(ਹਰਜੀਤ ਲਸਾੜਾ, ਬ੍ਰਿਸਬੇਨ 23 ਮਾਰਚ) ਇੱਥੇ ਕਮਿਊਨਟੀ ਰੇਡੀਓ ਫੋਰ ਈਬੀ ਬ੍ਰਿਸਬੇਨ ਵਿਖੇ ਪੰਜਾਬੀ ਭਾਸ਼ਾ ਗਰੁੱਪ ਅਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਅਤੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਬੈਠਕ ਦੀ ਸ਼ੁਰੂਆਤ ਜਗਜੀਤ ਖੋਸਾ ਵੱਲੋਂ ਹਾਜਰੀਨ ਨੂੰ ਜੀ ਆਇਆਂ ਨਾਲ ਕੀਤੀ ਅਤੇ ਕਿਹਾ ਕਿ ਅੱਜ ਭਾਰਤਵਾਸੀ ਜਿਸ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ ਇਹ ਸਭ ਇਹਨਾਂ ਸ਼ਹੀਦਾਂ ਦੇ ਸਿਰੜ ਤੇ ਕੁਰਬਾਨੀਆਂ ਸਦਕਾ ਹੀ ਸੰਭਵ ਹੋਇਆ ਹੈ। ਸ਼ਹੀਦ ਭਗਤ ਸਿੰਘ ਸਮਾਜ ਵਿੱਚੋਂ ਸਮਾਜਿਕ ਬੁਰਾਈਆਂ ਖਤਮ ਕਰਕੇ ਲੋਕ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਬ੍ਰਿਸਬੇਨ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਸ਼ਹੀਦਾਂ ਨੂੰ ਇਹ ਹੀ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਲੈ ਕੇ ਨੌਜਵਾਨ ਪੀੜ੍ਹੀ ਆਪ ਲਾਮਬੰਦ ਹੋਵੇ ਤਾਂ ਹੀ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾ ਸਕਦੇ ਹਾਂ। ਇਸ ਮੌਕੇ ਹਰਮਨਦੀਪ ਗਿੱਲ ਨੇ ਆਖਿਆ ਕਿ ਇਨਕਲਾਬੀ ਯੋਧਿਆਂ ਦਾ ਸਮਾਜਵਾਦ ਦੀ ਸਥਾਪਨਾ ਦਾ ਮਕਸਦ ਅਜੇ ਅਧੂਰਾ ਹੈ। ਹਕੂਮਤਾਂ, ਭਾਈਚਾਰਕ ਸਾਂਝ ‘ਚ ਤਰੇੜਾਂ ਪਾ ਮਰਜ਼ੀ ਦੇ ਰਾਸ਼ਟਰ ਦਾ ਨਿਰਮਾਣ ਕਰਨ ਦੇ ਸੁਫ਼ਨੇ ਪਾਲੀ ਬੈਠੀਆਂ ਹਨ। ਆਸਟ੍ਰੇਲੀਅਨ ਲੇਖਕ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਨੇ ਕਿਹਾ ਕਿ ਜਿਸ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੇ ਜੋ ਸੁਫਨੇ ਦੇਖੇ ਸਨ, ਉਹ ਅੱਜ ਵੀ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਕਈ ਮੁਸੀਬਤਾਂ ਨਾਲ ਘਿਰਿਆ ਹੋਇਆ ਹੈ ਅਤੇ ਲੋਕ ਰੋਜ਼ੀ-ਰੋਟੀ ਲਈ ਵੀ ਬੇਵੱਸ ਹੋਏ ਪਏ ਹਨ।
ਗੁਰਵਿੰਦਰ ਰੰਧਾਵਾ ਅਨੁਸਾਰ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਾਂਝੇ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਰੇਡੀਓ ਦੇ ਪੰਜਾਬੀ ਭਾਸ਼ਾ ਗਰੁੱਪ ਦੇ ਕਨਵੀਨਰ ਹਰਜੀਤ ਲਸਾੜਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਸ਼ਹੀਦਾਂ ਦੀ ਯਾਦ ਲੋਕਾਂ ਦੇ ਦਿਲਾਂ ਅੰਦਰ ਤਾਜਾ ਰਹਿੰਦੀ ਹੈ ਅਤੇ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਇਸ ਮੌਕੇ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਯੋਧਿਆਂ ਦੇ ਜੀਵਨਾਂ ਬਾਰੇ ਜਾਣਕਾਰੀ ਦੇਣ ਤਾਂ ਕਿ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਕੇ ਸ਼ਹੀਦਾਂ ਵੱਲੋਂ ਦਿਖਾਏ ਰਸਤੇ ‘ਤੇ ਚਲ ਸਕਣ। ਬੈਠਕ ਦੌਰਾਨ ਪ੍ਰੈੱਸ ਕਲੱਬ ਵੱਲੋਂ ਗੀਤਕਾਰ ਸੁਰਜੀਤ ਸੰਧੂ ਦਾ ਉਹਨਾਂ ਵੱਲੋਂ ਮਾਂ ਬੋਲੀ ਅਤੇ ਪੰਜਾਬੀ ਬਾਲ ਸਾਹਿਤ ਲਈ ਪਾਏ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ, ਜਸਵੰਤ ਵਾਗਲਾ, ਜਗਜੀਤ ਖੋਸਾ, ਹਰਮਨਦੀਪ ਗਿੱਲ, ਗੁਰਵਿੰਦਰ ਰੰਧਾਵਾ, ਸੁਰਜੀਤ ਸੰਧੂ, ਹਰਜੀਤ ਲਸਾੜਾ ਆਦਿ ਵੱਲੋਂ ਕ੍ਰਾਂਤੀਕਾਰੀ ਨਜ਼ਮਾਂ ਪੜ੍ਹੀਆਂ ਗਈਆਂ।