






ਬਰਮਿੰਘਮ (ਪੰਜ ਦਰਿਆ ਬਿਊਰੋ) ਇੰਗਲੈਂਡ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਚਾਰ ਚਰਚਾ ਅਤੇ ਕਵੀ ਦਰਬਾਰ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯੂਰਪੀ ਪੰਜਾਬੀ ਸੱਥ ਯੂਕੇ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਕੀਤੀ ਅਤੇ ਇੰਗਲੈਂਡ ਦੇ ਈਲਿੰਗ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਵਰਿੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਬੁਲਾਰਿਆਂ ਵਜੋਂ ਮੈਡਮ ਸ਼ਗੁਫਤਾ ਗਿੰਮੀ ਲੋਧੀ ਤੇ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨੇ ਸਿ਼ਰਕਤ ਕੀਤੀ। ਮੋਤਾ ਸਿੰਘ ਸਰਾਏ ਨੇ ਇਸ ਸਮੇਂ ਬੋਲਦੇ ਹੋਏ ਮਾਂ ਬੋਲੀ ਦੀ ਮਹਾਨਤਾ ਬਾਰੇ ਸਭ ਨਾਲ ਵਿਚਾਰ ਸਾਂਝੇ ਕੀਤੇ। ਐਮ ਪੀ ਸ੍ਰੀ ਵਰਿੰਦਰ ਸ਼ਰਮਾ ਨੇ ਇੰਗਲੈਂਡ ਵਿੱਚ ਹੋ ਰਹੀ ਜਨਗਣਨਾ ਵਿੱਚ ਪੰਜਾਬੀ ਬੋਲੀ ਪ੍ਰਤੀ ਦਿਖਾਈ ਜਾ ਰਹੀ ਕਾਰਗੁਜ਼ਾਰੀ ਤੇ ਇਸਦੀ ਲੋੜ ਤੇ ਜੋਰ ਦਿੱਤਾ। ਬੀਬੀ ਸ਼ਗੁਫਤਾ ਅਤੇ ਮਹਿੰਦਰਪਾਲ ਧਾਲੀਵਾਲ ਨੇ ਵੀ ਪੰਜਾਬੀ ਬੋਲੀ ਨਾਲ ਲੋਕਾਂ ਵੱਲੋਂ ਦਿਖਾਈ ਜਾ ਰਹੀ ਮੁਹੱਬਤ ਪ੍ਰਤੀ ਚਾਨਣਾ ਪਾਇਆ। ਇਸ ਤੋਂ ਉਪਰੰਤ ਕੀਤੇ ਗਏ ਕਵੀ ਦਰਬਾਰ ਵਿੱਚ ਸਾਉਥਹਾਲ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਨੁਜ਼ਹੱਤ ਅਬੱਾਸ ਆਕਸਫੋਰਡ, ਗੁਰਚਰਨ ਸੱਗੂ, ਪ੍ਰਕਾਸ਼ ਸੋਹਲ, ਭੁਪਿੰਦਰ ਸੱਗੂ, ਮਨਜੀਤ ਪੱਡਾ, ਅਮਨਦੀਪ ਸਿੰਘ ਅਮਨ ਗਲਾਸਗੋ, ਰਾਣੀ ਮਲਿਕ ਲੰਡਨ, ਨਛੱਤਰ ਭੋਗਲ, ਦਲਜਿੰਦਰ ਰਹਿਲ ਇਟਲੀ, ਸੋਹੀ ਜੋਤ ਕੈਨੇਡਾ, ਰਵਿੰਦਰ ਕੁੰਦਰਾ, ਮਨਪ੍ਰੀਤ ਬੱਧਨੀਕਲਾਂ, ਦੁਖਭੰਜਨ ਰੰਧਾਵਾ, ਗੁਰਮੇਲ ਕੌਰ ਸੰਘਾ, ਪ੍ਰੋ ਨਵਰੂਪ ਕੌਰ ਹੰਸ ਰਾਜ ਮਹਾਂਵਿਦਿਆਲਾ ਜਲੰਧਰ, ਰੂਪ ਦਵਿੰਦਰ ਅਤੇ ਹੋਰਾਂ ਨੇ ਬਾਖੂਬੀ ਰੰਗ ਬੰਨਿਆ। ਸਮਾਗਮ ਦੇ ਅੰਤ ਵਿੱਚ ਮੋਤਾ ਸਿੰਘ ਸਰਾਏ, ਪ੍ਰੋ ਜਸਪਾਲ ਸਿੰਘ ਇਟਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਦੀ ਸੰਚਾਲਨਾ ਪ੍ਰਸਿੱਧ ਟੀਵੀ ਪੇਸ਼ਕਰਤਾ ਰੂਪ ਦਵਿੰਦਰ ਅਤੇ ਬਲਵਿੰਦਰ ਸਿੰਘ ਚਾਹਲ ਵੱਲੋਂ ਇੱਕ ਵੱਖਰੇ ਤੇ ਪ੍ਰਭਾਵਸ਼ਾਲੀ ਅੰਦਾਜ ਵਿੱਚ ਕੀਤੀ ਗਈ। ਅੰਤ ਵਿੱਚ ਇਸ ਸਮਾਗਮ ਨੂੰ ਉਲੀਕਣ ਤੋਂ ਲੈ ਕੇ ਨੇਪਰੇ ਚਾੜਨ ਤੱਕ ਸਭ ਵੱਲੋਂ ਮਿਲੇ ਸਹਿਯੋਗ ਦਾ ਧੰਂਨਵਾਦ ਕੁਲਵੰਤ ਕੌਰ ਢਿੱਲੋਂ ਵੱਲੋਂ ਕੀਤਾ ਗਿਆ।








