ਬੀਜੇਪੀ ਆਗੂ ਮੱਖਣ ਜਿੰਦਲ ਵੱਲੋਂ ਪਾਰਟੀ ਨੂੰ ਅਲਵਿਦਾ
ਅਸ਼ੋਕ ਵਰਮਾ
ਬਠਿੰਡਾ,11ਜਨਵਰੀ2021:ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਕਮੇਟੀ ਮੈਂਬਰ ਮੱਖਣ ਜਿੰਦਲ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ‘ਚ ਅਸਤੀਫਾ ਦੇਣ ਨੇ ਬੀਜੇਪੀ ਨੂੰ ਵੱਡਾ ਝਟਕਾ ਲਾਇਆ ਹੈ। ਜਿੰਦਲ ਨੇ ਇਹ ਅਸਤੀਫਾ ਐਨ ਉਸ ਵਕਤ ਦਿੱਤਾ ਹੈ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਸਿਰ ਤੇ ਹਨ ਅਤੇ ਭਾਜਪਾ ਦੀ ਬੇੜੀ ਪੂਰੀ ਤਰਾਂ ਮੰਝਧਾਰ ’ਚ ਫਸੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਭਾਜਪਾ ਆਗੂਆਂ ਦੀ ਰਿਹਾਇਸ਼ ਅੱਗੇ ਧਰਨਾ ਦੇਣ ਦੇ ਸੱਦੇ ਤਹਿਤ ਜੱਥੇਬੰਦੀ ਦੇ ਕਾਰਕੁੰਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਜਿੰਦਲ ਦੀ ਰਿਹਾਇਸ਼ ਅੱਗੇ ਧਰਨਾ ਲਾਇਆ ਹੋਇਆ ਸੀ। ਕੁੱਝ ਦਿਨ ਪਹਿਲਾਂ ਜਿੰਦਲ ਨੇ ਅਸਤੀਫੇ ਲਈ ਇੱਕ ਹਫਤੇ ਦੀ ਮੋਹਲਤ ਅਤੇ ਅਜਿਹਾ ਨਾਂ ਹੋਣ ਦੀ ਸੂਰਤ ’ਚ ਦੁਬਾਰਾ ਸੰਘਰਸ਼ ਸ਼ੁਰੂ ਕਰਨ ਦੇ ਵਾਅਦੇ ਨਾਲ ਧਰਨਾ ਚੁਕਵਾ ਦਿੱਤਾ ਫਿਰ ਵੀ ਤਣਾਅ ਬਣਿਆ ਹੋਇਆ ਸੀ।
ਸੂਤਰ ਦੱਸਦੇ ਹਨ ਕਿ ਖੇਤੀ ਕਾਨੂੰਨਾਂ ਨੂੰ ਲੈਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਅਪਣਾਏ ਜਾ ਰਹੇ ਵਤੀਰੇ ਕਾਰਨ ਜਿੰਦਲ ਪਿਛਲੇ ਕਾਫੀ ਦਿਨਾਂ ਤੋਂ ਬੇਚੈਨੀ ਮਹਿਸੂਸ ਕਰ ਰਹੇ ਸਨ। ਇਸ ਦੇ ਨਾਲ ਹੀ ਭਾਜਪਾ ਆਗੂ ਤੇ ਪ੍ਰੀਵਾਰ ਵੱਲੋਂ ਵੀ ਪਾਰਟੀ ਤੋਂ ਮੁਸਤਫੀ ਹੋਣ ਲਈ ਦਬਾਅ ਪਾਇਆ ਜਾ ਰਿਹਾ ਸੀ। ਖਾਸ ਤੌਰ ਤੇ ਪਿਛਲੇ ਦਿਨੀ ਭਾਜਪਾ ਲੀਡਰ ਹਰਜੀਤ ਗਰੇਵਾਲ ਦੇ ਪਿੰਡ ਵਾਸੀਆਂ ਵੱਲੋਂ ਕੀਤੇ ਸਮਾਜਿਕ ਬਾਈਕਾਟ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਗੇ ਦਿਓ ਕੱਦ ਨੇਤਾਵਾਂ ਨੂੰ ਕਿਸਾਨਾਂ ਵੱਲੋਂ ਘੇਰਨ ਨੇ ਤਾਂ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਅਸਤੀਫੇ ਦਾ ਇੱਕ ਵੱਡਾ ਕਾਰਨ ਭਾਜਪਾ ਲੂਚ ਰਹਿੰਦਿਆਂ ਪ੍ਰਭਾਵਿਤ ਹੋ ਰਿਹਾ ਕਾਰੋਬਾਰ ਵੀ ਦੱਸਿਆ ਜਾ ਰਿਹਾ ਹੈ।
ਰਾਮਪੁਰਾ ਨਾਲ ਸਬੰਧਤ ਕੁੱਝ ਲੋਕਾਂ ਨੇ ਦੱਸਿਆ ਕਿ ਅਸਤੀਫਾ ਦੇਣ ਉਪਰੰਤ ਸ੍ਰੀ ਜਿੰਦਲ ਖੁਦ ਨੂੰ ਤਣਾਅ ਮੁਕਤ ਮਹਿਸੂਸ ਕਰ ਰਹੇ ਸਨ ਜਿਸ ਦਾ ਉਹਨਾਂ ਨਾਲ ਗੱਲਬਾਤ ਤੋਂ ਵੀ ਪਤਾ ਲੱਗਦਾ ਹੈ।ਮੂਲ ਰੂਪ ’ਚ ਰਾਮਪੁਰਾ ਸ਼ਹਿਰ ਨਿਵਾਸੀ ਮੱਖਣ ਜਿੰਦਲ ਭਾਜਪਾ ਦਾ ਜਿਲ੍ਹਾ ਪ੍ਰਧਾਨ ਵੀ ਰਹਿ ਚੁੱਕਿਆ ਹੈ। ਮਹੱਤਵਪੂਰਨ ਪਹਿਲੂ ਹੈ ਕਿ ਬੇਸ਼ੱਕ ਮੱਖਣ ਜਿੰਦਲ ਆਰਐਸਐਸ ਨਾਲ ਵੀ ਜੁੜਿਆ ਰਿਹਾ ਹੈ ਪਰ ਉਸ ’ਚ ਕਦੇ ਵੀ ਕੱਟੜਤਾ ਦਿਖਾਈ ਨਹੀਂ ਦਿੱਤੀ। ਜਿੰਦਲ ਨੂੰ ਭਾਰਤੀ ਜੰਤਾ ਪਾਰਟੀ ਵਿੱਚ ਵੀ ਰੈਸ਼ਨਲਿਸਟ ਅਤੇ ਸਭ ਨੂੰ ਨਾਲ ਲੈਕੇ ਚੱਲਣ ਵਾਲਾ ਚਿਹਰਾ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ ਮੱਖਣ ਜਿੰਦਲ ਦੇ ਅਸਤੀਫੇ ਦੀਆਂ ਪਿਛਲੇ ਕੁੱਝ ਦਿਨਾਂ ਤੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਜਿਹਨਾਂ ਨੂੰ ਹੁਣ ਵਿਰਾਮ ਲੱਗ ਗਿਆ ਹੈ।
ਕਾਰੋਬਾਰੀ ਲੀਡਰ ਫਿਕਰਮੰਦ
ਕਿਸਾਨਾਂ ਵੱਲੋਂ ਬੋਲੇ ਹੱਲਿਆਂ ਕਾਰਨ ਭਾਜਪਾ ਦੇ ਉਹਨਾਂ ਲੀਡਰਾਂ ’ਚ ਫਿਕਰਾਂ ਵਾਲਾ ਮਹੌਲ ਬਣਿਆ ਹੋਇਆ ਹੈ ਜੋ ਕਿਸੇ ਨਾਂ ਕਿਸੇ ਤਰਾਂ ਦਾ ਵਪਾਰ ਕਰਦੇ ਹਨ। ਅਜਿਹੇ ਹੀ ਇੱਕ ਕਾਰੋਬਾਰੀ ਨੇ ਮੰਨਿਆ ਕਿ ਖੇਤੀ ਕਾਨੂੰਨਾਂ ਕਾਰਨ ਉਹਨਾਂ ਦੇ ਧੰਦਿਆਂ ਨੂੰ ਮਾਰ ਪਈ ਹੈ। ਉਹਨਾਂ ਆਖਿਆ ਕਿ ਠੀਕ ਹੈ ਪਾਰਟੀ ਆਪਣੀ ਥਾਂ ਹੈ ਪਰ ਬੱਚਿਆਂ ਦੀ ਰੋਜੀ ਰੋਟੀ ਨਾਲੋਂ ਤਾਂ ਵੱਧ ਅਹਿਮ ਕੁੱਝ ਵੀ ਨਹੀਂ ਹੈ।
ਧਰਨੇ ’ਚ ਕੀਤਾ ਅਸਤੀਫੇ ਦਾ ਐਲਾਨ
ਭਾਜਪਾ ਆਗੂ ਮੱਖਣ ਜਿੰਦਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਰਾਮਪੁਰਾ ਵਿਖੇ ਪੀਡਬਲਯੂਡੀ ਵਾਲੀ ਥਾਂ ਤੇ ਚੱਲ ਰਹੇ ਧਰਨੇ ਸ਼ਾਮਲ ਹੋਏ ਅਤੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਜਿੰਦਲ ਨੇ ਕਿਹਾ ਕਿ ਉਹ ਪੂਰੀ ਤਾਂ ਕਿਸਾਨਾਂ ਦੇ ਨਾਲ ਹਨ ਅਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੀ ਪਾਰਟੀ ਤੋਂ ਲਾਂਭੇ ਹੋਣ ਦਾ ਕਦਮ ਚੁੱਕਿਆ ਹੈ। ਉਹਨਾਂ ਆਖਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ ਕੋਈ ਵੀ ਸਿਆਸੀ ਸਰਗਰਮੀ ਨਹੀਂ ਕੀਤੀ ਜਾਏਗੀ। ਇਸ ਮੌਕੇ ਮੱਖਣ ਜਿੰਦਲ ਨੇ ਕਿਸਾਨਾਂ ਨਾਲ ਕੁੱਝ ਸਮਾਂ ਬਿਤਾਇਆ ਅਤੇ ਲੰਗਰ ਚੋਂ ਚਾਹ ਵੀ ਪੀਤੀ। ਉਹਨਾਂ ਸਤਿਕਾਰ ਵੱਜੋਂ ਕਿਸਾਨੀ ਝੰਡਾ ਵੀ ਆਪਣੇ ਹੱਥਾਂ ’ਚ ਲਿਆ। ਵੱਡੀ ਗੱਲ ਹੈ ਕਿ ਇਸ ਅਸਤੀਫੇ ਤੋਂ ਬਾਅਦ ਪਾਰਟੀ ਨੂੰ ਹੋਰ ਝਟਕਿਆਂ ਦੇ ਵੀ ਸੰਕੇਤ ਮਿਲਣ ਲੱਗੇ ਹਨ।
ਭਰਾਵਾਂ ਨਾਲ ਖਲੋਣ ਦਾ ਸੁਆਗਤ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਸੇਵਾਮੁਕਤ ਅਧਿਆਪਕ ਮਾਸਟਰ ਸੁਖਦੇਵ ਸਿੰਘ ਜਵੰਧਾ ਦਾ ਕਹਿਣਾ ਸੀ ਕਿ ਉਹ ਜੱਥੇਬੰਦੀ ਸਮੇਤ ਸਮੂਹ ਕਿਸਾਨਾਂ ਵੱਲੋਂ ਮੱਖਣ ਜਿੰਦਲ ਦਾ ਸੁਆਗਤ ਕਰਦੇ ਹਨ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਖੁਸ਼ੀ ਹੈ ਉਹਨਾਂ ਦੇ ਭਰਾ ਨੇ ਕਿਸਾਨੀ ਵਿਰੋਧੀ ਫੈਸਲਿਆਂ ਦੀ ਥਾਂ
ਭਰਾਵਾਂ ਨਾਂਲ ਖਲੋਣ ਨੂੰ ਤਰਜੀਹ ਦਿੱਤੀ ਹੈ। ਉਹਨਾਂ ਦੂਸਰੇ ਭਾਜਪਾ ਲੀਡਰਾਂ ਨੂੰ ਵੀ ਕਿਸਾਨਾਂ ਨਾਲ ਜੁੜਕੇ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਸੱਦਾ ਦਿੱਤਾ। ਇਸ ਮੌਕੇ ਰਾਮਪੁਰਾ ਦੇ ਸਾਬਕਾ ਸਰਪੰਚ ਹਰਜੀਵਨ ਸਿੰਘ, ਜਗਦੇਵ ਸਿੰਘ ਰਾਮਪੁਰਾ, ਸੇਵਾਮੁਕਤ ਬੈਂਕ ਅਧਿਕਾਰੀ ਗੁਰਜੀਤ ਸਿੰਘ, ਸੁਖਜੀਵਨ ਸਿੰਘ ਰਾਮਪੁਰਾ, ਜੀਤ ਸਿੰਘ ਖਾਲਸਾ, ਯਾਦਵਿੰਦਰ ਸਿੰਘ ਅਤੇ ਰਾਜ ਕੁਮਾਰ ਆਦਿ ਹਾਜਰ ਸਨ।
ਸਮਾਂ ਵਿਚਾਰੇ ਮੋਦੀ ਸਰਕਾਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸੂਬਾ ਪੱਧਰੀ ਆਗੂ ਦੇ ਅਸਤੀਫੇ ਦੀ ਰੌਸ਼ਨੀ ’ਚ ਮੋਦੀ ਸਰਕਾਰ ਨੂੰ ਹੁਣ ਪੜਿਆ ਵਿਚਾਰ ਲੈਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਗੈਰ ਕਿਸਾਨ ਘਰਾਂ ਨੂੰ ਪਰਤਣ ਵਾਲੇ ਨਹੀਂ ਹਨ ਇਸ ਲਈ ਹੁਣ ਕਿਸਾਨ ਵਿਰੋਧੀ ਫੈਸਲੇ ਵਾਪਿਸ ਲੈਣ ’ਚ ਹੀ ਭਲਾਈ ਹੈ।