
ਨਿੰਦਰ ਘੁਗਿਆਣਵੀ
6 ਜੂਨ ਨੇੜੇ ਆ ਰਿਹਾ ਸੀ, ਪਿਤਾ ਜੀ ਦੇ ਇਸ ਦੁਨੀਆ ਉਤੋਂ ਚਲੇ ਜਾਣ ਦਾ ਦਿਨ। ਸੋਚ ਰਿਹਾ ਸਾਂ ਕਿ ਕਿੰਨਾ ਬੇਭਾਗਾ ਹਾਂ ਮੈਂ ਕਿ ਆਪਣੇ ਪਿਤਾ ਨਾਲ ਇਕ ਵੀ ਤਸਵੀਰ ਨਹੀਂ ਹੈ ਮੇਰੀ। ਦੁਨੀਆਂ ਭਰ ਦੇ ਲੋਕਾਂ ਨਾਲ ਤਾਂ ਤਸਵੀਰਾਂ ਹਨ ਪਰ ਮੇਰੇ ਪਿਤਾ ਨਾਲ ਨਹੀਂ ਹੈ ਮੇਰੀ ਫੋਟੂ। ਝੋਰਾ ਖਾਂਦਾ।
ਪਾਠਕ ਦੋਸਤੋ, ਸੱਚ ਤਾਂ ਇਹ ਹੈ ਕਿ ਮੈਂ ਆਪਣੇ ਘਰ ਦੇ ਕਿਸੇ ਜੀਅ ਨਾਲ ਫੋਟੋ ਖਿਚਵਾਉਣ ਤੋਂ ਹਮੇਸ਼ਾ ਭੈਅ ਖਾਂਦਾ ਰਿਹਾ ਹਾਂ ਪਤਾ ਨਹੀਂ ਕਿਓਂ? ਜਾਂ ਸ਼ਾਇਦ ਸਾਡੇ ਮਲਵੱਈ ਪੇਂਡੂ ਸਭਿਆਚਾਰ ਵਿਚ ਫੋਟੋ ਕਲਚਰ ਓਨਾ ਵਿਕਸਤ ਨਹੀਂ ਸੀ ਹੋਇਆ ਤੇ ਫੋਟੋਆਂ ਖਿਚਵਾਉਣ ਦਾ ਆਮ ਰਿਵਾਜ ਨਹੀਂ ਸੀ।ਕਦੇ ੳਦੇ ਕਿਸੇ ਖਾਸ ਮੌਕੇ ਉਤੇ ਨੇੜਲੇ ਸ਼ਹਿਰੋਂ ਫੋਟੋਗ੍ਰਾਫ਼ਰ ਬੁਲਾਇਆ ਜਾਂਦਾ ਤੇ ਆਏ ਫੋਟੋਗ੍ਰਾਫ਼ਰ ਵੱਲ ਹਰ ਕੋਈ ਬੜੀ ਉਤਸੁਕਤਾ ਨਾਲ ਵੇਖਦਾ। ਫੋਟੋਗ੍ਰਾਫ਼ਰ ਦੇ ਗਲ ਵਿਚ ਪਾਏ ਕੈਮਰੇ ਨੂੰ ਬੜੀ ਗਹੁ ਨਾਲ ਨਿਹਾਰਦੇ ਲੋਕ! ਮੈਨੂੰ ਚੇਤੇ ਹੈ ਕਿ ਜਦ ਕਿਸੇ ਦੇ ਵਿਆਹ ਦੀ ਬਲੈਕ ਐਂਡ ਵਾਈਟ ਐਲਬਮ ਬਣ ਕੇ ਆਉਣੀ ਤੇਂ ਜਿਸ ਮੇਲੀ ਦੀਆਂ ਉਹਦੇ ਵਿਚ ਬਹੁਤੀਆਂ ਫੋਟੂਆਂ ਹੋਣੀਆਂ ਤਾਂ ਆਮ ਕਹਿੰਦੇ ਸਨ ਕਿ ਫਲਾਣਾ ਸਾਡੇ ਵਿਆਹ ਵਿਚ ਮੂਹਰੇ ਹੋ ਹੋ ਕੇ ਐਨੀਆਂ ਫੋਟੂ ਖਿਚਵਾ ਗਿਆ ਏ, ਜਿੰਨੀਆਂ ਸਾਡੇ ਸਾਰੇ ਟੱਬਰ ਦੀਆਂ ਨਹੀਂ ਖਿਚੀਆਂ ਗਈਆਂ ਨੇ, ਅਸੀਂ ਵੀ ਏਹਨਾਂ ਦੇ ਵਿਆਹ ‘ਚ ਏਵੇਂ ਈ ਕਰਾਂਗੇ, ਇਹੋ ਜਿਹੇ ਵੇਲੇ ਸਨ ਮੇਰੇ ਬਚਪਨ ਦੇ। ਖੈਰ!
ਅੱਗੇ ਪੜੋ ਕਿ ਆਪਣੇ ਪਿਤਾ ਨਾਲ ਮੈਂ ਫੋਟੋ ਇਸ ਕਰਕੇ ਵੀ ਨਾ ਖਿਚਵਾਈ ਕਿ ਓਹ ਸ਼ਾਇਦ ਇਹ ਹੀ ਨਾ ਸੋਚਣ ਕਿ ਕੀ ਗੱਲ ਹੈ ਕਿ ਏਹਨੂੰ ਮੇਰੇ ਨਾਲ ਫੋਟੂ ਖਿਚਵਾਉਣ ਦੀ ਕਾਹਲ ਕਾਹਦੀ ਪਈ ਹੋਈ ਹੈ? ਮੈਂ ਤਾਂ ਹਾਲੇ ਜੀਣਾ ਹੈ! ਚੰਗਾ ਭਲਾ ਹਾਂ ਮੈਂ ਤਾਂ ਹਾਲੇ। ਬਹੁਤੀ ਵਾਰ ਲੋਕ ਖੁਸ਼ੀ ਦੇ ਮੌਕੇ ਦੇ ਨਾਲ ਨਾਲ ਉਦੋਂ ਈ ਫੋਟੋਗ੍ਰਾਫ਼ਰ ਬੁਲਾਉਂਦੇ ਜਦ ਘਰ ਦਾ ਕੋਈ ਜੀਅ ਮਰਨ ਵਾਲਾ ਹੁੰਦਾ ਤੇ ਉਹਦੇ ਨਾਲ ਯਾਦਗਾਰੀ ਤਸਵੀਰਾਂ ਖਿੱਚ ਕੇ ਤੇ ਫਿਰ ਫਰੇਮ ਕਰਵਾ ਕੇ ਨਿਸ਼ਾਨੀ ਰੱਖੀ ਜਾਂਦੀ ਸੀ। ਉਹ ਵੇਲੇ ਬੀਤ ਗਏ ਪਰੰਤੂ ਇਹੋ ਜਿਹੇ ਭਾਵ ਮੈਂ ਆਪੇ ਈ ਸਿਰਜ ਬੈਠਾ ਸਾਂ ਤੇ ਇਸੇ ਕਾਰਣ ਹੁਣ ਤੀਕ ਮੇਰੀ ਫੋਟੋ ਆਪਣੇ ਘਰ ਦੇ ਜੀਆਂ ਨਾਲ ਘੱਟ ਈ ਲੱਭਦੀ ਹੈ। ਸਾਡੇ ਘਰਾਂ ਵਿਚ ਇਕ ਦੂਸਰੇ ਨਾਲ ਫੋਟੋਆਂ ਖਿਚਣ ਖਿਚਵਾਉਣ ਦਾ ਸੁਭਾਓ ਜਿਹਾ ਬਣਿਆ ਹੀ ਨਹੀਂ ਪਹਿਲਾਂ ਤੋਂ ਹੀ।
ਹੁਣ ਮੈਂ ਜਦ ਕਦੇ ਕਿਸੇ ਵੱਡੇ ਵਡੇਰੇ ਕਲਾਕਾਰ ਜਾਂ ਮਹਾਨ ਸ਼ਖਸੀਅਤ ਦੀ ਜੀਵਨੀ ਪੜਦਾ ਹਾਂ ਜਾਂ ਉਨਾ ਉਤੇ ਬਣੀ ਕੋਈ ਫਿਲਮ ਦੇਖਦਾ ਹਾਂ ਤਾਂ ਸਭਨਾ ਦੀਆਂ ਆਪਣੇ ਪੂਰਵਜਾਂ ਜਾਂ ਪਰਿਵਾਰਾਂ ਨਾਲ ਦੁਰਲੱਭ ਤਸਵੀਰਾਂ ਤੱਕਦਿਆਂ ਆਨੰਦ ਆਨੰਦ ਹੋ ਜਾਂਦਾ ਹਾਂ। ਸਮਿਆਂ ਦੇ ਸਮੇਂ ਅੱਖਾਂ ਮੂਹਰਦੀ ਘੁੰਮੀ ਜਾਂਦੇ ਨੇ ਕਿਸੇ ਸੁਨੱਖੀ ਫਿਲਮ ਦੀ ਤਰਾਂ।
****
2012 ਦਾ ਸਾਲ ਸੀ ਤੇ ਜੂਨ ਛੇ। ਪਿਤਾ ਜੀ ਨੂੰ ਸਿਵਿਆਂ ਵੱਲ ਤੋਰਿਆ ਸੀ। ਹੁਣ ਗੱਲ 3 ਜੂਨ ਦੀ ਹੈ। ਸੋਚੀ ਜਾਵਾਂ ਤੇ ਝੁਰਾਂ ਵੀ ਕਿ ਆਪਣੇ ਬਾਬਲ ਨਾਲ ਕਦੇ ਫੋਟੋ ਕਿਓਂ ਨਾ ਖਿਚਵਾਈ ਨਿੰਦਰ ਕਾਫਰਾ! ਏਨੇ ਮੌਕੇ ਆਏ। ਏਨੇ ਕੈਮਰੇ ਵੀ ਘੁੰਮ ਘੁੰਮ ਲਿਸ਼ਕਦੇ ਰਹੇ ਆਲ ਦੁਆਲੇ? ਜਦ ਕੋਈ ਮਿਤਰ ਪਿਆਰਾ ਆਪਣੇ ਪਿਓ ਨੂੰ ਯਾਦ ਕਰਦਿਆਂ ਫੇਸ ਬੁਕ ਵਗੈਰਾ ਉਤੇ ਫੋਟੋ ਪਾਉਂਦਾ, ਤਾਂ ਬੜਾ ਚੰਗਾ ਚੰਗਾ ਲਗਦਾ ਪਰ ਮੈਂ ਆਪਣੇ ਆਪ ਨੂੰ ਮਾੜਾ ਮਾੜਾ ਸਮਝਦਾ।
ਪਰਸੋਂ ਆਥਣ ਵੇਲੇ ਕੋਟ ਭਾਈ ਵਾਲਾ ਭੂਆ ਦਾ ਮੁੰਡਾ ਰਾਜਾ ਦੁੱਗਲ ਚੈਟ ਕਰ ਰਿਹਾ ਵੈਟਸ ਐਪ ਉਤੇ। ਇਕ ਫੋਟੋ ਭੇਜਦਾ ਹੈ, ਮੇਰੀ ਮੇਰੇ ਪਿਤਾ ਨਾਲ।
(ਜੋ ਸਾਂਝੀ ਕੀਤੀ ਹੈ ਆਪ ਨਾਲ) ਫੋਟੋ ਦੇਖਕੇ ਇਕ ਪਲ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਤੇ ਦੂਸਰੇ ਪਲ ਅੱਖਾਂ ਭਰ ਆਈਆਂ। ਕਮਾਲ ਹੋ ਗਈ। ਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਫੋਟੋ ਕਿਥੋਂ ਦੀ ਹੈ। ਭੂਆ ਦੇ ਮੁੰਡੇ ਨੇ ਦੱਸਿਆ ਕਿ ਉਸਦੀ ਭੈਣ ਦੇ ਵਿਆਹ ਦੀ ਸਤਾਰਾਂ ਸਾਲ ਪਹਿਲੇ ਦੀ। ਉਸਨੇ ਕਿਹਾ ਕਿ ਜਦੋਂ ਏਹ ਫੋਟੋ ਖਿੱਚੀ ਸੀ ਤਾਂ ਮੈਂ ਕੋਲ ਈ ਖੜਾ ਸੀ। ਮਾਮੇ ਨੇ ਆਪ ਥੋਨੂੰ ਕਿਹਾ ਸੀ ਕਿ ਨਿੰਦਰਾ, ਆ ਐਧਰ ਖੜ ਮੇਰੇ ਕੋਲ ਆਪਾਂ ਵੀ ਫੋਟੂ ਖਿਚਾਈਏ ਪਿਓ ਪੁੱਤ! ਭੂਆ ਦੇ ਮੁੰਡੇ ਤੋਂ ਗੱਲ ਸੁਣਦਿਆਂ ਮੇਰੀਆਂ ਅੱਖਾਂ ਨਮ ਹਨ। ਡਾਇਰੀਨਾਮਾ ਲਿਖਦਿਆਂ ਫੋਟੋ ਵੱਲ ਦੇਖ ਰਿਹਾ ਹਾਂ।