ਕਰਨ ਸਿੰਘ ਭੀਖੀ
ਮਾਨਸਾ, 18 ਅਪ੍ਰੈਲ

ਕਸਬਾ ਭੀਖੀ ਦੇ ਬੁਢਲਾਡਾ ਰੋਡ ਸਥਿਤ ਭੀਖੀ ਸਰਜੀਕੇਅਰ ਵਿੱਚ ਅਚਾਨਕ ਅੱਗ ਲੱਗ ਜਾਣ ਕਾਰਨ ਜਿੱਥੇ ਲੱਖਾਂ ਦੀ ਰੂੰ ਸੜ ਕੇ ਸੁਆਹ ਹੋ ਗਈ ਉੱਥੇ ਕੋਲ ਖੜ੍ਹੀ ਇਨੋਵਾ ਗੱਡੀ ਵੀ ਬੁਰੀ ਤਰ੍ਹਾਂ ਸੜ ਗਈ। ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮਾਲਕ ਰਿੰਕੂ ਜਿੰਦਲ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ ਦੋ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਜਦ ਉਨ੍ਹਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਅੱਗ ਨੇ ਰੂੱੰ ਦੀਆਂ ਗੱਠਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ ਅਤੇ ਕੋਲ ਖੜ੍ਹੀ ਇਨੋਵਾ ਗੱਡੀ ਵੀ ਸੜ ਕੇ ਸੁਆਹ ਹੋ ਚੁੱਕੀ ਸੀ। ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਡੇਰਾ ਬਾਬਾ ਗੁੱਦੜ ਸ਼ਾਹ ਦੀ ਮਿਨੀ ਫਾਇਰ ਬ੍ਰਿਗੇਡ ਨੇ ਬੜੀ ਮਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਤਪਾਲ ਸਿੰਘ ਅਤੇ ਥਾਣਾ ਮੁਖੀ ਗੁਰਲਾਲ ਸਿੰਘ ਆਪਣੀ ਪੂਰੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਪ੍ਰੰਤੂ ਅੱਗ ਲੱਗਣ ਕਾਰਨ ਕਰੀਬ ਢਾਈ- ਤਿੰਨ ਸੌ ਰੂੰ ਦੀ ਗੱਠ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਇੱਕ ਇਨੋਵਾ ਗੱਡੀ ਵੀ ਬੁਰੀ ਤਰ੍ਹਾਂ ਸੜ ਗਈ ਅਤੇ ਉਨ੍ਹਾਂ ਦਾ ਕਰੀਬ ਤੀਹ ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।