8.9 C
United Kingdom
Saturday, April 19, 2025

More

    ਗਲਾਸਗੋ: ਦੋ ਭਾਰਤੀ ਜਾਅਲੀ ਪ੍ਰਵਾਸੀਆਂ ਨੂੰ ਪੁਲਿਸ ਕੋਲੋਂ ਰਿਹਾਅ ਕਰਵਾਉਣ ਲਈ ਲੋਕਾਂ ਨੇ ਦਿਖਾਈ ਤਾਕਤ, ਪੁਲਿਸ ਨੂੰ ਮੂੰਹ ਦੀ ਖਾਣੀ ਪਈ 

    -ਹਜਾਰਾਂ ਲੋਕਾਂ ਨੇ ਇਮੀਗ੍ਰੇਸ਼ਨ ਵੈਨ ਨੂੰ ਘੇਰ ਕੇ ਰਿਹਾਅ ਕਰਵਾਏ ਦੋਵੇਂ ਮੁੰਡੇ
    -ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋੋੋਣ ‘ਤੇ ਲੋਕਾਂ ਦਾ ਹੜ੍ਹ ਵਗ ਤੁਰਿਆ
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
    ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ ਹੈ ਬਸ਼ਰਤੇ ਕਿ ਉਸਨੂੰ ਵਰਤਣ ਵਾਲਾ ਕਿੰਨੀ ਕੁ ਸੋਝੀ ਦਾ ਮਾਲਕ ਹੈ। ਬੀਤੇ ਦਿਨ ਗਲਾਸਗੋ ਵਿੱਚ ਸੋਸ਼ਲ ਮੀਡੀਆ ਦੀ ਸਦਵਰਤੋਂ ਦੀ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਧਾੜ ਨੂੰ ਗ੍ਰਿਫਤਾਰ ਕੀਤੇ ਦੋ ਭਾਰਤੀ ਜਾਅਲੀ ਪ੍ਰਵਾਸੀ ਮੁੰਡਿਆਂ ਨੂੰ ਲੋਕ-ਹੜ੍ਹ ਅੱਗੇ ਬੇਬੱਸ ਹੋ ਕੇ ਰਿਹਾਅ ਕਰਨਾ ਪਿਆ। ਇਹ ਘਟਨਾ ਗਲਾਸਗੋ ਦੇ ਦੱਖਣ ਵਾਲੇ ਪਾਸੇ ਕੇਨਮੂਰ ਸਟ੍ਰੀਟ ਵਿੱਚ ਪੁਲਿਸ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਵਾਪਰੀ, ਜਿਸ ਦੌਰਾਨ ਵੀਰਵਾਰ ਨੂੰ ਸਵੇਰੇ ਲੋਕਾਂ ਨੇ ਹੋਮ ਆਫਿਸ ਦੇ ਵਾਹਨ ਦਾ ਘਿਰਾਓ ਕੀਤਾ ਜਿਸ ਵਿੱਚ ਦੋ ਪ੍ਰਵਾਸੀ ਭਾਰਤੀਆਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ। ਉਹਨ੍ਹਾਂ ਨੂੰ ਇੱਕ ਫਲੈਟ ‘ਚੋੋਂ ਗ੍ਰਿਫਤਾਰ ਕੀਤਾ ਗਿਆ ਸੀ। ਮੌਕੇ ਦੇ ਗਵਾਹਾਂ ਅਨੁੁੁਸਾਰ ਉਕਤ ਵਿਅਕਤੀਆਂ ਦੇ ਨਾਂ ਲਖਵੀਰ ਸਿੰਘ ਤੇ ਸੁਮਿਤ ਦੱੱਸੇ ਜਾ ਰਹੇ ਸਨ। ਗ੍ਰਿਫਤਾਰ ਕਰਨ ਵੇਲੇ ਉਹਨਾਂ ਦੇ ਗੁੁੁਆਂਢੀ ਗੋਰੇ ਨੂੰ ਭਿਣਕ ਪਈ ਤਾਂ ਉਹ ਪੁੁਲਿਸ ਵੈਨ ਹੇਠਾਂ ਵੜ ਗਿਆ। ਇਸ ਉਪਰੰਤ ਆਸ ਪਾਸ ਦੇ ਰਿਹਾਇਸ਼ੀ ਤੇ ਕਾਰੋਬਾਰਾਂ ‘ਚ ਕੰਮ ਕਰਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸੋਸ਼ਲ ਮੀਡੀਆ ਰਾਹੀਂ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਲੋਕਾਂ ਦੀ ਗਿਣਤੀ ਹਜਾਰਾਂ ਤੱਕ ਅੱਪੜ ਗਈ। ਲੋਕਾਂ ਵੱਲੋਂ “ਸਾਡੇ ਗੁਆਂਢੀਆਂ ਨੂੰ ਰਿਹਾਅ ਕਰੋ” ਦੇ ਨਾਅਰੇ ਲਾ ਕੇ ਮਾਹੌਲ ਨੂੰ ਜੋਸ਼ੀਲਾ ਬਣਾਇਆ ਜਾ ਰਿਹਾ ਸੀ। ਘੰਟਿਆਂ ਬੱਧੀ ਲੋਕ ਆਪਣੇ ਕੰਮ ਕਿੱਤੇ ਛੱਡ ਕੇ ਸੜਕ ਨੂੰ ਜਾਮ ਕਰਕੇ ਖੜ੍ਹੇ ਬੈਠੇ ਰਹੇ। ਹਾਲਾਂਕਿ ਫੜ੍ਹੇ ਜਾਣ ਵਾਲੇ ਮੁੰਡੇ ਜਾਅਲੀ ਵੀ ਸਨ ਤੇ ਗੈਰ ਗੋਰੇ ਵੀ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਇਸ “ਮੁੰਡੇ ਛੁਡਾਊ ਪ੍ਰਦਰਸ਼ਨ” ਵਿੱਚ ਬਹੁਤਾਤ ਗਿਣਤੀ ਗੋਰਿਆਂ ਦੀ ਸੀ। ਲੋਕਾਂ ਦੀ ਭੁੱਖ ਤ੍ਰੇਹ ਦਾ ਖਿਆਲ ਵੀ ਲੋਕਾਂ ਵੱਲੋਂ ਖੁਦ ਹੀ ਰੱਖਦਿਆਂ ਸੈਂਡਵਿਚ, ਕੋਲਡ ਡਰਿੰਕ ਆਦਿ ਵੰਡੇ ਜਾਂਦੇ ਰਹੇ। ਲੋਕ ਏਕਤਾ ਦੀ ਤਾਕਤ ਇਸ ਕਦਰ ਬੁਲੰਦ ਹੋਈ ਕਿ ਸਕਾਟਲੈਂਡ ਦੀ ਫਸਟ ਮਨਿਸਟਰ ਸਮੇਤ ਵੱਡੇ ਵੱਡੇ ਸਿਆਸੀ ਆਗੂਆਂ ਨੂੰ ਵੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇਸ ਕਾਰਵਾਈ ਖਿਲਾਫ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀਆਂ ਟਿੱਪਣੀਆਂ ਆਪੋ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਨਸ਼ਰ ਕੀਤੀਆਂ। ਬੇਸ਼ੱਕ ਗ੍ਰਹਿ ਮੰਤਰਾਲਾ ਇਸ ਕਾਰਵਾਈ ਨੂੰ ਜਾਇਜ਼ ਦੱਸ ਰਿਹਾ ਸੀ ਪਰ ਲੋਕਾਂ ਦੀ ਏਕਤਾ ਅੱਗੇ ਸੈਂਕੜੇ ਪੁਲਿਸ ਅਧਿਕਾਰੀਆਂ ਦੀ ਵੀ ਇੱਕ ਨਾ ਚੱਲੀ। ਲੋਕਾਂ ਦਾ ਇਕੱਠ ਘਟਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਸੀ। ਅੰਤ ਅਧਿਕਾਰੀਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਦਿਆਂ ਦੋਵੇਂ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਫੈਸਲਾ ਲੈਣਾ ਪਿਆ। ਜਿਉਂ ਹੀ ਦੋਵੇਂ ਨੌਜਵਾਨ ਹੋਮ ਆਫਿਸ ਦੀ ਵੈਨ ਵਿੱਚੋਂ ਆਜ਼ਾਦ ਕੀਤੇ ਗਏ ਤਾਂ ਲੋਕਾਂ ਨੇ ਜੇਤੂ ਨਾਅਰਿਆਂ ਤੇ ਤਾੜੀਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!