6.9 C
United Kingdom
Sunday, April 20, 2025

More

    ਭਾਈ ਘਨੱਈਆ ਦੇ ਵਾਰਿਸ ਬਣ ਕੇ ਨਿਤਰਨਗੇ ਸ਼ਹੀਦ ਭਾਈ ਜੈਤਾ ਜੀ ਮਿਸ਼ਨ ਦੇ ਆਗੂ

    ਡਾ. ਅਵਤਾਰ ਸਿੰਘ (ਫਰੀਦਕੋਟ)

    ਪਿਛਲੇ ਦਿਨੀਂ ਮਨੁੱਖਤਾ ਨੂੰ ਸ਼ਰਮ ਸਾਰ ਕਰਦੀਆਂ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਕੇ ਸਭ ਦੇ ਹਿਰਦੇ ਵਲੂੰਧਰੇ ਗਏ। ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕੇ ਇਨਸਾਨੀਅਤ ਦੀ ਏਨੀ ਨਿਘਰੀ ਤਸਵੀਰ ਅਜੋਕੇ ਸਮੇਂ ਵਿੱਚ ਮਿਲੇਗੀ। ਚੱਲ ਰਹੀ ਭਿਆਨਕ ਮਹਾਂਮਾਰੀ ਨੇ ਐਸਾ ਪਰਦਾ ਚੁੱਕਿਆ ਕੇ ਗਰਜਾਂ ਨਾਲ ਭਰਪੂਰ, ਅਖੌਤੀ ਰਿਸ਼ਤੇ ਨਾਤਿਆਂ ਨੇ ਮਨੁੱਖਤਾ ਨੂੰ ਹਕੀਕਤ ਦੀ ਕਸਵੱਟੀ ਤੇ ਰਗੜ ਕੇ ਡੂੰਘੇ ਚਿੰਤਨ ਦੀ ਭੱਠੀ ਵਿੱਚ ਆਖਿਰ ਝੋਕ ਹੀ ਦਿੱਤਾ। ਜਿੰਨਾ ਧੀਆ, ਪੁੱਤਾਂ, ਪੋਤਿਆਂ, ਦੋਹਤਿਆਂ , ਭੈਣਾਂ, ਭਰਾਵਾਂ ਤੇ ਦੋਸਤਾਂ ਮਿੱਤਰਾਂ ਦੇ ਗਰਜੀ ਰਿਸ਼ਤੇ ਨਾਤਿਆਂ ਨੂੰ ਨਿਭਾਉਣ ਲਈ ਭੁਲੱਕੜ ਬੰਦਾ ਸਾਰੀ ਉਮਰ ਮਾਇਆ ਇਕੱਠੀ ਕਰਨ ਵਿੱਚ ਨਸ਼ਟ ਕਰ ਦਿੰਦਾ ਹੈ ਤੇ ਫੋਕੀ ਚੌਧਰ ਖਾਤਿਰ ਆਪਣੀ ਜਿੰਦਗੀ ਦੌਰਾਨ ਪਾਪਾਂ ਦੀਆਂ ਗਠੜੀਆਂ ਬੰਨ੍ਹ ਲੈਂਦਾ ਹੈ , ਜਦੋਂ ਉਹਨਾਂ ਹੀ ਰਿਸ਼ਤੇ ਨਾਤਿਆਂ ਹੱਥੋਂ ਅੰਤ ਸਮੇਂ ਮੂੰਹ ਮੋੜ ਲਿਆ ਜਾਂਦਾ ਹੈ ਤਾਂ ਭਿਆਨਕ ਪੀੜਾ ਦੀ ਹੱਦ ਨਹੀਂ ਰਹਿੰਦੀ। ਭਾਂਵੇ ਇਤਿਹਾਸ ਵਿੱਚ ਸਰਵਣ ਪੁੱਤਰਾਂ ਦਾ ਜਿਕਰ ਆਇਆ ਤੇ ਭਾਈ ਘਨ੍ਹਈਆ ਵਰਗੇ ਨਿਰਵੈਰ ਸਿੱਖ ਸੇਵਕਾਂ ਨੇ ਇਨਸਾਨੀਅਤ ਦਾ ਅਸਲੀ ਮਾਰਗ ਦਰਸ਼ਨ ਵੀ ਕੀਤਾ ਪਰ ਸਮੇਂ ਸਮੇਂ ਤੇ ਅਵਤਾਰਾਂ, ਗੁਰੂਆਂ, ਸੰਤਾ ਮਹਾਂਪੁਰਸ਼ਾਂ ਨੇ ਹਮੇਸ਼ਾ ਇਹਨਾਂ ਰਿਸ਼ਤਿਆਂ ਦੀ ਸੱਚਾਈ ਪੇਸ਼ ਕਰਕੇ ਸਮੁੱਚਾ ਜੀਵਨ ਸੱਚ ਤੇ ਨਾਮ ਸਿਮਰਨ ਨੂੰ ਸਮਰਪਿਤ ਕਰਨ ਲਈ ਪ੍ਰੇਰਿਆ।
    ਜਦੋਂ ਪ੍ਰਸ਼ਾਸਨ ਜੁਲਮੀਂ ਹੋਵੇ ਤਾਂ ਗੱਲ ਵੱਖਰੀ, ਪਰ ਕੋਰੋਨਾ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਤੇ ਇਸ ਤੋਂ ਪ੍ਰਭਾਵਿਤ ਦੁਨੀਆਂ ਛੱਡ ਕੇ ਜਾਣ ਵਾਲੇ ਅਭਾਗਿਆਂ ਲਈ ਤਾ ਪ੍ਰਸ਼ਾਸ਼ਨ ਨੇ ਮਨੁੱਖਤਾ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ। ਫੇਰ ਕਿਸ ਦੇ ਡਰ ਭੈ ਕਾਰਨ ਆਪਣਿਆਂ ਨੇ ਹੀ ਆਪਣਿਆਂ ਨੂੰ ਦੁਰਕਾਰ ਦਿੱਤਾ ਤੇ ਐਸੇ ਵੇਲੇ ਪ੍ਰਸ਼ਾਸਨ ਹੀ ਸਰਵਣ ਪੁੱਤਰ ਸਾਬਿਤ ਹੋਇਆ। ਓਹ ਗੱਲ ਵੱਖਰੀ ਹੈ ਕਿ ਪਦਮ ਸ੍ਰੀ, ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਪੰਚ ਭੂਤਕ ਦੇਹ ਦੇ ਸੰਸਕਾਰ ਸਮੇਂ ਪ੍ਰਸ਼ਾਸਨ ਵੱਲੋਂ ਕੁਝ ਊਣਤਾਈਆਂ ਦੇਖਣ ਨੂੰ ਮਿਲੀਆਂ ਪਰ ਬਾਅਦ ਵਿੱਚ ਲੁਧਿਆਣੇ ਸ਼ਿਮਲਾ ਪੁਰੀ ਦੀ ਘਟਨਾ ਤੇ ਜਲੰਧਰ ਦੇ ਸਾਬਕਾ ਵਧੀਕ ਕਮਿਸ਼ਨਰ ਦੇ ਸੰਸਕਾਰ ਵੇਲੇ ਪ੍ਰਸ਼ਾਸਨ ਨੂੰ ਜਿੰਨਾ ਸਲਾਹਿਆ ਜਾਵੇ ਓਹ ਥੋੜ੍ਹਾ ਹੀ ਰਹੇਗਾ।
    ਇਹਨਾਂ ਘਟਨਾਵਾਂ ਨੇ ਗੁਰਮਤਿ ਅਨੁਸਾਰ ਚੱਲਣ ਵਾਲੇ ਗੁਰੂ ਪਿਆਰਿਆਂ ਨੂੰ ਇਸ ਔਖੀ ਘੜੀ ਵਿੱਚ ਨਿੱਤਰਨ ਨੂੰ ਸਵੈ ਪ੍ਰੇਰਿਤ ਕੀਤਾ। ਡਾਕਟਰ ਹਰਗੁਰ ਪਰਤਾਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾੲੀ ਘਨ੍ਹਈਆ ਜੀ ਦੀ ਵਿਰਾਸਤ ਨੂੰ ਅੱਗੇ ਤੋਰਨ ਦਾ ਉਪਰਾਲਾ ਕਰਨ ਵਾਲੇ ਭਾੲੀ ਜੈਤਾ ਜੀ ਮਿਸ਼ਨ ਦੇ ਆਗੂ ਰਾਜਿੰਦਰ ਸਿਂਘ ਰਿਆੜ, ਮਾਸਟਰ ਪਰਮਪਾਲ ਸਿੰਘ ਰੁਬੀ, ਸ. ਸੁਖਮੰਦਰ ਸਿੰਘ ਗੱਜਣਵਾਲਾ, ਕਮਲਜੀਤ ਸਿੰਘ ਗਰਬੀ ਤੇ ਡਾਕਟਰ ਜੱਗਾ ਸਿੰਘ ਨੇ ਇਸ ਔਖੀ ਘੜੀ ਵਿੱਚ ਤਾਰ ਤਾਰ ਹੋਏ ਰਿਸ਼ਤਿਆਂ ਕਰਕੇ ਕੋਰੋਨਾ ਪ੍ਰਭਾਵਿਤ ਅਕਾਲ ਚਲਾਨਾ ਕਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਰੁਲਣ ਤੋਂ ਬਚਾਉਣ ਲਈ ਉਹਨਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਟਰੇਨਿੰਗ ਪ੍ਰਾਪਤ ਕਰਕੇ ਸਰਕਾਰ ਨੂੰ ਸਹਿਯੋਗ ਤੇ ਸੇਵਾਵਾਂ ਦੇਣ ਦਾ ਜੋ ਤਹੱਈਆ ਕੀਤਾ ਹੈ ਉਸਦੀ ਮਨੁੱਖਤਾ ਸਦਾ ਰਿਣੀ ਰਹੇਗੀ। ਇਸ ਸੰਸਥਾ ਦੇ ਇਸ ਉਪਰਾਲੇ ਨਾਲ ਗਰਜੀ ਰਿਸ਼ਤਿਆਂ ਦੇ ਮੂੰਹ ਤੇ ਕਰਾਰੀ ਚਪੇੜ ਤਾਂ ਪਏਗੀ ਹੀ, ਨਾਲ ਹੀ ਭਾਈ ਘਨ੍ਹਈਆ ਜੀ ਦੀ ਵਿਰਾਸਤ ਦੀ ਹੋਂਦ ਬਰਕਰਾਰ ਰਹੇਗੀ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਪਰਉਪਕਾਰੀ ਸੰਸਥਾਵਾਂ ਦਾ ਭਰਪੂਰ ਸਹਿਯੋਗ ਲੇ ਕੇ ਨਵੀਂ ਪਿਰਤ ਪਾਉਣ ਵਿੱਚ ਸੁਹਿਰਦਤਾ ਭਰਪੂਰ ਅਮਲ ਕਰਨ ਵਿੱਚ ਫ਼ੌਰੀ ਕਦਮ ਉਠਾਏ ਤਾਂ ਕੇ ਲਾਸ਼ਾਂ ਦੀ ਦੁਰਗਤੀ ਪੰਜਾਬ ਦੀ ਧਰਤੀ ਤੋਂ ਅਲੋਪ ਹੋ ਜਾਵੇ।
    ਡਾਕਟਰ ਅਵਤਾਰ ਸਿੰਘ
    ਗਰੀਨ ਐਵੀਨਿਊ, ਫਰੀਦਕੋਟ।
    ਫੋਨ 9814336134

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!