6.7 C
United Kingdom
Sunday, April 20, 2025

More

    ਜ਼ਿੰਦਗੀ ਦੀ ਬਾਜ਼ੀ ਹਾਰ ਲੋਕ ਗਾਇਕ ਬਲਬੀਰ ਤੱਖੀ ਨਾਮੀ ਪ੍ਰਦੇਸੀ ਸੱਚਮੁੱਚ ਤੁਰ ਗਿਆ

    5 ਜੂਨ ਨੂੰ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
    ਹੁਸ਼ਿਆਰਪੁਰ (ਫਿਲਮ ਤੇ ਸੰਗੀਤ ਨਿਊਜ਼ ਡੈਸਕ) -ਪੰਜਾਬੀ ਸੰਗੀਤ ਜਗਤ ਵਿਚ ਸਾਲ 2021 ਅਜੇ ਮੱਧ ਵਿੱਚ ਹੀ ਹੈ । ਪਰ ਇਹ ਚੜ੍ਹਦਾ ਹੀ ਬਹੁਤ ਵਿਸ਼ਵ ਪ੍ਰਸਿੱਧ ਫਨਕਾਰਾਂ ਨੂੰ ਨਿਗਲ ਗਿਆ ਹੈ ‌। ਇਹਨਾਂ ਦੇ ਵਿਹੜਿਆਂ ਵਿਚੋਂ ਜਿਥੋਂ ਸੁਰਮਈ ਸੰਗੀਤ ਦੀਆਂ ਧੁਨਾਂ ਅਤੇ ਸੁਰੀਲੀਆਂ ਅਵਾਜ਼ਾਂ ਸੁਣਦੀਆਂ ਸਨ । ਹੁਣ ਕਿਸੇ ਨਾ ਕਿਸੇ ਪਾਸਿਉਂ ‌ਵੈਣ ਕੀਰਨਿਆਂ ਦੀਆਂ ਦਿਲ ਚੀਰਵੀਆਂ ਡਰਾੳਣੀਆਂ ਚਿੰਤਾ ਜਨਕ ਅਤੇ ਅੰਬਰ ਪਾੜਵੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ । ਹਰ ਰੋਜ਼ ਕਿਸੇ ਨਾ ਕਿਸੇ ਪਾਸਿਉਂ ਅਜਿਹੀ ਕੁਲੱਖਣੀ ਖਬਰ ਆ ਹੀ ਜਾਂਦੀ ਹੈ । ਜਿਸ ਲਈ ਵਰਤੇ ਜਾਣ ਵਾਲੇ ਦੁੱਖ ਭਰੇ ਅਫਸੋਸ ਜਨਕ ਸ਼ਬਦ ਬੌਨੇ ਨਜ਼ਰ ਆਉਂਦੇ ਹਨ । ਪਿਛਲੇ ਦਿਨੀਂ ਪੰਜਾਬ ਦਾ ਬਹੁਤ ਸੁਰੀਲਾ ਮਾਣਮੱਤਾ ਗੌਰਵਮਈ ਗਾਇਕ ਸ਼੍ਰੀ ਬਲਵੀਰ ਤੱਖੀ ਜੀ ਬਿਮਾਰੀ ਨਾਲ ਦੋ ਹੱਥ ਕਰਦਾ ਹੋਇਆ , ਜਿੰਦਗੀ ਦੀ ਬਾਜ਼ੀ ਹਾਰ ਗਿਆ । ਇਸ ਫਨਕਾਰ ਨੇ ਅਨੇਕਾਂ ਗੀਤਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਹੈ । ਪਰ ਵਡੇਰੀ ਸਦਾਬਹਾਰ ਪਹਿਚਾਣ ” ਅਜੇ ਰੱਜ ਰੱਜ ਗੱਲਾਂ ਕੀਤੀਆਂ ਨਾਂ, ਪਰਦੇਸੀ ਤੁਰ ਚੱਲਿਆ ” ਨਾਲ ਹੋਈ । ਜਿਸ ਨਾਲ ਓਸਨੇ ਪੰਜਾਬੀ ਸੰਗੀਤ ਜਗਤ ਵਿਚ ਵਿਸ਼ਵ ਪੱਧਰੀ ਮਕਬੂਲੀਅਤ ਹਾਸਲ ਕੀਤੀ । ਗੀਤ ਤਾਂ ਇਸਦੇ ਹੋਰ ਵੀ ਦਿਲਾਂ ਨੂੰ ਥੰਮ੍ਹੀਆਂ ਦੇਣ ਵਾਲੇ ਹਨ । ਜਿਨ੍ਹਾਂ ਵਿਚ ” ਨਿਕੇ ਜਿਹੇ ਪਾਸਪੋਰਟ ਨੇ ਲੰਮੀ ਰੱਬਾ ਵੇ ਜੁਦਾਈ ਬੜੀ ਪਾਈ ” ,” ਤੇਰਿਆਂ ਦੁੱਖਾਂ ਦੇ ਮਾਰੇ ” ਅਤੇ ” ਕਦੇ ਦਿਲ ਰੋਵੇ, ਕਦੇ ਦਿਲ ਤੜਫੇ ” ਜ਼ਿਕਰਯੋਗ ਹਨ । ਨਾਮਵਰ ਫਿਲਮ ਨਿਰਦੇਸ਼ਕ ਨਰੇਸ਼ ਐਸ ਗਰਗ ਦੀ ਨਿਰਦੇਸ਼ਨਾ ਹੇਠ ਬਣੀਆਂ ਟੈਲੀਫਿਲਮਾਂ ਅਤੇ ਮਲਟੀ ਐਲਬਮਾਂ ਵਿਚ ਆਪਣੀ ਵਿਲੱਖਣ ਕਲਾ ਦੀ ਅਮਿੱਟ ਛਾਪ ਛੱਡੀ ਹੈ । ਇਸ ਹੋਣਹਾਰ ਬੁਹਪੱਖੀ ਸ਼ਖ਼ਸੀਅਤ ਨੌਜਵਾਨ ਫਨਕਾਰ ਨੇ ਅਜੇ ਬਹੁਤ ਵਡੇਰੀਆ ਮੰਜ਼ਿਲਾਂ ਤੇ ਪੁਹੰਚ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨੀ ਸੀ । ਆਪਣੀ ਕਲਾ ਦੇ ਦਮ ਤੇ ਆਪਣੇ ਪਿੰਡ ਘੁਕਰੋਵਾਲ ਦਾ ਨਾਮ ਵਿਸ਼ਵ ਦੇ ਨਕਸ਼ੇ ਤੇ ਚਮਕਾਉਣਾ ਸੀ । ਕੁਲੱਖਣੀ ਮੌਤ ਨੇ ਵਕਤ ਤੋਂ ਪਹਿਲਾਂ ਹੀ ਓਸਨੂੰ ਸਾਥੋਂ ਖੋਹ ਲਿਆ । ਕੁਦਰਤ ਨੇ ਪੰਜਾਬੀ ਸੰਗੀਤ ਜਗਤ ਵਿਚੋਂ ਇਕ ਵਡੇਰਾ ਨਗ ਚੁੱਗ ਲਿਆ । ਜਿਸ ਨੇ ਪੰਜਾਬੀ ਸਰੋਤਿਆਂ ਦੀਆਂ ਰੀਝਾਂ ਅਜੇ ਹੋਰ ਬਹੁਤ ਪੂਰੀਆਂ ਕਰਨੀਆਂ ਸਨ । ਇਸ ਦੇ ਨਾਲ ਹੀ ਸਾਰੀ ਕਬੀਲਦਾਰੀ ਵੀ ਇਸ ਦੇ ਮੋਢਿਆਂ ਉਪਰ ਹੀਸੀ । ਉਸਨੇ ਆਪਣੇ ਪ੍ਰੀਵਾਰ ਦੇ ਜ਼ਿੰਮੇਵਾਰੀ ਦੇ ਫਰਜ਼ ਵੀ ਨਿਭਾਉਣੇ ਸਨ । ਪ੍ਰੀਵਾਰ ਦਾ ਮੁੱਖ ਕਮਾਉ ਬੰਦਾ ਹਮੇਸ਼ਾ ਲਈ ਚਲਾ ਗਿਆ । ਦੂਨੀਆਂ ਦੇ ਭਾਵੇਂ ਕੰਮ ਕਦੇ ਰੁਕਦੇ ਨਹੀਂ, ਪਰ ਆਰਥਿਕ ਪੱਖੋਂ ਕਮਜ਼ੋਰ ਹੋ ਜਾਣ ਵਾਲੇ ਪ੍ਰੀਵਾਰ ਨਵੀਂ ਤਕਨੀਕੀ ਸਿੱਖਿਆ ਤੇ ਵਾਂਝੇ ਰਹਿ ਜਾਂਦੇ ਹਨ । ਉਹਨਾਂ ਲਈ ਸਮਕਾਲੀ ਰਫ਼ਤਾਰ ਵਿੱਚ ਖੜੋਤ ਆਉਣਾ ਸੁਭਾਵਿਕ ਹੈ । ਮੈਨੂੰ ਮੇਰੇ ਬਹੁਤ ਪਰਮ ਪਿਆਰੇ ਮਿੱਤਰ ਸਭਿਆਚਾਰ ਅਤੇ ਸਮਾਜ ਸੇਵੀ ਸਤਿਕਾਰਯੋਗ ਸ਼੍ਰੀ ਕੁਲਦੀਪ ਚੁੰਬਰ ਜੀ ਸ਼ਾਮ ਚੁਰਾਸੀ ਵਾਲਿਆਂ ਅਤੇ ਵਿਸ਼ਵ ਪ੍ਰਸਿੱਧ ਪੇਸ਼ਕਾਰ ਅਤੇ ਬੁੱਧੀਜੀਵੀ ਵਿਦਵਾਨ ਸਭਿਆਚਾਰ ਸ਼ਖ਼ਸੀਅਤ ਸਤਿਕਾਰਯੋਗ ਸ਼੍ਰੀ ਤਰਲੋਚਨ ਲੋਚੀ ਜੀ ਸ਼ਾਮ ਚੁਰਾਸੀ ਵਾਲਿਆਂ ਤੋਂ ਪਤਾ ਲੱਗਾ ਹੈ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਮਿਤੀ 5 ਜੂਨ 2021 ਨੂੰ ਪਿੰਡ ਘੁਕਰੋਵਾਲ ਨੇੜੇ (ਚੱਬੇਵਾਲ) ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਾਇਆ ਜਾਵੇਗਾ । ਇਸ ਅਟੱਲ ਕੜਵੀ ਸਚਾਈ ਅੱਗੇ ਸਿਰ ਝੁਕਾਉਦਾ ਹੋਇਆ , ਇਸ ਸੁਰੀਲੇ ਫਨਕਾਰ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਾ ਹੋਇਆ ਪਿਛੇ ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦੀ ਵਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ।

    ਧੰਨਵਾਦ – ਸ਼੍ਰੀ ਸੁਰਿੰਦਰ ਸੇਠੀ ਲੁਧਿਆਣਾ 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!