
✍ਹਰਮਨਦੀਪ
ਕਿਸਾਨੀ ਸਘੰਰਸ਼ ਨੇ ਭਾਰਤ ਦੀ ਕਿਸਾਨੀ ਨੂੰ ਬਹੁਤ ਹੀ ਨਵੇਂ ਤਜੁਰਬਿਆਂ ਵਿੱਚੋਂ ਦੀ ਕੱਢਿਆ ਹੈ। ਪਰ ਅਸੀਂ ਸੁਭਾਗੇ ਹਾਂ ਕਿ ਸਾਡੀ ਧਿਰ ਨੂੰ ਜਗਾਉਣ ਲਈ ਇਸ ਵਾਰ ਕਿਸੇ ਆਗੂ ਨੂੰ ਸੀਸ ਨਹੀਂ ਦੇਣਾ ਪਿਆ ਤੇ ਨਾ ਹੀ ਫਾਂਸੀ ਦਾ ਰੱਸਾ ਚੁੰਮਣਾ ਪਿਆ। ਪੰਜ ਮਹੀਨਿਆਂ ਤੋਂ ਉਪਰ ਦੇ ਲਗਾਤਾਰ ਹੋ ਰਹੇ ਮੁਜ਼ਾਹਰਿਆਂ, ਹੜਤਾਲਾਂ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੇ ਇਸ ਤੋਂ ਅੱਗੇ ਰਾਜਾਂ ਵਿਚ ਦੀ ਲੰਘਦਿਆਂ ਸਿਧਾਂਤਕ ਲਾਮਬੰਦੀ ਕੀਤੀ ਹੈ। ਹਰ ਪੜਾਅ ਉਤੇ ਇੱਕ ਨਿਸ਼ਚਿਤ ਟੀਚੇ ਨੂੰ ਪ੍ਰਾਪਤ ਕਰਕੇ ਸਘੰਰਸ਼ ਨੂੰ ਉਸਤੋਂ ਅਗਲੇ ਪੜਾਅ ਵਿੱਚ ਲਿਜਾਣ ਵਿੱਚ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਤਜੁਰਬੇ ਵਧੀਆ ਨਤੀਜੇ ਲਿਆ ਰਹੇ ਹਨ। ਅਜੇ ਤੱਕ ਜਾਣੇ ਅਣਜਾਣੇ ਫੁੱਟ ਪਾਉਣ ਵਾਲੇ ਤੇ ਹਕੂਮਤ ਦੇ ਪਾਲਤੂ ਫੁੱਟ ਪਾਉਣ ਵਾਲਿਆਂ ਵਿੱਚੋਂ ਇੱਕ ਵੀ ਕਿਸਾਨੀ ਸਘੰਰਸ਼ ਕਮੇਟੀ ਨੂੰ ਹਰਾ ਨਹੀਂ ਸਕਿਆ। ਹਰ ਵਾਰ ਬਹੁਤ ਹੀ ਸੂਝ ਨਾਲ ਸਾਂਝੀ ਕਮੇਟੀ ਨੇ ਏਕਤਾ ਬਰਕਰਾਰ ਰੱਖਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
26 ਜਨਵਰੀ ਗਣਤੰਤਰ ਦਿਵਸ ਉੱਤੇ ਪਰੇਡ ਲਈ ਪਿੰਡਾਂ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਦਿੱਲੀ ਤੋਂ ਇਹ ਹੜ੍ਹ ਸਾਂਭਿਆ ਨਹੀਂ ਜਾਣਾ ।ਇਹ ਟਰੈਕਟਰ ਮਾਰਚ ਸਰਕਾਰ ਦੇ ਫ਼ੈਸਲੇ ਵਿਰੁੱਧ ਕਿਸਾਨਾਂ ਦੀ ਏਕਤਾ ਦੀ ਮਿਸਾਲ ਬਣਨਾ ਹੈ ਤੇ ਨਾਲ ਦੀ ਨਾਲ ਲੰਬੇ ਸਘੰਰਸ਼ ਵਿੱਚ ਕਿਸਾਨਾਂ ਦੇ ਬੁਲੰਦ ਹੌਸਲੇ ਦਾ ਪ੍ਰਤੀਕ ਵੀ। ਮੈਂ ਚਲਦੇ ਸਘੰਰਸ਼ਾਂ ਦਾ ਖੁਦ ਹਿੱਸਾ ਰਿਹਾ ਹਾਂ । ਐਨੇ ਲੰਬੇ ਸਘੰਰਸ਼ ਚਲਾਉਣੇ ਖਾਲਾ ਜੀ ਵਾੜਾ ਨਹੀਂ। ਅਸੀਂ ਗੱਲਾਂ ਗੱਲਾਂ ਵਿੱਚ ਮਹਿਲ ਸਿਰਜ ਲੈਂਦੇ ਹਾਂ। ਪਰ ਪਤਾ ਉਸ ਵਕਤ ਲਗਦਾ ਹੈ ਜਦੋਂ ਸਾਨੂੰ ਖੁਦ ਕਿਸੇ ਸਘੰਰਸ਼ ਦਾ ਹਿੱਸਾ ਬਣਨਾ ਪੈਂਦਾ ਹੈ। ਅੱਜ ਉਹ ਲੋਕ ਦਿੱਲੀ ਬੈਠੇ ਹਨ ਜਿਹਨਾਂ ਦਹਾਕਿਆਂ ਲੰਬੀ ਲੜਾਈ ਲਗਾਤਾਰ ਲੜੀ ਹੈ। ਜਿਨਾਂ ਯੂਨੀਅਨਾਂ ਨੂੰ ਲਹੂ ਦੇ ਕੇ ਅਜਿਹੇ ਸਘੰਰਸ਼ਾਂ ਲਈ ਜੱਥੇਬੰਦ ਕਰਕੇ ਰੱਖਿਆ ਹੈ। ਅਸੀਂ ਮੰਨਦੇ ਹਾਂ ਕਿ ਸਘੰਰਸ਼ ਲਈ ਪੈਸੇ ਦੀ ਥੁੜ ਨਹੀਂ ਪਰ ਜਿਹੜੇ ਯੋਧੇ ਦੋ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੇ ਪਿੜ ਵਿੱਚ ਲੜ੍ਹ ਰਹੇ ਹਨ ਉਹਨਾਂ ਦਾ ਪਰਿਵਾਰ ਵੀ ਹੈ , ਜਾਨੋਂ ਪਿਆਰੇ ਖੇਤ ਵੀ ਪਿੱਛੇ ਛੱਡੇ ਹੋਏ ਹਨ। ਕਿਸਾਨ ਦੋ ਦਿਨ ਘਰੋਂ ਬਾਹਰ ਚਲਾ ਜਾਵੇ ਡੰਗਰ ਪਸ਼ੂ ਨੂੰ ਸਾਂਭਣ ਵਾਲੀ ਨੌਬਤ ਆ ਜਾਂਦੀ ਹੈ। ਉਹਦੇ ਬੱਚੇ ਉਹਦਾ ਪਰਿਵਾਰ ਕਿਵੇਂ ਚਲਦਾ ਹੋਵੇਗਾ ? ਫੇਰ ਬਹੁਤਾਤ ਕਿਸਾਨਾਂ ਉਪਰ ਕਰਜਾ ਹੈ ,ਬੈਂਕ ਤੋਂ ਲਿਮਟਾਂ ਚੁਕੀਆਂ ਹੋਈਆਂ ਹਨ ਅਸੀਂ ਅੰਦਾਜ਼ਾ ਵੀ ਨਹੀਂ ਕਰ ਸਕਦੇ ਕਿ ਉਹਨਾਂ ਉਪਰ ਇਸ ਤਰ੍ਹਾਂ ਦੇ ਕਿੰਨੇ ਕੁ ਬੋਝ ਹਨ ਪਰ ਉਹ ਕਿਸਾਨ ਫਿਰ ਵੀ ਇਸ ਲੜਾਈ ਨੂੰ ਜਿੱਤਣ ਲਈ ਦਿੱਲੀ ਡੇਰੇ ਲਾਈ ਬੈਠਾ ਹੈ। ਦਿਲ ਨੂੰ ਦੌਰਾ ਇਹਨਾਂ ਹਾਲਤਾਂ ਵਿੱਚ ਵੀ ਪੈ ਸਕਦਾ ਹੈ ਪਰ ਅਗਲੇ ਖਬਰਾਂ ਦੇ ਰਹੇ ਹਨ ਕਿ ਕਿਸਾਨ ਵਧੀਆ ਖਾਣ ਪੀਣ ਲੱਗ ਪਏ ਹਨ, ਤਾਂ ਦਿਲ ਦੇ ਦੌਰੇ ਪੈਂਦੇ ਹਨ ।
ਕਿਸਾਨ ਦੋ ਦਿਨ ਲਾਹਮ ਚਲਾ ਜਾਵੇ ਖੇਤ ਵਿਰਾਨ ਹੋ ਜਾਂਦੇ ਹਨ ,ਜਿਸ ਦਿਨ ਕਿਸਾਨ ਖੁਦ ਜਾ ਕੇ ਫਸਲ ਦਾ ਹਾਲ ਨਹੀਂ ਪੁੱਛਦਾ ਫਸਲ ਉਦਾਸ ਰਹਿੰਦੀ ਹੈ। ਹੁਣ ਅੰਦਾਜ਼ਾ ਲਾਵੋ ਤੇ ਪੰਜ ਮਹੀਨਿਆਂ ਦੇ ਲਗਾਤਾਰ ਸਘੰਰਸ਼ ਵਿੱਚ ਗੁਜਰੇ ਇੱਕ ਇੱਕ ਦਿਨ ਨੂੰ ਮਹਿਸੂਸ ਕਰਕੇ ਦੇਖੋ । ਇਹ ਹੈ ਇੱਕ ਕਿਸਾਨ ਦਾ ਜੀਵਨ , ਜੋ ਦੋ ਮਹੀਨੇ ਤੋਂ ਦਿੱਲੀ ਜ਼ਿੰਦਗੀ ਮੌਤ ਦੀ ਲੜਾਈ ਲੜ੍ਹ ਰਿਹਾ ਹੈ।
ਦੂਜੀ ਗੱਲ ਹੈ ਉਹਨਾਂ ਦੀ ਜੋ ਸਘੰਰਸ਼ ਨੂੰ ਵਿਦੇਸ਼ਾਂ ਵਿੱਚ ਬੈਠ ਕੇ ਚਲਾਉਣਾ ਚਾਹੁੰਦੇ ਹਨ । ਸਘੰਰਸ਼ ਇਸ ਪੱਧਰ ਉੱਤੇ ਪਹੁੰਚ ਚੁੱਕਾ ਐ ਕਿ ਸ਼ਾਂਤੀ ਦੇ ਨਾਲ ਨਾਲ ਵਿਸ਼ਵਾਸ ਤੇ ਏਕਾ ਬਹੁਤ ਜ਼ਰੂਰੀ ਹੈ। ਕੁੱਝ ਸ਼ਰਾਰਤੀ ਅਨਸਰ ਬਾਹਰ ਬੈਠੇ ਹੀ ਸਘੰਰਸ਼ ਕਮੇਟੀ ਨੂੰ ਸਵਾਲ ਜਵਾਬ ਕਰ ਰਹੇ ਹਨ ਕਿ “ਸਘੰਰਸ਼ ਕਮੇਟੀ ਆਹ ਸਹੀ ਨਹੀਂ ਕਰ ਰਹੀ ,ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ” ਆਦਿ ਆਦਿ। ਇਹ ਸਭ ਆਪਣੇ ਆਪ ਨੂੰ ਬੁਧੀਜੀਵੀ ਸਮਝਦੇ ਹੋਏ ਵੀ ਐਨੇ ਕੁ ਪੈਦਲ ਹਨ ਕਿ ਐਨਾ ਕੁ ਵੀ ਨਹੀਂ ਸਮਝਦੇ ਕਿ ਸਘੰਰਸ਼ ਦੀ ਵਿਉਂਤਬੰਦੀ ਦਿੱਲੀ ਬੈਠੇ ਲੋਕਾਂ ਦੀ ਚੇਤਨਾ ਦੇ ਪੱਧਰ ਨਾਲ ਹੋ ਰਹੀ ਹੈ। ਦੂਜੇ ਦੇਸ਼ਾਂ ਵਿੱਚ ਬੈਠਿਆਂ ਨੂੰ ਬਹੁਤ ਕੁੱਝ ਸਹੀ ਲੱਗ ਰਿਹਾ ਹੈ ਜਾਂ ਗਲਤ ਲੱਗ ਰਿਹਾ ਹੈ ਪਰ ਅਸਲ ਵਿੱਚ ਸਘੰਰਸ਼ ਕਰ ਰਹੇ ਲੋਕਾਂ ਦੀ ਸਮਝ ਅਨੁਸਾਰ ਜੋ ਸਹੀ ਐ, ਉਹੀ ਸਹੀ ਹੈ ਤੇ ਜੋ ਉਹਨਾਂ ਅਨੁਸਾਰ ਗਲਤ ਹੈ ਉਹ ਗਲਤ ਹੀ ਹੈ। ਬਾਹਰੋਂ ਬੈਠੇ ਸਘੰਰਸ਼ ਨੂੰ ਸੇਧ ਦੇਣ ਇੱਛਾ ਰੱਖਣ ਵਾਲੇ ਕਿਸਾਨਾਂ ਦੀ ਮਦਦ ਨਾ ਕਰਕੇ, ਸਘੰਰਸ਼ ਨੂੰ ਕੰਮਜ਼ੋਰ ਕਰ ਰਹੇ ਹਨ। ਸਘੰਰਸ਼ ਦੀ ਅਗਵਾਈ ਕਰਦੀ ਸਾਂਝੀ ਕਮੇਟੀ ਉੱਤੇ ਕਿਸਾਨਾਂ ਨੂੰ ਪੂਰਨ ਵਿਸ਼ਵਾਸ ਐ, ਭਰੋਸਾ ਹੈ ਕਿ ਉਹ ਸਹੀ ਦਿਸ਼ਾ ਵਿਚ ਜਾ ਰਹੇ ਹਨ । ਪਰ ਉਸ ਵਿਸ਼ਵਾਸ ਨੂੰ ਕੰਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਹਰ ਰੋਜ ਅੰਦਰੋਂ ਤੇ ਬਾਹਰੋਂ ਲਗਾਤਾਰ ਜਾਰੀ ਹਨ । ਇਹ ਕਿਸਾਨਾਂ ਤੇ ਸਘੰਰਸ਼ ਕਮੇਟੀ ਵਿੱਚ ਬਣਿਆ ਵਿਸ਼ਵਾਸ ਹੀ ਹੈ ਜੋ ਸਘੰਰਸ਼ ਨੂੰ ਕੰਮਜ਼ੋਰ ਨਹੀਂ ਪੈਣ ਦੇ ਰਿਹਾ। ਦਿੱਲੀ ਵਿੱਚ ਟਰੈਕਟਰ ਮਾਰਚ ਨੂੰ ਲੈ ਕੇ ਸੌ ਸਲਾਹਾਂ ਹਰ ਰੋਜ ਸ਼ੋਸ਼ਲ ਮੀਡੀਆ ਉੱਤੇ ਪੈ ਰਹੀਆਂ ਹਨ । ਸਘੰਰਸ਼ ਕਮੇਟੀ ਦਾ ਵਿਰੋਧ ਕਰਨ ਦੇ ਬਹਾਨੇ ਨਕਲੀ ਟਰੈਕ ਬਣਾ ਬਣਾ ਕੇ , ਆਪਣੇ ਵਿਰੋਧੀ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਮਾਰਚ ਅਖੀਰਲਾ ਹਥਿਆਰ ਨਹੀਂ ਹੈ। ਇਸ ਤੋਂ ਬਾਅਦ ਸਘੰਰਸ਼ ਖਤਮ ਨਹੀਂ ਹੋਣ ਜਾ ਰਿਹਾ। ਜੇ ਸਘੰਰਸ਼ ਕਮੇਟੀ ਗਲਤ ਫੈਸਲਾ ਵੀ ਲੈ ਲੈਂਦੀ ਹੈ ਤਾਂ ਲੜ੍ਹਨ ਵਾਲੇ ਲੋਕ ਉਹਨਾ ਨਾਲ ਜਵਾਬ ਤਲਬੀ ਕਰ ਸਕਦੇ ਹਨ । ਬਾਕੀ ਮੈਨੂੰ ਨਹੀਂ ਲਗਦਾ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਲੀਡਰਸ਼ਿਪ ਉਪਰ ਬੇਵਿਸ਼ਵਾਸੀ ਹੈ। ਉਹਨਾਂ ਨੂੰ ਪਤਾ ਹੈ ਕਿ ਆਗੂਆਂ ਨੂੰ ਚਲਦੇ ਸਘੰਰਸ਼ ਵਿੱਚ ਬਹੁਤ ਫੈਸਲਿਆਂ ਨੂੰ ਸਮਝੌਤਿਆਂ ਤਹਿਤ ਥੋੜਾ ਬਹੁਤ ਉੱਪਰ ਹੇਠਾਂ ਕਰਨਾ ਪੈ ਸਕਦਾ ਹੈ। ਚਲਦੇ ਸਘੰਰਸ਼ ਵਿੱਚ ਬਹੁਤ ਸਮਝੌਤਿਆਂ ਦੀ ਗੁੰਜਾਇਸ਼ ਹੁੰਦੀ ਹੈ ਪਰ ਸਮਝੌਤੇ ਵੀ ਸਾਡੇ ਲਈ ਅਗਲੀ ਵਿਉਂਤਬੰਦੀ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ ,ਨਿੱਕੀ ਨਿੱਕੀ ਜਿੱਤ ਰਾਹੀਂ ਵੱਡੀ ਜਿੱਤ ਵੱਲ ਵਧਿਆ ਜਾਂਦਾ ਹੈ । ਪੰਜਾਬ ਦਾ ਕਿਸਾਨ ਹੀ ਨਹੀਂ ਬਲਕਿ ਪੰਜਾਬ ਦੀ ਅਗਵਾਈ ਵਿੱਚ ਪੂਰੇ ਭਾਰਤ ਦਾ ਕਿਸਾਨ ਸੱਤਾ ਉੱਤੇ ਕਾਬਜ ਧਿਰ ਨਾਲ ਟੱਕਰ ਵਿੱਚ ਬਾਕੀ ਵਰਗਾਂ ਦੀ ਅਗਵਾਈ ਕਰ ਰਿਹਾ ਹੈ। ਇਹ ਸਘੰਰਸ਼ ਨੇ ਦਹਾਕਿਆਂ ਤੋਂ ਪਈ ਖੜੋਤ ਤੋੜੀ ਹੈ।ਇਸ ਨੇ ਮਿਹਨਤਕਸ਼ ਲੋਕਾਂ ਨੂੰ ਨਵੇਂ ਸੁਪਨੇ ਸਿਰਜਣ ਦਾ ਹੌਂਸਲਾ ਦਿੱਤਾ ਹੈ। ਇਹ ਕਿਸਾਨਾਂ ਦੇ ਸਘੰਰਸ਼ ਦੀ ਪਹਿਲੀ ਜਿੱਤ ਹੈ ਕਿ ਸਾਰੀਆਂ ਵੱਖਰੀਆਂ ਵੱਖਰੀਆਂ ਵਿਚਾਰਧਾਰਵਾਂ ਨੂੰ ਇੱਕ ਮੰਚ ਤੋਂ ਆਪਣੀ ਅਜ਼ਮਾਇਸ਼ ਦਾ ਮੌਕਾ ਦਿੱਤਾ ਹੈ ਇਕ ਸਾਂਝਾ ਮੰਚ ਦਿੱਤਾ ਹੈ ਤੇ ਹਿਤਾਂ ਦੇ ਆਧਾਰ ਉਪਰ ਇੱਕ ਧਿਰ ਬਣਾ ਕੇ ਹਕੂਮਤ ਨਾਲ ਟੱਕਰ ਵਿੱਚ ਖੜ੍ਹਾ ਕਰ ਦਿੱਤਾ ਹੈ।
ਹਰਮਨਦੀਪ
imgill79@gmail.com