
ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿਸਾਨ ਸੰਘਰਸ਼ ਬਾਰੇ
ਵਾਲਸਾਲ (ਪੰਜ ਦਰਿਆ ਬਿਊਰੋ)
ਵਾਲਸਲ ਵੈਸਟ ਮਿਡਲੈਂਡਜ਼ ਦੇ ਕੁਈਨ ਮੇਰੀ ਗਰਾਮਰ ਸਕੂਲ ਦੀ ਅੱਜ ਸਵੇਰੇ ਹੋਈ ਆਨਲਾਈਨ ਸਕੂਲ ਅਸੈਂਬਲੀ ਵਿਚ ‘ਸਿਕਸਥ ਫਾਰਮ’ ਦੇ ਮੁਖੀ ਅਧਿਆਪਕ ਨੇ ਸੈਂਕੜੇ ਵਿਦਿਆਰਥੀਆਂ ਨੂੰ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਜਾਣਕਾਰੀ ਦਿੱਤੀ। ਬੀ ਬੀ ਸੀ ਵੱਲੋਂ ਤਿਆਰ ਇੱਕ ਵੀਡੀਓ ਦਿਖਾਉਣ ਤੋਂ ਬਾਅਦ ਅਧਿਆਪਕ ਨੇ 5 ਮਿੰਟ ਦੀ ਤਕਰੀਰ ਕੀਤੀ ਜਿਸ ਵਿਚ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੁਨੀਆ ਦੇ ਇਸ ਸਭ ਤੋਂ ਵੱਡੇ ਸ਼ਾਂਤਮਈ ਅੰਦੋਲਨ ਵਿਚ ਲੋਕ ਖੇਤੀ ਬਾਰੇ ਬਣੇ ਨਵੇਂ ਕਨੂੰਨਾਂ ਦੇ ਵਿਰੋਧ ਵਿਚ ਖੜ੍ਹੇ ਹੋਏ ਹਨ। ਇੱਕ ਪਟੀਸ਼ਨ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ ਜਿਸ ਉੱਪਰ ਇੱਕ ਲੱਖ ਤੋਂ ਵੱਧ ਦਸਤਖ਼ਤ ਹੋ ਚੁੱਕੇ ਹਨ ਅਤੇ ਯੂ ਕੇ ਪਾਰਲੀਮੈਂਟ ਵਿਚ ਇਹਨਾਂ ਕਨੂੰਨਾਂ ਉੱਪਰ ਬਹਿਸ ਹੋਵੇਗੀ। ਵਿਦਿਆਰਥੀਆਂ ਨੂੰ ਇਸ ਪਟੀਸ਼ਨ ਉੱਪਰ ਦਸਤਖ਼ਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਹ ਜਾਣਕਾਰੀ ਪ੍ਰਸਿੱਧ ਸ਼ਾਇਰ ਰਾਜਿੰਦਰਜੀਤ ਨੇ ਪੰਜ ਦਰਿਆ ਨਾਲ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਉਹਨਾਂ ਦੀ ਬੇਟੀ ਵੀ ਇਸ ਕਲਾਸ ਵਿੱਚ ਸ਼ਾਮਿਲ ਸੀ।