀ ਬਰਸੀ ਹੈ। ਉਹਨਾਂ ਦੀ ਰੰਗਮੰਚ ਵਾਸਤੇ ਘਾਲੀ ਵੱਡੀ ਘਾਲਣਾ ਨੂੰ ਯਾਦ ਕਰਦਿਆਂ ਪੰਜਾਬ ਕਲਾ ਪਰਿਸ਼ਦ ਔਲਖ ਜੀ ਨੂੰ ਸਿਜਦਾ ਕਰਦੀ ਹੈ। ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਔਲਖ ਸਾਹਿਬ ਆਪਣੇ ਆਪ ਵਿਚ ਇਕ ਸੰਸਥਾ ਦਾ ਰੂਪ ਸਨ ਤੇ ਹਮੇਸ਼ਾ ਉਹਨਾਂ ਆਪਣਾ ਇੱਕ ਇੱਕ ਸਾਹ ਰੰਗਮੰਚ ਦੇ ਲੇਖੇ ਲਾਇਆ। ਡਾ. ਪਾਤਰ ਨੇ ਕਿਹਾ ਕਿ ਔਲਖ ਜੀ ਨੇ ਕਿਰਤੀ, ਮਿਹਨਤੀ, ਮਜਦੂਰਾਂ ਤੇ ਕਿਸਾਨਾਂ ਦੇ ਜੀਵਨ ਨੂੰ ਨਾਟਕਾਂ ਵਿਚ ਪੇਸ਼ ਕਰਕੇ ਹਮੇਸ਼ਾ ਉਹਨਾਂ ਦੇ ਹੱਕਾਂ ਵਿਚ ਆਵਾਜ ਬੁਲੰਦ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਉਪ ਪ੍ਰਧਾਨ ਡਾ. ਯੋਗਰਾਜ ਨੇ ਆਖਿਆ ਕਿ ਔਲਖ ਜੀ ਬੜੀ ਪਿਆਰੀ ਸਖਸ਼ੀਅਤ ਦੇ ਮਾਲਕ ਸਨ ਤੇ ਆਪਣੀ ਧਰਤੀ ਤੇ ਲੋਕਾਈ ਨਾਲ ਨੇੜਿਓਂ ਜੁੜੇ ਹੋਏ ਸਨ। ਉਹਨਾਂ ਨੂੰ ਦੁਨੀਆ ਭਰ ਦੇ ਸਨਮਾਨ ਮਿਲੇ ਪਰ ਉਹ ਹਮੇਸ਼ਾ ਆਖਦੇ ਸਨ ਕਿ ਦਰਸ਼ਕ ਤੇ ਪਾਠਕ ਹੀ ਉਹਨਾਂ ਦਾ ਅਸਲੀ ਸਨਮਾਨ ਹਨ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਔਲਖ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਔਲਖ ਜੀ ਨਾਟਕ ਖੇਡਣ ਖਿਡਾਉਣ ਦੇ ਨਾਲ ਨਾਲ ਨਾਟਕ, ਜੀਵਨੀ, ਯਾਦਾਂ, ਇਕਾਂਗੀ ਤੇ ਹੋਰ ਸਾਹਿਤਕ ਰਚਨਾਵਾਂ ਕਿਤਾਬੀ ਰੂਪ ਵਿੱਚ ਦੇਕੇ ਸਾਹਿਤ ਜਗਤ ਨੂੰ ਸ਼ਾਹਕਾਰ ਲਿਖਤਾਂ ਭੇਟ ਕਰ ਗਏ ਹਨ। ਡਾ. ਜੌਹਲ ਨੇ ਕਿਹਾ ਕਿ ਔਲਖ ਜੀ ਬਹੁਪੱਖੀ ਹਸਤੀ ਸਨ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਔਲਖ ਜੀ ਨਾਲ ਆਪਣੀਆਂ ਯਾਦਾਂ ਤਾਜੀਆਂ ਕਰਦਿਆਂ ਕਿਹਾ ਕਿ ਉਹ ਹਰੇਕ ਨਵੇਂ ਕਲਾਕਾਰ ਤੇ ਲਿਖਾਰੀ ਲਈ ਪ੍ਰੇਰਨਾ ਦਾ ਸਰੋਤ ਬਣਦੇ ਰਹੇ।ਅਜ ਪੰਜਾਬ ਕਲਾ ਪਰਿਸ਼ਦ ਆਪਣੇ ਮਹਾਨ ਨਾਟਕਕਾਰ ਨੂੰ ਯਾਦ ਕਰਦਿਆਂ ਨਤਮਸਤਕ ਹੈ।