14.1 C
United Kingdom
Sunday, April 20, 2025

More

    ਭਾਰਤੀ ਕਿਸਾਨ ਸਪੋਰਟ ਕਮੇਟੀ ਆਸਟਰੇਲੀਆ ਦਾ ਗਠਨ ਅਤੇ ਅੰਦੋਲਨ ਲਈ 2 ਲੱਖ 18 ਹਜ਼ਾਰ ਦੀ ਮਦਦ ਭੇਜੀ

    ਮੈਲਬੌਰਨ : ਭਾਰਤੀ ਕਿਸਾਨ ਅੰਦੋਲਨ ਨੇ ਪੂਰੇ ਵਿਸ਼ਵ ਵਿਚ ਕਿਸਾਨਾਂ ਲਈ ਇਕ ਹਮਦਰਦੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪੰਜਾਬ ਦੀ ਪਹਿਲਕਦਮੀ ਨੇ ਤਾਨਾਸ਼ਾਹ ਸਰਕਾਰ ਦੇ ਹੱਠੀ ਵਤੀਰੇ ਅੱਗੇ ਇਕ ਮੁਹਾਜ਼ ਸਿਰਜ ਦਿੱਤਾ ਹੈ। ਪਿਛਲੇ ਦਿਨੀਂ 26 ਜਨਵਰੀ ਦੇ ਘਟਨਾਕ੍ਰਮ ਨਾਲ ਅੰਦੋਲਨ ਨੂੰ ਕੁੱਝ ਘੰਟਿਆਂ ਲਈ ਝਟਕਾ ਲੱਗਾ ਸੀ, ਪਰ ਰਾਕੇਸ਼ ਟਿਕੈਤ ਦੀ ਭਾਵਪੂਰਨ ਸਪੀਚ ਨੇ ਰਾਤੋ-ਰਾਤ ਅੰਦੋਲਨ ਵਿਚ ਰੂਹ ਭਰ ਦਿੱਤੀ। ਆਸਟਰੇਲੀਆ ਨੇ ਅੰਦੋਲਨ ਦੇ ਮੁੱਢਲੇ ਦਿਨਾਂ ਤੋਂ ਹੀ ਕਿਸਾਨ ਸੰਘਰਸ਼ ਲਈ ਰੈਲੀਆਂ ਕਰਕੇ ਅਤੇ ਮਾਇਕ ਇਮਦਾਦ ਨਾਲ ਭਰਵਾਂ ਸਮਰਥਨ ਕੀਤਾ ਹੈ। ਆਸਟਰੇਲੀਆ ਭਰ ਵਿਚ ਹਰ ਸ਼ਹਿਰ ਵਿੱਚ ਉੱਦਮੀ ਪੰਜਾਬੀਆਂ ਨੇ ਕਿਸਾਨਾਂ ਦੇ ਹੱਕ ਵਿਚ ਬਣਦਾ ਸਰਦਾ ਯੋਗਦਾਨ ਪਾ ਕੇ ਗਦਰੀ ਬਾਬਿਆਂ ਦੀ ਗਾਥਾ ਜੀਵਤ ਕਰ ਦਿੱਤੀ ਹੈ।
    ਬ੍ਰਿਸਬੇਨ ਤੋਂ ਡਾ: ਬਰਨਾਰਡ ਮਲਿਕ, ਸਿਡਨੀ ਤੋਂ ਬਲਰਾਜ ਸੰਘਾ ਅਤੇ ਬਿਗਾ ਵੈਲੀ ਤੋਂ ਕਿਸਾਨ ਆਗੂ ਬਲਵੰਤ ਸਾਨੀਪੁਰ ਦੇ ਯਤਨਾਂ ਸਦਕਾ ਕੌਮੀ ਪੱਧਰ ਤੇ ਇਕ ਜਥੇਬੰਦੀ ਉਸਾਰਨ ਲਈ ਬੜੇ ਚਿਰ ਤੋਂ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮਨੋਰਥ ਤਹਿਤ ਆਸਟਰੇਲੀਆ ਦੇ ਸਾਰੇ ਸੂਬਿਆਂ ਵਿੱਚੋਂ ਕਿਸਾਨੀ ਲਈ ਸਰਗਰਮ ਆਗੂਆਂ ਅਤੇ ਸਮਾਜ ਸੇਵੀਆਂ ਤੇ ਅਧਾਰਤ ‘ਇੰਡੀਅਨ ਫਾਰਮਰਜ਼ ਸਪੋਰਟ ਕਮੇਟੀ’ ਦਾ ਗਠਨ ਕੀਤਾ ਗਿਆ। ਜਿਸ ਤਹਿਤ ਸੂਬਾਈ ਐਗਜੈਕਟਿਵ ਕਮੇਟੀ ਵਿੱਚ ਸਟੇਟ ਨਿਊ ਸਾਊਥ ਵੇਲਜ਼ ਗਰੇਟਰ ਸਿਡਨੀ ਤੋਂ ਬਲਰਾਜ ਸੰਘਾ, ਨਿਊ ਸਾਊਥ ਵੇਲਜ ਕੰਟਰੀ ਸਾਈਡ ਤੋਂ ਬਲਵੰਤ ਸਾਨੀਪੁਰ, ਕਵੀਨਜਲੈਂਡ ਤੋਂ ਸਰਬਜੀਤ ਸੋਹੀ, ਵੈਸਟਰਨ ਆਸਟਰੇਲੀਆ ਤੋਂ ਚੰਦਨਦੀਪ ਸਿੰਘ ਰੰਧਾਵਾ, ਸਟੇਟ ਵਿਕਟੋਰੀਆ ਤੋਂ ਸਾਥੀ ਬਲਿਹਾਰ ਸੰਧੂ, ਨਾਰਦਨ ਟੈਰੇਟਰੀ ਤੋਂ ਦਿਲਬਾਗ ਸਿੰਘ ਢਿੱਲੋਂ ਅਤੇ ਸਾਊਥ ਆਸਟਰੇਲੀਆ ਤੋਂ ਹਰਪਾਲ ਸਿੰਘ ਬਠਿੰਡਾ ਸੂਬਾਈ ਮੈਂਬਰ ਹੋਣਗੇ। ਬ੍ਰਿਸਬੇਨ ਤੋਂ ਅਮਰੀਕਨ ਕਾਲਜ ਦੇ ਡਾਇਰੈਕਟਰ ਡਾ: ਬਰਨਾਰਡ ਇਸ ਸੰਸਥਾ ਦੇ ਸਰਪ੍ਰਸਤ ਥਾਪੇ ਗਏ ਹਨ।
    ਪ੍ਰੈਸ ਨੂੰ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਨਵ ਗਠਿਤ ਕਮੇਟੀ ਨੇ ਭਾਰਤੀ ਸਰਕਾਰ ਦੇ ਤਾਨਾਸ਼ਾਹੀ ਵਤੀਰੇ ਦੀ ਨਿੰਦਾ ਕਰਦਿਆਂ ਤਿੰਨੇ ਕਾਲੇ ਕਾਨੂੰਨ ਵਾਪਸ ਹੋਣ ਤੱਕ ਲੜਾਈ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਕਮੇਟੀ ਮੈਂਬਰਾਂ ਨੇ ਕਿਹਾ ਪੂਰੇ ਵਿਸ਼ਵ ਵਿੱਚ ਭਾਰਤੀ ਸਰਕਾਰ ਦੇ ਜਬਰ ਵਾਲੇ ਸਟੈਂਡ ਦੀ ਨਿਖੇਧੀ ਹੋ ਰਹੀ ਹੈ। ਭਾਰਤੀ ਅਰਥ ਵਿਵਸਥਾ ਜੋ ਕਿ ਕਰੋਨਾ ਸੰਕਟ ਕਾਰਨ ਪਹਿਲਾਂ ਹੀ ਲੀਹ ਤੋਂ ਲਹਿ ਚੁੱਕੀ ਹੈ, ਕਿਸਾਨੀ ਸੰਘਰਸ਼ ਦੇ ਚੱਲਦੇ ਹੋਰ ਡਗਮਗਾ ਜਾਏਗੀ। ਪਰ ਸਰਕਾਰ ਦਾ ਹੁਣ ਤੱਕ ਵਿਵਹਾਰ ਪੂਰੀ ਤਰਾਂ ਕਿਸਾਨ ਮਾਰੂ ਅਤੇ ਅਣਮਨੁੱਖੀ ਹੈ। ਸਰਕਾਰ ਦੇ ਖਿਲਾਫ਼ ਡੱਟੀਆਂ ਹੋਈਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਅਦਾਰਿਆਂ ਲਈ ਕਮੇਟੀ ਵੱਲੋਂ ਮਾਇਕ ਸਹਾਇਤਾ ਦਾ ਐਲਾਨ ਕਰਦਿਆਂ, ਭਾਰਤੀ ਕਿਸਾਨ ਯੂਨੀਅਨ (ਰਾਕੇਸ਼ ਟਿਕੈਤ) ਨੂੰ 1 ਲੱਖ ਇਕ ਹਜ਼ਾਰ ਰੁਪੈ, ਕਿਰਤੀ ਕਿਸਾਨ ਯੂਨੀਅਨ ਨੂੰ 11000 ਰੁਪੈ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੂੰ 11000 ਰੁਪੈ, ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 11000 ਰੁਪੈ, ਅਦਾਰਾ ਨਵਾਂ ਜ਼ਮਾਨਾ ਨੂੰ ਕਿਸਾਨ ਸੰਘਰਸ਼ ਦੀ ਸ਼ਲਾਘਾਯੋਗ ਕਵਰੇਜ ਲਈ 11000, ਭੇਜੇ ਗਏ। ਕਿਸਾਨ ਫਾਰਮਰਜ਼ ਸਪੋਰਟ ਕਮੇਟੀ ਵੱਲੋਂ ਹਲ-ਵਾਹਕਾਂ ਨੂੰ ਸਭ ਤੋਂ ਪਹਿਲਾਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਮਹਾਨ ਇਨਕਲਾਬੀ ਬੰਦਾ ਬਹਾਦਰ ਦੀ ਵਿਚਾਰਧਾਰਾ ਨੂੰ ਇਤਿਹਾਸ ਬੋਧ ਅਤੇ ਪੰਜਾਬੀ ਕਮਿਊਨ ਦੇ ਸੰਦਰਭ ਵਿਚ ਪ੍ਰਭਾਸ਼ਿਤ ਕਰਨ ਵਾਲੀ ਕਿਤਾਬ ਦੇ ਤੀਸਰੇ ਐਡੀਸ਼ਨ ਲਈ 51000 ਰੁਪੈ ਭੇਜੇ ਗਏ ਹਨ ਤਾਂ ਜੋ ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਇਹ ਕਿਤਾਬ ਸਰਵਹਾਰਾ ਲੋਕ ਸਮਝ ਬਣਾਉਣ ਲਈ ਹੋਰ ਸਰਕੂਲੇਟ ਕੀਤੀ ਜਾ ਸਕੇ। ਇਹ ਕਿਤਾਬ ਸਤਨਾਮ ਸਿੰਘ ਚਾਨਾ ਨੇ ਸੰਪਾਦਿਤ ਕੀਤੀ ਹੈ। ਹੁਣ ਦੁਬਾਰਾ ਡਾ: ਕੁਲਦੀਪ ਸਿੰਘ ਹੁਰਾਂ ਦੀ ਰਹਿਨੁਮਾਈ ਤਹਿਤ ਇਹ ਤੀਸਰੇ ਐਡੀਸ਼ਨ ਦੇ ਰੂਪ ਵਿੱਚ ਛਪ ਕੇ ਆਈ ਹੈ। ਫਾਰਮਰਜ਼ ਸਪੋਰਟ ਕਮੇਟੀ ਆਸਟਰੇਲੀਆ ਵੱਲੋਂ ਭਾਰਤੀ ਕਿਸਾਨ ਅੰਦੋਲਨ ਅਤੇ ਹੋਰ ਕਾਰਜਾਂ ਲਈ ਕੁੱਲ 2 ਲੱਖ 18 ਹਜ਼ਾਰ ਦੀ ਰਾਸ਼ੀ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਢੀ ਦੇ ਰਾਹੀਂ ਜਲਦ ਹੀ ਸੰਬੰਧਿਤ ਜਥੇਬੰਦੀ ਜਾਂ ਅਦਾਰੇ ਤੱਕ ਪੁੱਜਦੀ ਕਰ ਦਿੱਤੀ ਜਾਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!