
ਭਾਰਤ ਵਿੱਚ ਕਿਸਾਨੀ ਸੰਘਰਸ਼ ਜੋਰਾਂ ‘ਤੇ ਹੈ। ਬਹੁਤੇ ਗੀਤਕਾਰਾਂ ਅਤੇ ਕਲਾਕਾਰਾਂ ਨੇ ਆਮ ਰਵਾਇਤ ਤੋਂ ਉਲਟ ਜਗਿਆਸੂ ਗੀਤਾਂ ਨੂੰ ਪਹਿਲ ਦਿੱਤੀ ਹੈ। ਉਹਨਾਂ ਆਪ ਜਾਕੇ ਧਰਨਿਆਂ ‘ਚ ਹਾਜ਼ਰੀ ਲਗਵਾਈ ਹੈ ਅਤੇ ਲੋਕਾਈ ‘ਚ ਚੇਤੰਨ ਗੀਤਾਂ ਨਾਲ ਜੋਸ਼ ਤੇ ਹੋਸ਼ ਨੂੰ ਬੁਲੰਦ ਕੀਤਾ ਹੈ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਮਜ਼ੂਦਾਂ ਗੀਤਾਂ ਨੇ ਸਮੇਂ ਦੀ ਮੰਗ ਅਨੁਸਾਰ ਇੰਨਸਾਫ਼ ਕੀਤਾ ਹੈ। ਇਸਨੇ ਲਗਾਤਾਰ ਨਿਘਾਰ ਤੇ ਸ਼ੰਕਿਆਂ ਵੱਲ ਜਾਂਦੀ ਪੰਜਾਬੀ ਗਾਇਕੀ ਨੂੰ ਨਵੀਂ ਸੇਧ ਤੇ ਦਿਸ਼ਾ ਨਿਰਦੇਸ਼ ਦਿੱਤੇ ਦਿੱਤੇ ਹਨ। ਪਰ ਸਰਕਾਰਾਂ ਨੂੰ ਕਲਮਾਂ ਦੀ ਕ੍ਰਾਂਤੀ ਸ਼ਾਇਦ ਬਰਦਾਸ਼ਤ ਨਹੀਂ ਹੋ ਰਹੀ ਹੈ। ਅੱਜ ਪੰਜਾਬੀ ਗਾਇਕੀ ਨਵੇਂ ਰੋਹ ‘ਚ ਲੋਕ ਜਾਗ੍ਰਿਤੀ ਵੱਲ ਵੱਧ ਰਹੀ ਹੈ ਅਤੇ ਸਟੇਟ ਨੂੰ ਇਸ ਜੰਨ ਚੇਤਨਾ ਬਾਬਤ ਘਬਰਾਹਟ ਤੇ ਭੈਅ ਦਾ ਆਲਮ ਹੈ। ਨਤੀਜੇ ਵਜੋਂ ਹੁਣ ਗਾਇਕ ਅਤੇ ਗੀਤਕਾਰ ਵੀ ਸਰਕਾਰੀ ਜ਼ਬਰ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਇਹਨਾਂ ਗੀਤਾਂ ਨੂੰ ਭੜਕਾਹਟ ਵਾਲਾ ਪ੍ਰਚਾਰ ਰਹੀ ਹੈ ਅਤੇ ਗੀਤਾਂ ‘ਤੇ ਪਾਬੰਦੀਆਂ ਆਇਦ ਕਰ ਰਹੀ ਹੈ। ਯੂ ਟਿਊਬ ਤੋਂ ਗੀਤ ਜ਼ਬਰੀ ਹਟਾਏ ਜਾ ਰਹੇ ਹਨ। ਕਲਾਕਾਰਾਂ ‘ਤੇ ਪਰਚੇ ਪਾ ਅਦਾਲਤਾਂ ‘ਚ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅੱਜ ਅਗਰ ਇਸ ਕਿਸਾਨੀ ਅੰਦੋਲਨ ਨੇ ਸਾਡੇ ਪੰਜਾਬੀ ਗੀਤਾਂ ਨੂੰ ਨਵੀਂ ਸੇਧ ਦਿੱਤੀ ਹੈ ਤਾਂ ਇਹ ਉਸਾਰੂ ਸਮਾਜਿਕ ਸੁਨੇਹਾ ਹੀ ਕਹਿ ਸਕਦੇ ਹਾਂ। ਹੈਰਾਨੀ ਹੁੰਦੀ ਹੈ ਕਿ ਜਦੋਂ ਸਾਡੇ ਗੀਤਾਂ ‘ਚ ਲੱਚਰਤਾ, ਹਥਿਆਰਾਂ ਅਤੇ ਹਿੰਸਾ ਦਾ ਬੋਲਬਾਲਾ ਸੀ ਉਦੋਂ ਸਰਕਾਰਾਂ ਚੁੱਪ ਸਨ। ਹੁਣ, ਗੀਤ ਸਮੇਂ ਦੇ ਹਾਣੀਂ ਤੇ ਉਸਾਰੂ ਹੋ ਨਿੱਤਰੇ ਹਨ ਤਾਂ ਸਰਕਾਰਾਂ ਨਾਖੁਸ਼ ਦਿਖਾਈ ਦੇ ਰਹੀਆਂ ਹਨ। ਅਸਲ ‘ਚ ਸਰਕਾਰਾਂ ਨੂੰ ਇਹ ਨਾਖੁਸ਼ੀ ਗੀਤਾਂ ਤੋਂ ਘੱਟ ਬਲਕਿ ਉਸਾਰੂ ਗੀਤਾਂ ਰਾਹੀਂ ਵੱਧ ਰਹੀ ਸਮਾਜਿਕ ਚੇਤਨਾ ਤੋਂ ਹੈ। ਸਰਕਾਰ ਦਾ ਇਹ ਵਤੀਰਾ ਮੰਦਭਾਗਾ ਹੈ। ਉਸਾਰੂ ਗੀਤਾਂ ਨੇ ਹਰ ਹੀਲੇ ਲੋਕਾਈ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਅਮਰ ਹੋਣਾ ਹੀ ਹੁੰਦਾ ਹੈ। ਸਰਕਾਰਾਂ ਨੂੰ ਤਾਂ ਸਗੋਂ ਇਸ ਸਾਰਥਕ ਉੱਦਮ ਦਾ ਸਲਾਹਣਾ ਕਰਨੀ ਬਣਦੀ ਹੈ ਕਿ ਮਜ਼ੂਦਾ ਗੀਤਕਾਰਾਂ ਤੇ ਕਲਾਕਾਰਾਂ ਨੇ ਪੰਜਾਬੀ ਜ਼ੁਬਾਨ ਨੂੰ ਗੀਤਾਂ ਰਾਹੀਂ ਫਿਰ ਤੋਂ ਇਕ ਨਵੀਂ ਲੀਹ ‘ਤੇ ਤੋਰਿਆ ਹੈ। ਅੱਜ ਪੰਜਾਬੀ ਕਲਾਕਾਰਾਂ ਨੇ ਸਾਰਥਕ ਗਾਇਕੀ ਦੀ ਪੇਸ਼ਕਾਰੀ ਕਰਕੇ ਪੰਜਾਬੀਅਤ ਲਈ ਨਵੀਂ ਭਵਿੱਖੀ ਆਸ ਪ੍ਰਗਟਾਈ ਹੈ। ਇਸ ਨਵੀਂ ਕਵਾਇਦ ਦਾ ਸਿਹਰਾ ਕਿਸਾਨੀ ਅੰਦੋਲਨ ਨੂੰ ਜਾਂਦਾ ਹੈ ਜਿੱਥੇ ਇਕ ਵਾਰ ਫਿਰ ਪੰਜਾਬੀ ਗਾਇਕੀ ਆਪਣੇ ਅਸਲ ਦੇ ਲਾਗੇ ਹੋਈ ਹੈ। ਮੈਂ, ਕਲਾਕਾਰ ਭਾਈਚਾਰੇ ਦਾ ਵੀ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਕਿਰਤੀ ਵਰਗ ਦੀ ਖ਼ੈਰੀਅਤ ਮੰਗਦੀ ਹਾਂ।
ਲੇਖਿਕਾ : ਜਤਿੰਦਰ ਕੌਰ ਬੁਆਲ, ਸਮਰਾਲਾ