ਪਰਦੇਸਾਂ ਵਿੱਚ ਰਹਿਕੇ ਵੀ ਮਾਂ ਬੋਲੀ ਦੀ ਖੁਸ਼ਬੂ ਬਰਕਰਾਰ ਰੱਖਣ ਦਾ ਗੁਣ ਹਰ ਕਿਸੇ ਕੋਲ ਨਹੀਂ ਹੁੰਦਾ । ਜਿਆਦਾਤਰ ਲੋਕ ਵਿਦੇਸ਼ਾਂ ਦੀ ਚਕਾ ਚੌਂਧ ਵਿੱਚ ਆਪਣੀ ਮਾਂ ਬੋਲੀ ਤੇ ਵਿਰਾਸਤ ਨੂੰ ਭੁੱਲਣ ਵਿੱਚ ਸਮਾਂ ਨਹੀਂ ਲਾਉਂਦੇ । ਪਰ ਕਈ ਪੰਜਾਬੀ ਦੇ ਮਾਣਮੱਤੇ ਪੁੱਤਰ ਅਜਿਹੇ ਕੰਮ ਕਰ ਰਹੇ ਹਨ ਕਿ ਨਾ ਸਿਰਫ ਪੰਜਾਬੀ ਦੇ ਬੂਟੇ ਲਾ ਰਹੇ ਹਨ ਬਲਕਿ ਉਹਨਾਂ ਦੀਆਂ ਜੜਾਂ ਨੂੰ ਸਿੰਜ਼ ਕੇ ਵਿਸ਼ਾਲ ਦਰੱਖਤ ਦਾ ਰੂਪ ਦੇ ਰਹੇ ਹਨ । ਜਿਸਦਾ ਫਲ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਨਾਲ ਜੋੜਨ ਦਾ ਕੰਮ ਕਰੇਗਾ। ਮੇਰੀ ਮੁਰਾਦ ਹੈ ਜੀ ਸਰਦਾਰ ਅਜੈਬ ਸਿੰਘ ਚੱਠਾ ਜੀ ਤੋਂ , ਜੋ ਇਸ ਬਾਗ਼ ਦੇ ਮਾਲੀ ਹਨ । ਜਿੰਨਾ ਨੇ ਕੈਨੇਡਾ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਵੀ ਪੰਜਾਬੀ ਨੂੰ ਨਹੀਂ ਵਿਸਾਰਿਆ ਬਲਕਿ ਪੰਜਾਬੀਅਤ ਨੂੰ ਮਜ਼ਬੂਤੀ ਦੇ ਨਾਲ ਚਮਕਾਇਆ ।
ਸਰਦਾਰ ਅਜੈਬ ਸਿੰਘ ਚੱਠਾ ਹੋਰਾਂ ਦਾ ਜਨਮ 1957 ਵਿੱਚ ਸ਼ਾਹਕੋਟ, ਨੇੜੇ ਜਲੰਧਰ ਵਿਖੇ ਜੱਟ ਪਰਿਵਾਰ ਵਿਚ ਹੋਇਆ ਸੀ। ਇਹਨਾਂ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਚੱਠਾ ਮੰਨੇ ਹੋਏ ਪਹਿਲਵਾਨ ਸਨ । ਇਹਨਾਂ ਨੇ ਮੁੱਢਲੀ ਵਿੱਦਿਆ ਸ਼ਾਹਕੋਟ ਤੇ ਫਿਰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ ਅਗਲੀ ਪੜ੍ਹਾਈ ਕੀਤੀ । ਆਪ ਜੀ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਹੁਤ ਅੱਗੇ ਸਨ । ਕਾਲਜ ਵਿੱਚ ਜਾਂਦੇ ਹੀ ਕਬੱਡੀ ਟੀਮ ਦੇ ਮੈਂਬਰ ਤੇ ਫਿਰ ਕਪਤਾਨ ਬਣ ਗਏ । ਇਸੇ ਸਾਲ ਕਾਲਜ ਨੇ ਚੋਥੀ ਵਾਰ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਜਿੱਤੀ । ਆਪਣੀ ਖੇਡ ਲਿਆਕਤ ਦੇ ਬਲ ਤੇ ਲਗਾਤਾਰ ਚਾਰ ਵਾਰ ਕਾਲਜ ਦੇ ਬੈਸਟ ਅਥਲੀਟ ਰਹੇ । ਜਿਸਦਾ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਸਕਿਆ । ਇਥੋਂ ਤੱਕ ਕਿ ਕਬੱਡੀ ਦੇ ਬੈਸਟ ਸਟਾਪਰ ਵੀ ਰਹੇ ।
1981 ਵਿੱਚ ਲਾਅ ਦੀ ਪੜ੍ਹਾਈ ਪੂਰੀ ਕਰਕੇ ਸਰਦਾਰ ਚੱਠਾ ਨੇ ਵਕਾਲਤ ਸ਼ੁਰੂ ਕਰ ਦਿੱਤੀ । ਇਥੇ ਉਹਨਾਂ ਨੇ ਆਪਣੇ ਗੁਰੂ ਨਕੋਦਰ ਦੇ ਪ੍ਰਸਿੱਧ ਵਕੀਲ ਸਰਦਾਰ ਸੁਖਦੇਵ ਸਿੰਘ ਸੰਧੂ ਕੋਲੋਂ ਕਨੂੰਨੀ ਦਾਅ ਪੇਚ ਸਿੱਖੇ । ਜਿੰਨਾ ਦੇ ਉਹ ਅੱਜ ਵੀ ਧੰਨਵਾਦੀ ਹਨ ।
1990 ਵਿੱਚ ਸਰਦਾਰ ਅਜੈਬ ਸਿੰਘ ਚੱਠਾ ਅਮਰੀਕਾ ਚਲੇ ਗਏ । ਕੁਝ ਸਮਾਂ ਅਮਰੀਕਾ ਰਹਿਣ ਪਿੱਛੋਂ ਉਹਨਾਂ ਨੇ ਕੈਨੇਡਾ ਜਾਣ ਦਾ ਮਨ ਬਣਾਇਆ ਤੇ ਫਿਰ ਕਨੇਡਾ ਨੂੰ ਚਾਲੇ ਪਾਏ । ਇਥੇ ਲਾਅ ਦੀ ਪੜ੍ਹਾਈ ਹੋਰ ਕੀਤੀ ਤੇ ਬਰਿਸਟਰ ਤੇ ਫਿਰ ਸੋਲਿਸਟਰ ਦੀ ਪਦਵੀ ਹਾਸਿਲ ਕੀਤੀ । ਤੇ ਨਾਲ ਹੀ ਪ੍ਰਕਟਿਸ ਸ਼ੁਰੂ ਕਰ ਦਿੱਤੀ । ਉਹ ਕੈਨੇਡਾ ਦੇ ਮੰਨੇ ਹੋਏ ਵਕੀਲ ਬਣ ਗਏ ।
ਪੰਜਾਬੀ ਨਾਲ ਅਥਾਹ ਪਿਆਰ ਹੋਣ ਕਰਕੇ ਚੱਠਾ ਸਾਹਿਬ ਇੱਕ ਸੰਸਥਾ ,ਪੰਜਾਬੀ ਬਿਜ਼ਨਸ ਪ੍ਰੋਫੈਸਨਲ ਐਸੋਸੀਏਸ਼ਨ , ਨਾਮ ਦੀ ਸੰਸਥਾ ਬਣਾਕੇ ਉਸ ਰਾਹੀਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਹਿਤ ਕਾਰਜ ਕਰਨ ਲੱਗੇ । 2009 ਵਿੱਚ ਸਰਦਾਰ ਅਜੈਬ ਸਿੰਘ ਚੱਠਾ ਦੇ ਯਤਨਾਂ ਨਾਲ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਕੀਤੀ ਗਈ । ਉਸ ਤੋਂ ਬਾਅਦ ਲਗਾਤਾਰ ਹਰ ਦੋ ਸਾਲ ਵਿੱਚ ਇਹ ਕਾਨਫਰੰਸ ਕਾਮਯਾਬੀ ਨਾਲ ਸਿਰੇ ਚਾੜ੍ਹੀ ਜਾ ਰਹੀ ਹੈ। ਅਮਰੀਕਾ ,ਕਨੇਡਾ, ਆਸਟ੍ਰੇਲੀਆ, ਭਾਰਤ , ਪਾਕਿਸਤਾਨ ਉਹਨਾਂ ਦਾ ਅਕਸਰ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ । ਦੁਨੀਆਂ ਵਿੱਚ ਜਿੱਥੇ ਵੀ ਪੰਜਾਬੀ ਦਾ ਜਿਕਰ ਹੋਵੇ , ਉਥੇ ਹੀ ਸਰਦਾਰ ਅਜੈਬ ਸਿੰਘ ਚੱਠਾ ਦਾ ਜਿਕਰ ਹੋਣਾ ਲਾਜ਼ਮੀ ਹੈ । ਪੂਰੇ ਅਨੁਸ਼ਾਸ਼ਿਤ ਤਰੀਕੇ ਨਾਲ ਕਾਨਫਰੰਸਾਂ ਨੂੰ ਸਿਰੇ ਚਾੜ੍ਹਨ ਦਾ ਤਰੀਕਾ ਸਰਦਾਰ ਚੱਠਾ ਹੋਰਾਂ ਦੀ ਖਾਸੀਅਤ ਹੈ । ਉਹਨਾਂ ਦੀ ਧਰਮ ਪਤਨੀ ਤੇ ਬੱਚੇ ਹਰ ਥਾਂ ਉਹਨਾਂ ਦਾ ਸਾਥ ਦਿੰਦੇ ਹਨ । ਉਹਨਾਂ ਨੂੰ ਸਰਦਾਰ ਚੱਠਾ ਦੇ ਕੰਮਾਂ ਉਤੇ ਬਹੁਤ ਫ਼ਖ਼ਰ ਹੈ । ਚੱਠਾ ਸਾਹਿਬ ਬਹੁਤ ਹਸਮੁੱਖ ਤੇ ਸੱਚ ਬੋਲਣ ਵਾਲੇ ਇਨਸਾਨ ਹਨ । ਉਹ ਕਿਸੇ ਦੇ ਖਿਲਾਫ ਕਦੇ ਨਹੀਂ ਬੋਲਦੇ ਤੇ ਨਾ ਸੁਣਦੇ ਹਨ । ਉਹਨਾਂ ਨੂੰ ਗੁਣਵਾਨ ਲੋਕਾਂ ਨੂੰ ਆਪਣੀ ਸੁੱਚੀ ਮਾਲਾ ਵਿਚ ਪਿਰੋਣ ਦਾ ਹੁਨਰ ਹੈ । ਮੈ ਵੀ ਸਰਦਾਰ ਅਜੈਬ ਸਿੰਘ ਚੱਠਾ ਹੋਰਾਂ ਲਈ ਰੱਬ ਕੋਲੋ ਲੰਬੀ ਉਮਰ ਤੇ ਤੰਦਰੁਸਤੀ ਦੀਆਂ ਦੁਆਵਾਂ ਮੰਗਦੀ ਹਾਂ । ਰੱਬ ਕਰੇ ਪੰਜਾਬੀ ਬੋਲੀ ਦਾ ਇਹ ਲਾਲ ਹਮੇਸ਼ਾ ਚਮਕਦਾ ਰਹੇ । ਆਮੀਨ
ਰਾਜਨਦੀਪ ਕੌਰ ਮਾਨ
☎️6239326166