
ਵਿਦਿਆਰਥੀ ਕਿਸੇ ਵੀ ਦੇਸ਼ ਦਾ ਭਵਿੱਖ ’ਤੇ ਅਨਮੋਲ ਸਰਮਾਇਆ ਹੁੰਦੇ ਹਨ। ਇਹ ਅਨਮੋਲ ਸਰਮਾਇਆ ਆਪਣੇ ਦੇਸ਼ ਦੇ ਭਵਿੱਖ ਦਾ ਵਾਰਸ ਹੁੰਦਾ ਹੈ।ਅਥਾਹ ਸ਼ਕਤੀ, ਹੌਸਲੇ ਅਤੇ ਜ਼ੋਸ਼ ਨਾਲ ਭਰਪੂਰ ਇਹ ਵਰਗ ਆਪਣੇ-ਆਪ ਨੂੰ ਅਤੇ ਆਪਣੇ ਦੇਸ਼ ਨੂੰ ਟੀਸੀਆਂ ’ਤੇ ਲਿਜਾਣ ਦੀ ਤਾਕਤ ਰੱਖਦਾ ਹੈ।ਜੇਕਰ ਕਿਸੇ ਦੇਸ਼ ਦਾ ਵਿਦਿਆਰਥੀ ਪੂਰੀ ਇਮਾਨਦਾਰੀ, ਲਗਨ ਅਤੇ ਸਮਝਦਾਰੀ ਨਾਲ ਕੰਮ ਕਰੇ ਤਾਂ ਉਹ ਆਪਣੇ ਸਫ਼ਲ ਨਿੱਜੀ ਜੀਵਨ ਦੇ ਨਾਲ-ਨਾਲ ਇਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਪਰੰਤੂ ਜੇਕਰ ਅਸੀਂ ਸਾਡੇ ਦੇਸ਼ ਦੇ ਵਿਦਿਆਰਥੀ ਵਰਗ ਦੇ ਜੀਵਨ ’ਤੇ ਡੂੰਘਾਈ ਨਾਲ ਝਾਤ ਮਾਰੀਏ ਤਾਂ ਸਥਿਤੀ ਕਾਫ਼ੀ ਅਫ਼ਸੋਸਜਨਕ ਵਿਖਾਈ ਦਿੰਦੀ ਹੈ।ਉਹ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਭਟਕਿਆ ਨਜ਼ਰ ਆਉਂਦਾ ਹੈ।ਬੇਸ਼ਰਮੀ, ਬੇਹਯਾਈ, ਬੇਪਰਦਗ਼ੀ ਅਤੇ ਐਸ਼ਪ੍ਰਸਤੀ ਦੇ ਜ਼ਹਿਰੀਲੇ ਨਾਅਰੇ ਨੇ ਸਾਡੇ ਵਿਦਿਆਰਥੀ ਵਰਗ ਦੀ ਸੋਚ ਨੂੰ ਸੁੰਨ ਹੀ ਕਰਕੇ ਰੱਖ ਦਿੱਤਾ ਹੈ ਜਿਵੇਂ ਸੁੰਨ ਕਰਨ ਦਾ ਟੀਕਾ ਲਗਾਇਆ ਗਿਆ ਹੋਵੇ। ਹੁੱਲੜਬਾਜ਼ੀ, ਨਸ਼ਾਖੋਰੀ ਅਤੇ ਸੱਟਾਬਾਜ਼ੀ, ਮੈਚ ਫ਼ਿਕਸਿੰਗਬਾਜ਼ੀ, ਜ਼ੂਏਬਾਜ਼ੀ, ਕਬੂਤਰਬਾਜ਼ੀ, ਮੁਰਗ਼ੇਬਾਜ਼ੀ ਜਿਵੇਂ ਉਸਦੀ ਰੂਹ ਦੇ ਹਾਣੀ ਬਣ ਗਏ ਹਨ। ਫ਼ੇਰ ਵੀ ਸਾਡੇ ਦੇਸ਼ ਦਾ ਵਿਦਿਆਰਥੀ ਵਰਗ ਇਹਨਾਂ ਲਾਹਨਤਾਂ ਨੂੰ ਆਪਣੇ ਕਲਾਵੇ ਨਾਲ ਗਲਵੱਕੜੀ ਪਾਈ ਬੈਠਾ ਹੈ ? ਅੱਜ ਸਾਡੇ ਦੇਸ਼ ਦੇ ਵਿਦਿਆਰਥੀ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਬਿਲਕੁਲ ਹੀ ਸਫ਼ਾਇਆ ਹੋ ਚੁੱਕਾ ਹੈ।ਉਹਨਾਂ ਅੰਦਰ ਮਹਾਤਮਾ ਗਾਂਧੀ, ਸਰ ਸੱਯਦ ਅਹਿਮਦ ਖ਼ਾਂ, ਸ. ਭਗਤ ਸਿੰਘ, ਰਾਜ ਗੁਰੂ ਸੁਖਦੇਵ, ਸ਼ਹੀਦ ਊਧਮ ਸਿੰਘ, ਲਾਲਾ ਲਜਪਤ ਰਾਏ, ਸ਼ਹੀਦ ਅਬਦੁਲ ਹਮੀਦ, ਕਲਪਨਾ ਚਾਵਲਾ ਜਾਂ ਫ਼ੇਰ ਅਬਦੁਲ ਕਲਾਮ ਬਨਣ ਦੀ ਯੋਗਤਾ ਵਾਲੇ ਸਾਰੇ ਗੁਣ ਖਤਮ ਹੋਏ ਜਾਪਦੇ ਹਨ।ਉਹ ਇਹ ਨਹੀਂ ਚਾਹੁੰਦੇ ਕਿ ਸਾਡਾ ਦੇਸ਼ ਭਾਰਤ ਮਹਾਨ ਵੀ ਵਿਕਾਸ ਦੀਆਂ ਮੂਹਰਲੀਆਂ ਕਤਾਰਾਂ ਵਿਚ ਸੰਸਾਰ ਦੇ ਦੂਜੇ ਵਿਕਸਿਤ ਦੇਸ਼ਾਂ ਵਾਂਗ ਮੋਹਰੀ ਬਣਕੇ ਉੱਭਰੇ।ਅਜਿਹਾ ਕਿਉਂ ਹੋ ਰਿਹਾ ਹੈ।ਸੱਚ ਪੁੱਛੋ ਤਾਂ ਸਾਡੇ ਦੇਸ਼ ਦੇ ਵਿਦਿਆਰਥੀ ਵਰਗ ’ਤੇ ਪੱਛਮੀ ਸੱਭਿਅਤਾ ਨੇ ਬਹੁਤ ਗ਼ਹਿਰੀ ਛਾਪ ਛੱਡੀ ਹੈ ਜਿਸਦਾ ਹਰ ਵਿਅਕਤੀ ਮਹਿਸੂਸ ਕਰ ਸਕਦਾ ਹੈ।ਇਸ ਸੱਭਿਅਤਾ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਹੀ ਸਾਡਾ ਅੱਜ ਦਾ ਵਿਦਿਆਰਥੀ, ਗੁੰਮਰਾਹੀ ਦੀ ਦਲਦਲ ਵਿਚ ਲਗਾਤਾਰ ਧੱਸਦਾ ਹੀ ਧੱਸਦਾ ਜਾ ਰਿਹਾ ਹੈ।ਉਹ ਆਪਣੀ ਨਰੋਈ ਤੇ ਵਿਲੱਖਣ ਭਾਰਤੀ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਵਿਚ ਝਿਜਕ ਮਹਿਸੂਸ ਕਰ ਰਿਹਾ ਹੈ।ਉਸਨੂੰ ਡਰ ਰਹਿੰਦਾ ਹੈ ਕਿ ਜੇਕਰ ਉਹ ਅਜਿਹਾ ਕਰੇਗਾ ਤਾਂ ਸਮਾਜ ਵਿਚ ਉਸਨੂੰ ਰੂੜ੍ਹੀਵਾਦੀ ਸਮਝਿਆ ਜਾਵੇਗਾ।ਵਿਦਿਆਰਥੀ ਨੂੰ ਵਿਗਾੜਣ ਵਿਚ ਰਹਿੰਦੀ ਕਸਰ ਸਾਡੇ ਨਵੇਂ ਫ਼ਿਲਾਮੀ ਸਿਤਾਰੇ ਪੂਰੀ ਕਰ ਰਹੇ ਹਨ।ਸਾਡਾ ਬਹੁ-ਗਿਣਤੀ ਵਿਦਿਆਰਥੀ ਵਰਗ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ।ਵਿਦਿਆਰਥੀ ਉਹਨਾਂ ਚੀਜ਼ਾਂ ਨੂੰ ਖਰੀਦਣ ਜਾਂ ਵਰਤਣ ’ਚ ਮਾਣ ਮਹਿਸੂਸ ਕਰਦਾ ਹੈ ਜਿਹਨਾਂ ਦੀ ਮਸ਼ਹੂਰੀ ਉਹਨਾਂ ਦੇ ਰੋਲ ਮਾਡਲ ਕਰਦੇ ਹਨ।ਵੱਡੇ ਸ਼ਹਿਰਾਂ ਵਿਚ ਵਿਦਿਆਰਥੀਆਂ ਦੇ ਪਹਿਰਾਵੇ ਨੂੰ ਵੇਖ ਕੇ ਇੰਝ ! ਜਾਪਦਾ ਹੈ ਕਿ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਦੀ ਅਕਲ ਅਤੇ ਅੱਖਾਂ ’ਤੇ ਜਿਵੇਂ ਪਰਦਾ ਹੀ ਪੈ ਗਿਆ ਹੋਵੇ।ਅੱਜ ਕਾਲਜ, ਯੂਨੀਵਰਸਿਟੀ ਨੂੰ ਜਾ ਰਹੀਆਂ ਕੁੜੀਆਂ ਜਾਂ ਫੇਰ ਚੰਗਾ ਅਖਵਾਉਣ ਵਾਲੇ ਸਾਡੇ ਮਾਡਲ ਸਕੂਲਾਂ ਵਿਚ ਪੜ੍ਹਨ ਵਾਲੀਆਂ ਕੁੜੀਆਂ ਸ਼ਾਮ ਵੇਲੇ ਤਿਆਰ ਹੋ ਕੇ ਟਿਊਸ਼ਨ ਪੜ੍ਹਨ ਜਾਂਦੀਆਂ ਹਨ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਕਿਸੇ ਫ਼ੈਸ਼ਨ ਸ਼ੋਅ ਵਿਚ ਭਾਗ ਲੈਣ ਜਾ ਰਹੀਆਂ ਹੋਣ।ਕੋਟੱਲਿਆ, ਅਰਸਤੂ, ਪਲੂਟੋ ਅਤੇ ਕਾਰਲ ਮਾਰਕਸ ਵਰਗੇ ਮਹਾਨ ਚਿੰਤਕਾਂ ਦੀਆਂ ਰੂੰਹਾਂ ਕੰਬ ਉੱਠਣ ਜੇਕਰ ਲਾਇਬਰੇਰੀਆਂ ਦਾ ਦੌਰਾ ਕਰਦੇ ਸਮੇਂ ਪੁਸਤਕਾਂ ’ਤੇ ਜੰਮੀ ਧੂੜ ਅਤੇ ਰੀਡਿੰਗ ਰੂਮਜ਼ ਦੀਆਂ ਖ਼ਾਲੀ ਪਈਆਂ ਕੁਰਸੀਆਂ ਨੂੰ ਵੇਖ ਲੈਣ। ਲਾਇਬਰੇਰੀ ਉਹ ਕਰਮ ਭੂਮੀ ਹੁੰਦੀ ਹੈ ਜਿੱਥੇ ਇਕ ਆਮ ਵਿਅਕਤੀ ਦਾ ਬੱਚਾ ਵੀ ਕਰੜੀ ਮਿਹਨਤ ਕਰਕੇ ਆਪਣੇ-ਆਪ ਨੂੰ ਆਈ.ਏ.ਐਸ, ਆਈ.ਪੀ.ਐਸ, ਆਈ.ਐਫ਼.ਐਸ ਜਾਂ ਫੇਰ ਵਿਗਿਆਨੀ ਦੇ ਰੂਪ ਵਿਚ ਘੜ੍ਹ ਸਕਦਾ ਹੈ। ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਵਰਗ ਆਪਣੀ ਕਿਸਮਤ ਨੂੰ ਏਸ ਕਰਮ ਭੂਮੀ ਵਿਚ ਘੜ੍ਹਣ ਦੀ ਬਜਾਇ ਸ਼ਾਪਿੰਗ ਮਾਲਜ਼, ਸਿਨੇਮਾ ਘਰਾਂ ਅਤੇ ਬਾਜ਼ਾਰਾਂ ਵਿਚ ਕਾਰਾਂ, ਮੋਟਰ ਸਾਈਕਲਾਂ ਤੇ ਗੇੜੀਆਂ ਮਾਰ ਕੇ ਬਰਬਾਦ ਕਰ ਰਿਹਾ ਹੈ। ਉਹ ਵਿੱਦਿਆ ਰੂਪੀ ਧਨ ਇਕੱਠਾ ਕਰਨ ਦੀ ਬਜਾਇ ਫੋਕੀ ਸ਼ੋਹਰਤ ਕਮਾਉਣ ਵਿਚ ਹੀ ਉਲਝਿਆ ਪਿਆ ਹੈ।ਕਾਲਜੀਏਟ ਮੁੰਡੇ-ਕੁੜੀਆਂ ਅਖ਼ਬਾਰ ’ਤੇ ਪੰਛੀ ਝਾਤ ਤਾਂ ਜ਼ਰੂਰ ਮਾਰਦੇ ਹਨ ਪਰ ਇਹ ਜਾਨਣ ਲਈ ਨਹੀਂ ਕਿ ਸਾਡੇ ਸੂਬੇ, ਦੇਸ਼-ਵਿਦੇਸ਼ ਵਿਚ ਕੀ ਹੋ ਰਿਹਾ ਹੈ ਸਗੋਂ ਇਹ ਦੇਖਣ ਲਈ ਕਿ ਮਨੰਰੋਜ਼ਨ ਸਪਲੀਮੈਂਟ ਵਿਚ ਕਿਸ ਹੀਰੋ ਜਾਂ ਹੀਰੋਇਨ ਦੀ ਲੱਗੀ ਫ਼ੋਟੋ ਦਾ ਆਕਾਰ ਵੱਡਾ ਹੈ। ਵਿਦਿਆਰਥੀ-ਵਰਗ ਅੰਦਰ ਲਾਇਬਰੇਰੀ ਕਲਚਰ ਖਤਮ ਹੋਣ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਇਹ ਹੈ ਕਿ ਬਚਪਨ ਵਿਚ ਹੀ ਬੱਚਿਆਂ ਅੰਦਰ ਪੁਸਤਕਾਂ ਪੜ੍ਹਨ ਦਾ ਰੁਝਾਨ ਪੈਦਾ ਹੀ ਨਹੀਂ ਕੀਤਾ ਜਾਂਦਾ। ਮਾਪੇ ਆਪਣੇ ਬੱਚਿਆਂ ਨੂੰ ਵੀਡੀਓ ਗ਼ੇਮਜ਼, ਕੰਪਿਊਟਰ ਅਤੇ ਟੀ.ਵੀ ਤਾਂ ਆਸਾਨੀ ਨਾਲ ਖਰੀਦ ਕੇ ਦੇ ਦਿੰਦੇ ਹਨ ਪਰ ਉਹਨਾਂ ਦੇ ਮਨ ਵਿਚ ਕਦੀ ਵੀ ਇਹ ਵਿਚਾਰ ਨਹੀਂ ਉਭਰਦਾ ਕਿ ਆਪਣੇ ਬੱਚਿਆਂ ਲਈ ਕੋਈ ਚੰਗੀ ਪੁਸਤਕ ਖਰੀਦਣ। ਬੱਚਿਆਂ ਦੇ ਪੜ੍ਹਨ ਲਈ ਬਾਲ-ਸਾਹਿਤ ਦੀ ਘਾਟ ਵੀ ਰੜਕਦੀ ਨਜ਼ਰ ਆਉਂਦੀ ਹੈ। ਪ੍ਰਾਈਵੇਟ ਸਕੂਲਾਂ ਵਿਚ ਤਾਂ ਕੁੱਝ ਹੱਦ ਤੱਕ ਲਾਇਬਰੇਰੀਆਂ ਅਤੇ ਰੀਡਿੰਗ ਰੂਮਜ਼ ਸਥਾਪਿਤ ਕੀਤੇ ਜਾਂਦੇ ਹਨ। ਪਰੰਤੂ ਇਸ ਸੰਬੰਧ ਵਿਚ ਸਰਕਾਰੀ ਸਕੂਲਾਂ ਵਿਚ ਚੰਗੀਆਂ ਲਾਇਬਰੇਰੀਆਂ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈ।ਜਿੱਥੇ ਕਿਤੇ ਸੰਤੋਖਜਨਕ ਲਾਇਬਰੇਰੀਆਂ ਹਨ ਉੱਥੇ ਉਹਨਾਂ ਦਾ ਸੰਚਾਲਨ ਠੀਕ ਢੰਗ ਨਾਲ ਨਹੀਂ ਹੋ ਰਿਹਾ।
ਪੇਸ਼ਕਸ਼:-ਜਰਨਾਲਿਸਟ ਮੁਹੰਮਦ ਹਨੀਫ ਥਿੰਦ, ਮਲੇਰਕੋਟਲਾ।