
ਰੱਬ ਨੇ ਹਰ ਇਨਸਾਨ ‘ਚ ਕੋਈ ਨਾ ਕੋਈ ਕਲ੍ਹਾ ਜ਼ਰੂਰ ਬਖ਼ਸ਼ੀ ਹੈ ’ਤੇ ਇਹ ਕਲ੍ਹਾ ਇਨਸਾਨ ਦੇ ਅੰਦਰ ਛੁਪੀ ਹੁੰਦੀ ਹੈ। ਬੱਸ ਲੋੜ ਹੁੰਦੀ ਹੈ ਆਪਣੇ ਅੰਦਰ ਝਾਤੀ ਮਾਰਨ ਦੀ ਅਤੇ ਇਸ ਕਲ੍ਹਾ ਨੂੰ ਹੀਰਿਆਂ ਵਾਂਗ ਤਰਾਸ਼ ਕੇ ਪੂਰੀ ਖ਼ਲਕਤ ਸਾਹਮਣੇ ਲਿਆਉਣ ਦੀ, ਜਦੋਂ ਇਨਸਾਨ ਆਪਣੇ ਅੰਦਰ ਛੁਪੀ ਕਲਾ ਨੂੰ ਖ਼ਲਕਤ ਸਾਹਮਣੇ ਲੈ ਆਉਂਦਾ ਹੈ ਤਾਂ ਉਸਦੀ ਚਰਚਾ ਦੁਨੀਆਂ ਦੇ ਕੋਨੇ-ਕੋਨੇ ‘ਚ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਪਿੰਡ ਮਹਿਮਾ ਸਵਾਈ, ਜ਼ਿਲ੍ਹਾ ਬਠਿੰਡਾ (ਪੰਜਾਬ) ਦੇ ਜੰਮਪਲ ਅਤੇ ਕਿਸਾਨ ਸ. ਬੇਅੰਤ ਸਿੰਘ ’ਤੇ ਮਾਤਾ ਬੀਬੀ ਮਨਜੀਤ ਕੌਰ ਦੇ ਲਾਡਲੇ ਸਪੁੱਤਰ ‘ਕੰਵਰਪਾਲ ਸਿੰਘ ਗਰੇਵਾਲ’ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਸੂਫ਼ੀ ਲੋਕਾਂ ਵਾਂਗਰ ਰਹਿਣੀ-ਬਹਿਣੀ, ਸਿਰ ਤੇ ਪੱਗੜੀ, ਚਿਹਰੇ ਤੇ ਦਾੜ੍ਹੀ, ਕੁੜਤਾ-ਚਾਦਰਾ ਪਹਿਨਣ ਦਾ ਸ਼ੌਕੀਨ ‘ਕੰਵਰਪਾਲ ਸਿੰਘ ਗਰੇਵਾਲ’ ਆਪਣੀ ਸੂਫ਼ੀਆਨਾ ਗਾਇਕੀ, ਸੁਰੀਲੀ ਆਵਾਜ਼ ਅਤੇ ਮਿੱਠੇ ਬੋਲਾਂ ਰਾਹੀਂ ਬਹੁਤ ਥੋੜ੍ਹੇ ਸਮੇਂ ਵਿਚ ਹੀ ਦੇਸ਼ਾਂ-ਵਿਦੇਸ਼ਾਂ ਵਿਚ ਹੁਣ ਤੱਕ 11 ਸੌ ਤੋਂ ਵੱਧ ਸਮਾਗਮਾਂ ਵਿਚ ਸੂਫ਼ੀਆਨਾ ਗਾਇਕੀ ਰਾਹੀਂ ਆਪਣੇ ਲੱਖਾਂ ਹੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ।‘ਕੰਵਰਪਾਲ ਸਿੰਘ ਗਰੇਵਾਲ’ ਦੁਆਰਾ ਗਾਏ ਗੀਤ ਅੱਜ-ਕੱਲ੍ਹ ਵਿਆਹਾਂ ਸ਼ਾਦੀਆਂ ਤੋਂ ਇਲਾਵਾ ਸੱਭਿਆਚਾਰਕ ਸਮਾਗਮਾਂ ਵਿਚ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ।‘ਕੰਵਰ ਗਰੇਵਾਲ’ ਨੂੰ ਇਹਨਾਂ ਗੀਤਾਂ ਨੇ ਹੋਰ ਵੀ ਸਿੱਖਰਾਂ ਤੇ ਪਹੁੰਚਾ ਦਿੱਤਾ ਹੈ।
“ਨਾਂ ਜਾਂਈਂ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ”
“ਮੈਂ ਉਹਦੀਆਂ ਗੱਠੜੀਆਂ ਬੰਨ੍ਹ ਬੈਠਾ ਜੀਹਨੇ ਨਾਲ ਨੀਂ ਜਾਣਾ”
“ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ”
“ਤੂੰਬਾ ਵੱਜਦਾ ਝਨਾ ਤੋਂ ਸੁਣੇ ਪਾਰ ਜੋਗੀਆ ਵੇ”
“ਕੰਵਰਪਾਲ ਸਿੰਘ ਗਰੇਵਾਲ’ ਅਨੁਸਾਰ ਉਸਨੂੰ ਗਾਉਣ ਦਾ ਸ਼ੌਕ ਉਦੋਂ ਪਿਆਂ ਜਦੋਂ ਉਹ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਕੰਵਰਪਾਲ ਸਿੰਘ ਗਰੇਵਾਲ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਬੇਬੇ ਮਨਜੀਤ ਕੌਰ ਮੁੱਖ ਸੇਵਾਦਰ ਕੁਟੀਆ ਪਿੰਡ ਫ਼ਲੌਂਡ ਕਲਾਂ, ਤਹਿਸੀਲ, ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ, ਮਾਤਾ ਮਨਜੀਤ ਕੌਰ ਅਤੇ ਪਿਤਾ ਬੇਅੰਤ ਸਿੰਘ ਸਿਰ ਬੰਨ੍ਹਦਾ ਹੈ। ਕਿਉਂਕਿ ਉਹ 2010 ਤੋਂ ਫ਼ਲੌਂਡ ਕਲਾਂ ਕੁਟੀਆ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਬੇਬੇ ਮਨਜੀਤ ਕੌਰ ਕੋਲ ਲਗਾਤਾਰ ਹਾਜਰੀ ਭਰਦਾ ਰਿਹਾ ਤੇ ਅੱਜ ਉਹ ਆਪਣੀ ਧਰਮ-ਪਤਨੀ ਅਤੇ ਇਕ ਬੇਟੀ ਨਾਲ ਕੁਟੀਆ ਵਿਖੇ ਹੀ ਰਹਿ ਰਿਹਾ ਹੈ। ਉਹਨਾਂ ਆਪਣੀ ਪੜ੍ਹਾਈ ਪਹਿਲੀ ਜਮਾਤ ਤੋਂ ਅੱਠਵੀਂ ਤੱਕ ਦੀ ਵਿੱਦਿਆ ਦਸਮੇਸ਼ ਪਬਲਿਕ ਸਕੂਲ ਪਿੰਡ ਮਹਿਮਾ ਸਵਾਈ, ਅੱਠਵੀਂ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਪਬਲਿਕ ਸਕੂਲ ਗੋਨਿਆਣਾ ਮੰਡੀ ਅਤੇ ਗ੍ਰੈਜ਼ੂਏਸ਼ਨ ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ ਤੋਂ ਪ੍ਰਾਪਤ ਕੀਤੀ ’ਤੇ ਮਿਊਜ਼ਿਕ ਵਿਸ਼ੇ ਵਿਚ ਐਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਅਤੇ 2009 ਵਿਚ ਆਪ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਬੈਕਰਾਊਂਡ ਮਿਊਜ਼ਿਕ ਡਾਇਰੈਕਟਰ ਦੀ ਸਰਕਾਰੀ ਨੌਕਰੀ ਮਿਲ ਗਈ।ਪਰੰਤੂ ਢਾਈ ਸਾਲ ਤੱਕ ਨੌਕਰੀ ਕਰਨ ਉਪਰੰਤ ਆਪ ਨੇ ਸਰਕਾਰੀ ਨੌਕਰੀ ਅੱਧ ਵਿਚਕਾਰ ਹੀ ਛੱਡਣ ਦਾ ਮਨ ਬਣਾ ਲਿਆ ’ਤੇ ਆਪ ਦਾ ਸਾਰਾ ਧਿਆਨ ਸੂਫ਼ੀਆਨਾ ਗਾਇਕੀ ਵੱਲ ਖਿੱਚਿਆ ਚਲਿਆ ਗਿਆ। ਉਹਨਾਂ ਆਪਣੀ ਗਾਇਕੀ ਦਾ ਸਫ਼ਰ ਬਾਕਾਇਦਾ ਤੌਰ ’ਤੇ 21 ਸਤੰਬਰ 2012 ਨੂੰ ਰੋਪੜ ਵਿਖੇ ਹੋਏ ਇਕ ਧਾਰਮਿਕ ਸਮਾਗਮ ਤੋਂ ਆਰੰਭ ਕੀਤਾ ਸੀ ’ਤੇ ਫ਼ਿਰ ਆਪ ਨੇ ਕਦੀ ਪਿਛਾਂਹ ਮੁੜਕੇ ਨਹੀਂ ਵੇਖਿਆ। ਉਹਨਾਂ ਅਨੁਸਾਰ ਮਾਸਟਰ ਗੁਰਜੰਟ ਸਿੰਘ ਉਹਨਾਂ ਦੇ ਸਕੂਲ ਸਮੇਂ ਦੇ ਪਹਿਲੇ ਉਸਤਾਦ ਸਨ ਅਤੇ ਬਾਅਦ ਵਿਚ ਉਹਨਾਂ ਨੇ ਰਵੀ ਸ਼ਰਮਾਂ ਗੋਨਿਆਣਾ ਮੰਡੀ ਅਤੇ ਅਰੂਣਾ ਰਣਦੇਵ ਤੋਂ ਵੀ ਗਾਇਕੀ ਦੇ ਗੁਰ ਸਿੱਖੇ ਉੱਥੇ ਹੀ ਮਰਹੂਮ ਵਿਜੇ ਕੁਮਾਰ ਸਚਦੇਵਾ ਤੋਂ ਵੀ ਲਗਾਤਾਰ 3 ਮਹੀਨੇ ਤੱਕ ਸੰਗੀਤਕ ਬਾਰੀਕੀਆਂ ਸਿੱਖੀਆਂ।ਉਹਨਾਂ ਦਾ ਵਿਸ਼ਵਾਸ਼ ਹੈ ਕਿ ਸਾਫ਼-ਸੁਥਰੀ ਗਾਇਕੀ ਰਾਹੀਂ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਟੀਸਿਆਂ ਤੇ ਪਹੁੰਚਾਇਆ ਜਾ ਸਕਦਾ ਹੈ। ਉਹਨਾਂ ਦਾ ਵਿਸ਼ਵਾਸ਼ ਹੈ ਕਿ ਸੱਚ ਬੋਲਣਾ, ਧੀਆਂ ਦਾ ਸਤਿਕਾਰ ਅਤੇ ਰੱਬ ਦੀ ਰਜ਼ਾ ਵਿਚ ਰਹਿਣਾ ਹੀ ਅਸਲ ਕਾਮਯਾਬੀ ਹੈ।ਸੋ, ਰੱਬ ਅੱਗੇ ਦੁਆ ਕਰਦੇ ਹਾਂ ਕਿ ‘ਕੰਵਰ ਗਰੇਵਾਲ’ ਹੋਰ ਵੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ, ਆਮੀਨ।
ਪੇਸ਼ਕਸ਼:-ਜਰਨਾਲਿਸਟ ਮੁਹੰਮਦ ਹਨੀਫ ਥਿੰਦ, ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ।