
ਅਸ਼ੋਕ ਵਰਮਾ
ਬਠਿੰਡਾ, 8 ਜੂਨ 2021: ਲੋਕ ਅਧਿਕਾਰ ਲਹਿਰ ਦੇ ਆਗੂਆਂ ਨੇ ਵਿਧਾਨ ਸਭਾ ਚੋਣਾਂ ਤੋਂ ਕਾਫੀ ਅਗੇਤਿਆਂ ਅੱਜ ਪੰਜਾਬ ਦੇ ਲੋਕਾਂ ਨੂੰ ਸਿਆਸੀ ਤੌਰ ਤੇ ਚੇਤੰਨ ਹੋਣ ਦਾ ਸੱਦਾ ਦਿੱਤਾ। ਆਗੂਆਂ ਨੇ ਦਲੀਲ ਦਿੱਤੀ ਕਿ ਅਜਾਦੀ ਪ੍ਰਾਪਤੀ ਤੋਂ ਬਾਅਦ ਹੁਣ ਤੱਕ ਜਿਸ ਤਰਾਂ ਦੀ ਸਥਿਤੀ ਬਣੀ ਹੈ ਉਸ ਨੂੰ ਦੇਖਦਿਆਂ ਪੰਜਾਬੀਆਂ ਨੂੰ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਵੇਲੇ ਕਾਫੀ ਕੁੱਝ ਸੋਚਣ ਵਿਚਾਰਨ ਦੀ ਲੋੜ ਹੈ। ਅੱਜ ਇੱਥੇ ਟੀਚਰਜ਼ ਹੋਮ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਵਰਕੌਮ ਦੇ ਸਾਬਕਾ ਚੇਅਰਮੈਨ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਆਖਿਆ ਕਿ ਅੱਜ ਤੱਕ ਪੰਜਾਬੀਆਂ ਨੇ ਹੁਣ ਤੱਕ ਮਾੜੇ ਨੂੰ ਹਰਾਉਣ ਲਈ ਵੋਟਾਂ ਪਾਈਆਂ ਹਨ ਜਦੋਂਕਿ ਇਸ ਵਾਰ ਚੰਗੇ ਉਮੀਦਵਾਰਾਂ ਨੂੰ ਜਿਤਾਉਣ ਲਈ ਧਰਮ, ਜਾਤ ਪਾਤ ਅਤੇ ਹੋਰ ਕਈ ਤਰਾਂ ਦੀਆਂ ਵੰਡੀਆਂ ਤੋਂ ਉੱਪਰ ਉੱਠਕੇ ਵਿਕਾਸ ਅਤੇ ਤਰੱਕੀ ਵਰਗੇ ਅਹਿਮ ਮੁੱਦਿਆਂ ’ਤੇ ਵੋਟਾਂ ਪਾਉਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਵਾਸੀਆਂ ਨੂੰ ਸਿਆਸੀ ਪਾਰਟੀਆਂ ਤੇ ਚੰਗੇ ਬੰਦੇ ਅੱਗੇ ਲਿਆਉਣ ਲਈ ਦਬਾਅ ਪਾਉਣ ਵਾਸਤੇ ਕਿਹਾ। ਇਸ ਸਬੰਧ ’ਚ ਅਮਰੀਕਾ ਦੀਆਂ ਚੋਣਾਂ ਦੀ ਮਿਸਾਲ ਦਿੰਦਿਆਂ ਉਨ੍ਹਾਂ ਆਖਿਆ ਕਿ ਲੋਕ ਆਪਣੇ ਮੁਹੱਲੇ ਦੀਆਂ ਕਮੇਟੀਆਂ ਬਣਾਕੇ ਆਪਣੇ ਇਲਾਕੇ ਚੋਂ ਚੰਗੇ ਕਿਰਦਾਰ ਵਾਲਾ ਵਿਅਕਤੀ ਲੱਭਣ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬਹੁਤ ਸਾਰੇ ਬੰਦੇ ਹਨ ਜਿੰਨ੍ਹਾਂ ਨੇ ਇਮਾਨਦਾਰੀ ਦੀ ਜਿੰਦਗੀ ਹੰਢਾਈ ਹੈ। ਉਨ੍ਹਾਂ ਆਖਿਆ ਕਿ ਲੋਕ ਅਧਿਕਾਰ ਲਹਿਰ ਨੇ ਇਸ ਤਾਂ ਦੇ ਵਧੀਆ ਕਿਰਦਾਰ ਵਾਲੇ ਬੰਦਿਆਂ ਨੂੰ ਵੀ ਅੱਗੇ ਆਉਣ ਅਤੇ ਪੰਜਾਬ ਦੀ ਡੁੱਬ ਰਹੀ ਬੇੜੀ ਨੂੰ ਬੰਨੇ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਇਹ ਸੋਚਣ ਦਾ ਸਮਾਂ ਹੈ ਕਿਉਂਕਿ ਪੰਜਾਬ ਦੀ ਜੁਆਨੀ ਵਿਦੇਸ਼ਾਂ ਵੱਲ ਭੱਜ ਰਹੀ ਹੈ ਅਤੇ ਪੰਜਾਬ ਉੱਜੜ ਗਿਆ ਹੈ।
ਉਨ੍ਹਾਂ ਆਖਿਆ ਕਿ ਦੁਖਦਾਈ ਪਹਿਲੂ ਇਹ ਵੀ ਹੈ ਕਿ ਸਰਕਾਰਾਂ ਤਾਂ ਖੁਦ ਪੰਜਾਬ ਦੀ ਜੁਆਨੀ ਖਾਤਰ ਕੁੱਝ ਕਰਨ ਦੀ ਥਾਂ ਉਨ੍ਹਾਂ ਨੂੰ ਬਾਹਰਲੇ ਮੁਲਕਾਂ ’ਚ ਭੇਜਣ ਲਈ ਸਿਖਲਾਈ ਦੇ ਰਹੀਆਂ ਹਨ ਜੋਕਿ ਹੱਦ ਦਰਜੇ ਦਾ ਚਿੰਤਾਜਨਕ ਵਰਤਾਰਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਨੁਕਤਿਆਂ ਨੂੰ ਖਿਆਲ ’ਚ ਰੱਖਦਿਆਂ ਲੋਕ ਅਧਿਕਾਰ ਲਹਿਰ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ’ਚ ਲੋਕਾਂ ਦੀ ਰਾਏ ਨੂੰ ਮਹੱਤਵਪੂਰਨ ਮੰਨਿਆ ਗਿਆ ਹੈ ਜੋ ਪੰਜਾਬ ਵਾਸੀਆਂ ਦੇ ਸਿਆਸੀ ਮਕਸਦ ਦੀ ਪੂਰਤੀ ਲਈ ਇੱਕ ਤਰਾਂ ਨਾਲ ਵਿਧਾਨ ਦਾ ਕੰਮ ਕਰੇਗਾ ਜਿਸ ਦੀ ਤਾਕਤ ਨਾਲ ਆਪਣੇ ਵਿੱਚੋਂ ਨੁਮਾਇੰਦਾ ਚੁਣਕੇ ਵਿਧਾਨ ਸਭਾ ਭੇਜਣਗੇ। ਉਨ੍ਹਾਂ ਆਖਿਆ ਕਿ ਇਹ ਚੁਣੇ ਪ੍ਰਤੀਨਿਧ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੋਣਗੇ।
ਲੋਕ ਲਹਿਰ ਦੇ ਆਗੂ ਹਰਜੀਤ ਸਿੰਘ ਡਿਬਡਿਬਾ ਨੇ ਆਖਿਆ ਕਿ ਬੇਸ਼ੱਕ ਅੱਜ ਪਹਿਲੀ ਤਰਜ਼ੀਹ ਕਿਸਾਨ ਸੰਘਰਸ਼ ਹੈ ਜਿਸ ਦੇ ਅਧਾਰ ਤੇ ਜੇਕਰ ਲੋਕ ਹਾਲੇ ਵੀ ਲਾਮਬੰਦ ਨਾ ਹੋਏ ਅਤੇ ਪੰਜਾਬ ’ਚੋਂ ਸੰਘੀ ਢਾਂਚੇ ਦੀ ਬਹਾਲੀ ਲਈ ਕੋਈ ਮਾਅਰਕੇ ਵਾਲਾ ਕੰਮ ਨਾਂ ਕਰ ਸਕੇ ਤਾਂ ਉਨ੍ਹਾਂ ਦੇ ਪੋਤਰੇ ਨਵਰੀਤ ਸਿੰਘ ਦੀ ਸ਼ਹਾਦਤ ਅਜਾਈਂ ਚਲੀ ਜਾਵੇਗੀ। ਉਨ੍ਹਾਂ ਆਖਿਆ ਕਿ ਹਾਲਾਂਕਿ ਇਸ ਤਰਾਂ ਦੇ ਮਹੌਲ ਨੂੰ ਅਮਲ ’ਚ ਲਿਆਉਣ ਲਈ ਵੱਡਾ ਸਮਾਂ ਲੰਘਾ ਦਿੱਤਾ ਹੈ ਪਰ ਅਜੇ ਵੀ ਸੰਭਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਲੋਕ ਹਾਲੇ ਵੀ ਨਾਂ ਸੰਭਲੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀਮੁਆਫ ਨਹੀਂ ਕਰਨਗੀਆਂ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਲੋਕ ਅਧਿਕਾਰ ਲਹਿਰ ਨਾਲ ਜੁੜਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਰੁਪਿੰਦਰਜੀਤ ਸਿੰਘ ਨੇ ਪੰਜਾਬ ਦੇ ਹਾਲਾਤਾਂ ਨੂੰ ਗਲ੍ਹਤ ਰਾਜਸੀ ਫੈਸਲਿਆਂ ਅਤੇ ਭ੍ਰਿਸ਼ਟਾਚਾਰ ਦੀ ਵਜ੍ਹਾ ਕਰਕੇ ਫਿਕਰ ਕਰਨ ਵਾਲੀ ਸਥਿਤੀ ’ਚ ਪੁੱਜ ਚੁੱਕੇ ਕਰਾਰ ਦਿੰਦਿਆਂ ਸੂਬੇ ਦੇ ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਢਾਂਚੇ ’ਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਇਮਾਨਦਾਰ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਅੱਗੇ ਆ ਕੇ ਲੋਕ ਅਧਿਕਾਰ ਲਹਿਰ ਦਾ ਸਹਿਯੋਗ ਕਰਨ ਦੀ ਲੋੜ ਤੇ ਜੋਰ ਦਿੱਤਾ। ਬੇਰੁਜ਼ਗਾਰ ਅਧਿਆਪਕ ਫਰੰਟ ਦੇ ਸੂਬਾ ਆਗੂ ਤੇਜਿੰਦਰ ਸਿੰਘ ਨੇ ਵੀ ਰੁਜ਼ਗਾਰਾਂ ਲਈ ਭਟਕਾਏ ਜਾ ਰਹੇ ਨੌਜਵਾਨਾਂ ਨੂੰ ਇਸ ਲਾਮਬੰਦੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਮਾੜੇ ਹਾਲਾਤਾਂ ਲਈ ਚੰਗੇ ਲੋਕਾਂ ਦੀ ਚੁੱਪ ਵੀ ਜਿੰਮੇਵਾਰ ਹੈ ।
ਇਸ ਮੌਕੇ ਲੋਕ ਅਧਿਕਾਰ ਲਹਿਰ ਦੇ ਮੈਂਬਰ ਸੇਵਾ ਮੁਕਤ ਪ੍ਰਿੰਸੀਪਲ ਹਰਬੰਸ ਸਿੰਘ ਸਿੱਧੂ, ਸੇਵਾ ਮੁਕਤ ਚੀਫ ਇੰਜਨੀਅਰ ਕਰਨੈਲ ਸਿੰਘ ਮਾਨ, ਦਰਸ਼ਨ ਸਿੰਘ ਭੁੱਲਰ, ਗੁਰਪਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਖਮੰਦਰ ਸਿੰਘ, ਜਗਸੀਰ ਸਿੰਘ, ਰਣਦੀਪ ਸਿੰਘ, ਗਗਨਦੀਪ ਸਿੰਘ, ਸੁਖਜਿੰਦਰ ਸਿੰਘ, ਗੁਰਪਿਆਰ ਸਿੰਘ ਅਤੇ ਗੁਰਤੇਜ ਸਿੰਘ ਵੀ ਹਾਜ਼ਰ ਸਨ।