ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਭਾਰਤੀ ਟੈਲੀਵਿਜ਼ਨ NDtv ਦੀ ਪ੍ਰਮੁੱਖ ਪੱਤਰਕਾਰ ਨਿਧੀ ਰਜ਼ਦਾਨ ਅਮਰੀਕਾ ਸਥਿਤ ਹਾਰਵਰਡ ਯੂਨੀਵਰਸਿਟੀ ਵਿੱਚ ਨੌਕਰੀ ਲੱਗਣ ਦੇ ਮਾਮਲੇ ਵਿੱਚ ਧੋਖਾਧੜੀ ਦਾ ਸ਼ਿਕਾਰ ਹੋਈ ਹੈ। ਪੱਤਰਕਾਰੀ ਦੀ ਦੁਨੀਆਂ ਵਿੱਚ ਪੁਰਸ਼ਕਾਰ ਪ੍ਰਾਪਤ ਨਿਧੀ ਰਜ਼ਦਾਨ ਨੇ ਟਵਿੱਟਰ ਦੀ ਇੱਕ ਪੋਸਟ ਵਿੱਚ ਉਸਦੇ ਹਾਰਵਰਡ ਯੂਨੀਵਰਸਿਟੀ “ਚ ਪੱਤਰਕਾਰੀ ਵਿਸ਼ੇ ਵਿੱਚ ਸਹਿਯੋਗੀ ਪ੍ਰੋਫੈਸਰ ਵਜੋਂ ਨੌਕਰੀ ਮਿਲਣ ਦਾ ਐਲਾਨ ਕਰਦਿਆਂ ਪਿਛਲੇ ਸਾਲ ਜੂਨ ਵਿੱਚ ਦੇਸ਼ ਦੇ ਨਾਮੀ ਨਿਊਜ਼ ਚੈਨਲਾਂ ਵਿਚੋਂ ਇੱਕ ਐਨ ਡੀ ਟੀ ਵੀ ਵਿੱਚ ਨਿਊਜ਼ ਐਂਕਰ ਵਜੋਂ 21 ਸਾਲ ਕੰਮ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਪਰ ਇਸ ਸੰਬੰਧੀ ਸ਼ੁੱਕਰਵਾਰ ਨੂੰ ਰਜ਼ਦਾਨ ਦੁਆਰਾ ਸੋਸ਼ਲ ਮੀਡੀਆ ‘ਤੇ ਦੱਸਿਆ ਗਿਆ ਕਿ ਸਤੰਬਰ 2020 ਵਿੱਚ ਯੂਨੀਵਰਸਿਟੀ ਦੀ ਸ਼ੁਰੂ ਹੋਣ ਵਾਲੀ ਇਸ ਨੌਕਰੀ ਦੀ ਪੇਸ਼ਕਸ਼ ਜਾਅਲੀ ਸੀ। ਇਸ ਧੋਖਾਧੜੀ ਬਾਰੇ ਇਸ ਪੱਤਰਕਾਰਾ ਵੱਲੋਂ ਸੰਬੰਧਿਤ ਸਬੂਤਾਂ ਸਮੇਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਰਜ਼ਦਾਨ ਅਨੁਸਾਰ ਉਸ ਨੂੰ ਨੌਕਰੀ ਸੰਬੰਧੀ ਆਈਆਂ ਈਮੇਲਾਂ ‘ਚ ਕੋਰੋਨਾਂ ਵਾਇਰਸ ਮਹਾਂਮਾਰੀ ਕਾਰਨ ਨੌਕਰੀ ਸ਼ੁਰੂ ਕਰਨ ਦੀ ਤਾਰੀਖ ਵਧਾਉਣ ਦੀ ਜਾਣਕਾਰੀ ਦੇਣ ਦੇ ਨਾਲ ਕਲਾਸਾਂ ਦੇ ਜਨਵਰੀ 2021 ਵਿੱਚ ਸ਼ੁਰੂ ਹੋਣ ਬਾਰੇ ਦੱਸਿਆ ਗਿਆ ਸੀ ਅਤੇ ਇਸ ਦੇਰੀ ਨਾਲ ਉਸਨੂੰ ਨੌਕਰੀ ਪ੍ਰਕਿਰਿਆ ਵਿੱਚ ਸ਼ੱਕ ਹੋਇਆ ,ਜਿਸ ਬਾਰੇ ਇਸ ਪੱਤਰਕਾਰ ਨੂੰ ਹਾਰਵਰਡ ਯੂਨੀਵਰਸਿਟੀ ਤੱਕ ਪਹੁੰਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਇਸ ਜਾਅਲੀ ਕਾਰਵਾਈ ਦੇ ਸੰਬੰਧ ਵਿੱਚ ਇਸ ਪੱਤਰਕਾਰ ਨੇ ਕਿਹਾ ਕਿ ਦੋਸ਼ੀਆਂ ਨੇ ਉਸਦੇ ਨਿੱਜੀ ਡਾਟੇ ਤੱਕ ਪਹੁੰਚ ਪ੍ਰਾਪਤ ਕਰਨ ਲਈ ਈਮੇਲ ਜਾਂ ਸੋਸ਼ਲ ਮੀਡੀਆ ਖਾਤਿਆਂ ਤੱਕ ਵੀ ਪਹੁੰਚ ਕੀਤੀ ਹੋ ਸਕਦੀ ਹੈ। ਇਸਦੇ ਇਲਾਵਾ ਰਜ਼ਦਾਨ ਨੇ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਵੀ ਕੀਤੀ ਹੈ।