3.5 C
United Kingdom
Sunday, March 8, 2026

More

    ਉੱਘੇ ਸ਼ਾਇਰ ਤੇ ਗੀਤਕਾਰ ਗੁਰਚਰਨ ਸਿੰਘ ਬੋਪਾਰਾਏ ਨੂੰ ਸ਼ਰਧਾਂਜਲੀ

    ਚੰਡੀਗੜ੍ਹ: ਉੱਘੇ ਸ਼ਾਇਰ ਤੇ ਗੀਤਕਾਰ ਗੁਰਚਰਨ ਸਿੰਘ ਬੋਪਾਰਾਏ ਦੇ ਵਿਛੋੜੇ ਉੱਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸ੍ਰ: ਬੋਪਾਰਾਏ ਕਾਵਿ ਤੇ ਗੀਤ ਕਲਾ ਨੂੰ ਸਮਰਪਿਤ ਸ਼ਖਸੀਅਤ ਸਨ ਤੇ ਉਹਨਾਂ ਵੱਲੋਂ ਆਪਣੇ ਸਾਥੀ ਮਿੱਤਰ ਸਵਰਨ ਸਿੰਘ ਨਾਲ ਮਿਲ ਕੇ ਸਾਹਿਤਕ ਸਮਾਗਮਾਂ ਵਿੱਚ ਗਾਏ ਜਾਂਦੇ ਗੀਤ ਸਰੋਤਿਆਂ ਵੱਲੋਂ ਬੜੀ ਦਿਲਚਸਪੀ ਨਾਲ ਸੁਣੇ ਤੇ ਮਾਣੇ ਜਾਂਦੇ ਸਨ। ਡਾ. ਪਾਤਰ ਨੇ ਆਖਿਆ ਕਿ ਬੋਪਾਰਾਏ ਹੁਰਾਂ ਸਾਫ ਸੁਥਰੇ ਗੀਤਾਂ ਦੀ ਸਿਰਜਣਾ ਕਰਕੇ ਗੀਤਕਾਰੀ ਦਾ ਮਾਣ ਵਧਾਇਆ। ਉਹਨਾਂ ਬੋਪਾਰਾਏ ਜੀ ਦੀ ਕਾਵਿ ਪੁਸਤਕ ‘ਕੇਰਾਂ ਕਿਰਨਾਂ’ ਨੂੰ ਯਾਦਗਾਰੀ ਕਿਤਾਬ ਆਖਿਆ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਸ੍ਰ: ਗੁਰਚਰਨ ਸਿੰਘ ਬੋਪਾਰਾਏ ਦੇ ਤੁਰ ਜਾਣ ਨਾਲ ਹੁਣ ਚੰਡੀਗੜ੍ਹ ਦੀਆਂ ਸਾਹਿਤਕ ਤੇ ਸਸਭਿਆਚਾਰਕ ਮਹਿਫ਼ਿਲਾਂ ਇੱਕ ਸਮੱਰਥ ਗਾਇਕ ਭਰਾਵਾਂ ਦੀ ਜੋੜੀ ਤੋਂ ਵਾਂਝੀਆਂ ਹੋ ਗਈਆਂ ਹਨ। ਡਾ. ਯੋਗਰਾਜ ਨੇ ਦੱਸਿਆ ਕਿ ਗੁਰਚਰਨ ਬੋਪਾਰਾਏ ਬਚਪਨ ਤੋਂ ਸ਼ਾਇਰੀ ਕਰਦੇ ਤੇ ਗੀਤ ਰਚਦੇ ਆ ਰਹੇ ਸਨ। ਉਹਨਾਂ ਦੇ ਗੀਤ ਹਮੇਸ਼ਾ ਯਾਦ ਰਹਿਣਗੇ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਸ੍ਰ: ਬੋਪਾਰਾਏ ਨੂੰ ਯਾਦ ਕਰਦਿਆਂ ਆਖਿਆ ਕਿ ਉਹ ਮਿਲਾਪੜੇ ਸੁਭਾਅ ਦੇ ਮਾਲਕ ਤੇ ਹਲੀਮੀ ਵਾਲੇ ਸ਼ਾਇਰ ਸਨ। ਉਹਨਾਂ ਦੇ ਲਿਖੇ ਗੀਤਾਂ ਨੂੰ ਸੁਰਿੰਦਰ ਕੌਰ, ਅਮਰਜੀਤ ਗੁਰਦਾਸਪੁਰੀ, ਜਗਜੀਤ ਜੀਰਵੀ, ਰਜਿੰਦਰ ਰਾਜਨ, ਜਗਮੋਹਨ ਕੌਰ, ਗੁਰਮੀਤ ਬਾਵਾ ਤੇ ਹੰਸ ਰਾਜ ਹੰਸ ਨੇ ਵੀ ਗਾਇਆ। ਇਪਟਾ ਲਹਿਰ ਸਮੇਂ ਆਪ ਦੇ ਲਿਖੇ ਗੀਤ ਗੁਰਦਾਸਪੁਰੀ ਤੇ ਸੁਰਿੰਦਰ ਕੌਰ ਗਾ ਕੇ ਹਜਾਰਾਂ ਲੋਕਾਂ ਨੂੰ ਕੀਲਦੇ ਰਹੇ। ਡਾ. ਜੌਹਲ ਨੇ ਕਿਹਾ ਕਿ ਸ੍ਰ: ਬੋਪਾਰਾਏ ਫੁੱਟਬਾਲ ਦੇ ਵੀ ਚੰਗੇ ਖਿਡਾਰੀ ਸਨ ਤੇ ਆਵਾਜ ਵੀ ਉਹਨਾਂ ਦੀ ਸੁਰੀਲੀ ਸੀ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਬੋਪਾਰਾਏ ਜੀ ਨੂੰ ਯਾਦ ਕਰਦਿਆਂ ਆਖਿਆ ਕਿ ਉਹਨਾਂ ਦੇ ਲਿਖੇ ਗੀਤ, ‘ਕੀਹਨੂੰ ਵੇਖਕੇ ਸੰਧੂਰੀ ਹੋਈਆਂ ਅੰਬੀਆਂ, ਕੌਣ ਲੰਘੀ ਮੇਰੇ ਬਾਗ ਚੋਂ’ ਲੰਮਾ ਸਮਾਂ ਗੁਰਦਾਸਪੁਰੀ ਦੀ ਆਵਾਜ ਵਿਚ ਰੇਡੀਓ ਉੱਤੋਂ ਵਜਦਾ ਰਿਹਾ। ਉਹਨਾਂ ਦੇ ਰਚਿਤ ਹੋਰਨਾਂ ਗੀਤਾਂ ਵਿਚ ‘ਜਾਹ ਵੇ ਪਹਿਲਾਂ ਜੰਗ ਜਿਤਕੇ ਆ’, ਚੌੜੀ ਟੋਕਰੀ ਲੱਸੀ ਦਾ ਉਤੇ ਗੜਵਾ ਪੰਜਾਬੋ ਜੱਟੀ ਰੋਟੀਆਂ ਖੜੇ, ਮੈਨੂੰ ਤੋਰ ਮੁਕਲਾਵੇ ਅਮੜੀਏ, ਮੈਨੂੰ ਦੌਣੀ ਘੜਾਕੇ ਦਿੱਤੀ ਸੌਹਰਿਆਂ, ਨੀ ਸੂਰਜੇ ਦਾ ਨਗ ਜੜਿਆ,’ ਉਨਾ ਦੇ ਚਰਚਿਤ ਗੀਤਾਂ ‘ਚੋਂ ਹਨ। ਪੰਜਾਬ ਕਲਾ ਪਰਿਸ਼ਦ ਵਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਆਪਣੇ ਸਾਥੀ ਸਵਰਨ ਸਿੰਘ ਨਾਲ ਉਹ ਅਕਸਰ ਹੀ ਰੌਣਕ ਬਣਦੇ ਰਹੇ। ਅੱਜ ਪੰਜਾਬ ਕਲਾ ਪਰਿਸ਼ਦ ਉਹਨਾਂ ਦੇ ਵਿਛੋੜੇ ਉੱਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੈ।

    ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!