6.3 C
United Kingdom
Monday, April 21, 2025

More

    ਕਿਸਾਨੀ ਸੰਘਰਸ਼: ਕਿਸਾਨ ਲੀਡਰ ਅਤੇ ਸਿਰੜ..!

    ਪਿਛਲੇ ਤਿੰਨ ਮਹੀਨੇ ਤੋਂ ਭਾਰਤ ਦੀ ਭਗਵੀਂ ਸਰਕਾਰ ਨੇ ਜੋ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਹਨ, ਉਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦਾ ਬੀੜਾ ਪੰਜਾਬੀਆਂ ਨੇ ਚੱਕਿਆ ਤੇ ਇਸ ਅੰਦੋਲਨ ਜ਼ਰੀਏ ਪੂਰੇ ਭਾਰਤ ਵਿੱਚ ਭਗਵਿਆਂ ਦੇ ਖ਼ਿਲਾਫ਼ ਇੱਕ ਕ੍ਰਾਂਤੀ ਲਿਆਂਦੀ। ਪੰਜਾਬ ਦੀ ਨੌਜਵਾਨੀ ਜਿਸਨੂੰ ਨਿਕੰਮੇ, ਨਸ਼ੇੜੀ, ਗੈਂਸਸਟਰ ਹੋਰ ਪਤਾ ਨਹੀਂ ਕੀ ਕੀ ਕਿਹਾ ਜਾਂਦਾ ਸੀ… ਦਿੱਲੀ ਵੱਲ ਨੂੰ ਵਾ-ਵਰੋਲੇ ਵਾਂਗ ਤੁਰੇ ਤੇ ਹਰਿਆਣਵੀ ਭਰਾਵਾਂ ਦੀ ਮੱਦਦ ਨਾਲ ਪੁਲਿਸ ਰੋਕਾਂ ਨੂੰ ਘੱਗਰ ਵਿੱਚ ਜਿਵੇਂ ਮੂਲੀਆਂ ਨੂੰ ਕਿਸਾਨ ਵੱਟਾਂ ਤੋਂ ਪੁੱਟਦਾ ਇਓਂ ਪੱਟ ਪੱਟ ਸੁੱਟਦੇ ਅੱਗੇ ਵਧਦੇ ਗਏ ਤੇ ਇਸ ਸਮੇਂ ਦਿੱਲੀ ਨੂੰ ਦੇਸ਼ ਭਰਦੇ ਕਿਸਾਨਾਂ ਵੱਲੋਂ ਚੁਫੇਰਿਓ ਘੇਰਿਆ ਹੋਇਆ ਹੈ। ਸਰਕਾਰ ਬੇਸ਼ੱਕ ਕੰਧ ‘ਤੇ ਲਿਖਿਆ ਪੜ੍ਹਨ ਨੂੰ ਤਿਆਰ ਨਹੀਂ ਪਰ ਅੰਦਰੋਂ ਅੰਦਰੀ ਮੋਦੀ-ਸ਼ਾਹ ਦੀ ਪਤਲੂਣ ਪੂਰੀ ਤਰ੍ਹਾਂ ਗਿੱਲੀ ਹੋ ਚੁੱਕੀ ਹੈ। ਇਸ ਅੰਦੋਲਨ ਨੂੰ ਇਸ ਸਿਖਰ ਤੱਕ ਪਹੁੰਚਾਉਣ ਲਈ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਪੰਜਾਬੀ ਯੋਧਿਆਂ ਨੂੰ ਸਲਿਊਟ ਕਰਨਾ ਬਣਦਾ ਹੈ। ਸੰਘਰਸ਼ ਇੰਨਾ ਲੰਮਾ ਹੋ ਜਾਣ ਦੇ ਬਾਵਜੂਦ ਹਾਲੇ ਤੱਕ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਅਨੁਸ਼ਾਸਨ ਦੇ ਦਾਇਰੇ ਵਿੱਚ ਚੱਲ ਰਿਹਾ ਹੈ। ਹਰ ਪੱਖ ਤੋਂ ਇਸ ਸਭ ਦਾ ਸਿਹਰਾ ਉਕਤ ਸੰਘਰਸ਼ ਦੇ ਸਾਰੇ ਆਗੂਆਂ ਅਤੇ ਇਸ ਨਾਲ ਜੁੜੇ ਹਰ ਓਸ ਇਨਸਾਨ ਨੂੰ ਜਾਂਦਾ ਹੈ ਜਿਸ ਨੇ ਆਪਣੀ ਦੂਰ ਅੰਦੇਸ਼ੀ ਅਤੇ ਸੂਝ-ਬੂਝ ਅਤੇ ਸਬਰ ਦਾ ਸਬੂਤ ਦਿੰਦੇ ਹੋਏ ਸੰਘਰਸ਼ ਨੂੰ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਬਣਾਉਂਦੇ ਹੋਏ ਦੁਨੀਆ ਲਈ ਇਕ ਮਿਸਾਲ ਬਣਾ ਕੇ ਰੱਖ ਦਿੱਤਾ ਅਤੇ ਗੋਦੀ ਮੀਡੀਏ ਨੂੰ ਛੱਡਕੇ ਦੁਨੀਆਂ ਭਰ ਦਾ ਮੀਡੀਆ ਇਸ ਨੂੰ ਪ੍ਰਮੁੱਖਤਾ ਨਾਲ ਕਵਰਜ਼ ਦੇ ਰਿਹਾ ਹੈ। ਦੁਨੀਆਂ ਭਰਦੇ ਐਨ. ਆਰ . ਆਈ ਵੀਰਾਂ ਨੂੰ ਸਿਜਦਾ ਜ਼ਿਹਨਾਂ ਨੇ ਆਪੋ ਆਪਣੇ ਮੁਲਕਾਂ, ਆਪੋ ਆਪਣੇ ਸ਼ਹਿਰਾਂ ਵਿੱਚ ਵੱਡੀਆ ਕਾਰ ਰੈਲੀਆਂ ਕੱਢ ਕੇ ਯੂ. ਐਨ. ਓ. ਤੱਕ ਗੱਲ ਪਹੁੰਚਾਈ। ਬਹੁਤ ਵਾਰੀ ਦਿੱਲੀ ਦੇ ਬਾਡਰਾਂ ‘ਤੇ ਚੱਲਦੀਆਂ ਸਟੇਜਾਂ ਸਬੰਧੀ ਅਸੀਂ ਕਿੰਤੂ ਪਰੰਤੂ ਵੀ ਬਹੁਤ ਕਰਦੇ ਹਾਂ ਕਿ ਫਲਾਣੇ ਨੂੰ ਬੋਲਣ ਨਹੀ ਦਿੱਤਾ ਜਾਂਦਾ..? ਰਾਜੇਵਾਲ ਨੇ ਔਹ ਕਹਿ ਦਿੱਤਾ..? ਦੋਸਤੋ ਇਹ ਸੰਘਰਸ਼ ਹੁਣ ਪੂਰੇ ਜੋਬਨ ‘ਤੇ ਹੈ। ਹੱਡ ਚੀਰਵੀਂ ਠੰਢ ਵਿੱਚ ਪੋਹ ਮਾਘ ਦੇ ਮਹੀਨੇ, ਮੀਂਹਾਂ ਵਿੱਚ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟਣੀਆਂ ਕੋਈ ਖੇਡ ਨਹੀਂ ..! ਇਸ ਸਮੇਂ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਵਿੇਚ ਕੁੱਦ ਚੁੱਕੀਆਂ ਹਨ ਅਤੇ ਅਤੇ ਲੱਖਾਂ ਬੰਦਾ ਦਿੱਲੀ ਡੇਰੇ ਲਾਈ ਬੈਠਾ, ਐਨੇਂ ਵੱਡੇ ਅਵਾਮ ਨੂੰ ਇਕੱਠੇ ਰੱਖਣਾ ਖਾਲ੍ਹਾ ਜੀ ਦਾ ਵਾੜਾ ਨਹੀਂ..! ਇਸ ਸਭ ਕਾਸੇ ਦਾ ਸਿਹਰਾ ਪੰਜਾਬ ਦੇ ਸਮੂਹ ਲੀਡਰਾਂ ਸਿਰ ਜਾਂਦਾ ਜਿਹੜੇ ਬੜੀ ਤਕੜੀ ਸੂਝ-ਬੂਝ ਅਤੇ ਦੂਰ ਅੰਦੇਸ਼ੀ ਨਾਲ ਸਦੀ ਦੇ ਸਭ ਤੋਂ ਵੱਡੇ ਅੰਦੋਲਨ ਦੀ ਅਗਵਾਈ ਕਰ ਰਹੇ ਨੇ। ਜਿਹੜੇ ਲੋਕ ਇਹਨਾਂ ਲੀਡਰਾਂ ਨੂੰ ਪਿੱਛੇ ਕਰਕੇ ਆਪਣਾ ਨਾਮ ਚਮਕਾਉਣਾ ਚਾਹੁੰਦੇ ਨੇ ਜਾਂ ਕਿਸਾਨੀ ਸੰਘਰਸ਼ ਨੂੰ ਹੋਰ ਰੰਗਤ ਦੇਣਾ ਚਾਹੁੰਦੇ ਨੇ ਉਹਨਾਂ ਦੀ ਜਾਣਕਾਰੀ ਲਈ ਕਿ ਇਹ ਕਿਸਾਨੀ ਸੰਘਰਸ਼ ਦੇ ਮੋਢੀ ਹੀਰਿਆਂ ਵੱਲ ਉਂਗਲ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ ਕਿ ਇਹ ਬੰਦੇ ਰਾਤੋ ਰਾਤ ਲੀਡਰ ਨਹੀਂ ਬਣੇ, ਇਹਨਾਂ ਦੀ ਜ਼ਿੰਦਗੀ ਦੀ ਘਾਲਣਾ ਇਸ ਅਗਵਾਈ ਪਿੱਛੇ।
    77 ਸਾਲਾ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹਨ। ਬਲਬੀਰ ਸਿੰਘ ਦਾ ਪਿਛੋਕੜ ਖੰਨਾ ਦੇ ਪਿੰਡ ਰਾਜੇਵਾਲ ਦਾ ਹੈ ਅਤੇ ਉਹ ਸਥਾਨਕ ਏ.ਐੱਸ. ਕਾਲਜ ਤੋਂ ਐਫ਼. ਏ ਪਾਸ ਹਨ। ਇਥੇ ਇਹ ਜਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਸੰਵਿਧਾਨ ਨੂੰ ਤਿਆਰ ਕਰਨ ਦਾ ਸਿਹਰਾ ਰਾਜੇਵਾਲ ਦੇ ਸਿਰ ਹੀ ਬੱਝਦਾ ਹੈ ।

    ਇਕ ਹੋਰ ਚਰਚਿਤ ਕਿਸਾਨ ਆਗੂ ਜਿਨ੍ਹਾਂ ਨੂੰ ਅਕਸਰ ਇਸ ਸੰਘਰਸ਼ ਦੌਰਾਨ ਪ੍ਰੈੱਸ ਕਾਨਫਰੰਸਾਂ ਵਿਚਕਾਰ ਵੇਖਿਆ ਜਾਂਦਾ ਹੈ, ਉਹ ਡਾ. ਦਰਸ਼ਨ ਪਾਲ ਹਨ। ਆਪ ਵੀ ਉਕਤ 30 ਜਥੇਬੰਦੀਆਂ ਦੇ ਕੋਆਰਡੀਨੇਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।  ਡਾ. ਦਰਸ਼ਨ ਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਨ। ਇਨ੍ਹਾਂ ਦਾ ਮੁੱਖ ਪ੍ਰਭਾਵ ਤੇ ਆਧਾਰ ਪਟਿਆਲਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਦੱਸਿਆ ਜਾਂਦਾ ਹੈ। ਇਕ ਰਿਪੋਰਟ ਅਨੁਸਾਰ ਡਾ. ਦਰਸ਼ਨ ਪਾਲ ਨੇ 1973 ਵਿੱਚ ਐਮਬੀਬੀਐੱਸ, ਐੱਮ.ਡੀ. ਕਰਨ ਤੋਂ ਬਾਅਦ ਸਰਕਾਰੀ ਨੌਕਰੀ ਕੀਤੀ । ਡਾਕਟਰ ਸਾਬ੍ਹ ਆਪਣੇ ਕਾਲਜ ਦੇ ਜੀਵਨ ਦੌਰਾਨ ਵੀ ਵਿਦਿਆਰਥੀ ਲੀਡਰ ਦੇ ਤੌਰ ‘ਤੇ ਵਿਚਰਦੇ ਰਹੇ ਹਨ ਅਤੇ ਉਹਨਾ ਕਦੇ ਪ੍ਰਾਈਵੇਟ ਪ੍ਰੈਕਟਿਸ ਨਹੀਂ ਕੀਤੀ।
    ਜਗਮੋਹਨ ਸਿੰਘ, ਜਿਨ੍ਹਾਂ ਦਾ ਸਬੰਧ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰਮਾ ਨਾਲ ਹੈ। ਉਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਨ, ਜੋ ਉਗਰਾਹਾਂ ਤੋਂ ਬਾਅਦ ਵੱਡੀ ਦੂਜੇ ਨੰਬਰ ਦੀ ਜਥੇਬੰਦੀ ਕਹੀ ਜਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਜਗਮੋਹਨ ਸਿੰਘ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਪੂਰੇ ਸਮੇਂ ਲਈ ਸਮਾਜਿਕ ਕਾਰਕੁੰਨ ਬਣ ਗਏ। ਜਗਮੋਹਨ ਸਿੰਘ ਹੁਣ ਤੱਕ ਸੂਬੇ ਵਿੱਚ ਲੜੇ ਜਾਣ ਵਾਲੇ ਵੱਖ ਵੱਖ ਸੰਘਰਸ਼ਾਂ ਅਤੇ ਘੋਲਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਂਦੇ ਆਏ ਹਨ।
    ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰਿਆਂ ਵਿੱਚ ਇੱਕ ਹਨ। ਉਗਰਾਹਾਂ ਦਾ ਸੰਬੰਧ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ਨਾਲ ਹੈ। ਉਨ੍ਹਾਂ ਦਾ ਪਾਲਣ ਪੋਸ਼ਣ ਨਿਰੋਲ ਰੂਪ ਵਿਚ ਇਕ ਕਿਸਾਨੀ ਪਰਿਵਾਰ ਵਿੱਚ ਹੋਇਆ ਹੈ। ਜੋਗਿੰਦਰ ਸਿੰਘ ਭਾਰਤੀ ਫ਼ੌਜ ਵਿੱਚ ਸੇਵਾਮੁਕਤੀ ਉਪਰੰਤ ਕਿਸਾਨੀ  ਵੱਲ ਆ ਗਏ ਅਤੇ ਸਾਲ 2002 ਵਿੱਚ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਠਨ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਕਿਸਾਨੀ ਮੁੱਦਿਆਂ ਉੱਤੇ  ਸੰਘਰਸ਼ ਕਰਦੇ ਆ ਰਹੇ ਹਨ।  
    ਇਸ ਸੰਘਰਸ਼ ਦੌਰਾਨ ਇਕ ਹੋਰ ਚਰਚਿਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚਿਹਰਾ ਉਭਰ ਕੇ ਸਾਹਮਣੇ ਆਇਆ ਹੈ  ਜੋ ਕਿ ਬਲਵੀਰ ਸਿੰਘ ਰਾਜੇਵਾਲ ਦੀ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਥੋਪੇ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਘਾਤਕਪਣ ਨੂੰ ਲੈ ਕੇ  ਇਕ ਇਕ ਕਲਾਜ ਤੇ ਆਪਣੀਆਂ ਦਲੀਲਾਂ ਰਾਹੀਂ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਣ ਦੀ ਜੁਰੱਅਤ ਰੱਖਦੇ ਹਨ। ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕੱਛ ਅਤੇ ਮਹਾਰਾਸ਼ਟਰ ਦੇ ਕੁੱਝ ਕੁ ਕਿਸਾਨਾਂ ਨਾਲ ਸੰਵਾਦ ਕਰਦਿਆਂ ਨਵੇਂ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਏ ਤਾਂ ਇਸ ਦੇ ਉਤਰ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਇੱਕ ਵੀਡੀਓ ਸੰਦੇਸ਼ ਰਾਹੀਂ ਖੇਤੀ ਕਾਨੂੰਨਾਂ ਦੇ ਸੰਦਰਭ ਵਿਚ ਸਰਕਾਰ ਦੀਆਂ ਤਮਾਮ ਲਿਚ-ਗੜਿਚੀਆਂ ਗੱਲਾਂ ਦਾ ਬਹੁਤ ਹੀ ਠਰੰਮੇ ਅਤੇ ਦਲੀਲਾਂ ਸਹਿਤ ਠੋਕਵਾਂ ਜਵਾਬ ਦਿੱਤਾ ਸੀ।
    ਇਸ ਸੰਘਰਸ਼ ਦੌਰਾਨ ਇਕ ਹੋਰ ਚਿਹਰਾ ਜੋ ਸਾਡੇ ਸਾਹਮਣੇ ਆਇਆ ਹੈ ਉਸ ਨੂੰ ਅਸੀਂ ਰੁਲਦੂ ਸਿੰਘ ਮਾਨਸਾ ਦੇ ਨਾਂ ਨਾਲ ਜਾਣਦੇ ਹਾਂ। ਜਦੋਂ ਉਹ ਸਟੇਜ ‘ਤੇ ਆਪਣਾ ਭਾਸ਼ਣ ਦਿੰਦੇ ਹਨ ਤਾਂ ਉਨ੍ਹਾਂ ਦੇ ਹੱਥ ਵਿਚ ਇਕ ਖੂੰਡਾ ਹੁੰਦਾ ਹੈ। ਦਰਅਸਲ ਇਹ ਖੂੰਡਾ ਜਿਥੇ ਇਕ ਬਹਾਦਰੀ ਦਾ ਪ੍ਰਤੀਕ ਹੈ ਉਥੇ ਹੀ ਮੈਂ ਸਮਝਦਾ ਹਾਂ, ਇਹ ਖੂੰਡਾ ਉਨ੍ਹਾਂ ਦੀ ਇਕ ਪਹਿਚਾਣ ਬਣ ਚੁੱਕਾ ਹੈ। ਰੁਲਦੂ ਸਿੰਘ ਮਾਨਸਾ ਓਹੋ ਆਗੂ ਹਨ ਜਿਹੜੇ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਗਏ ਤਾਂ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਤੋਂ ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਸਾਨੀ ਝੰਡਾ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਵਿੱਚ ਆ ਗਏ ਤੇ ਅਮਿਤ ਸ਼ਾਹ ਨਾਲ ਬੈਠਕ ਨਾ ਕਰਨ ਦਾ ਫੈਸਲਾ ਕਰ ਦਿੱਤਾ ਪਰ ਜਲਦੀ ਹੀ ਪੁਲਸ ਵਾਲੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਜਿਸ ਤੋਂ ਬਾਅਦ ਪੁਲਸ ਵਾਲੇ ਨੇ ਉਨ੍ਹਾਂ ਤੋਂ ਖਿਮਾਂ ਮੰਗੀ ਤੇ ਇਸ ਉਪਰੰਤ ਉਹ ਬੈਠਕ ਵਿੱਚ ਸ਼ਾਮਲ ਹੋਏ। 
    ਇਸ ਉਕਤ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਆਗੂ ਜਿਨ੍ਹਾਂ ਨੂੰ ਨੌਜਵਾਨਾਂ ਦੀ ਅਵਾਜ਼ ਸਮਝਿਆ ਜਾਂਦਾ ਹੈ ਉਹ ਸਰਵਨ ਸਿੰਘ ਪੰਧੇਰ ਹਨ। ਪੰਧੇਰ ਮਾਝੇ ਦੇ ਸਿਰਕੱਢ ਕਿਸਾਨ ਆਗੂ ਹਨ। ਸਵਰਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਹਨ। ਇਥੇ ਜਿਕਰਯੋਗ ਹੈ ਕਿ ਇਸ ਜਥੇਬੰਦੀ ਦਾ ਗਠਨ 2000 ਵਿੱਚ ਸਤਨਾਮ ਸਿੰਘ ਪੰਨੂ ਹੁਰਾਂ ਨੇ ਕੀਤਾ। ਉਕਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਅਨੁਸਾਰ ਸਰਵਨ ਸਿੰਘ ਦਾ ਪਿੰਡ ਪੰਧੇਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਉਹ ਗਰੈਜੁਏਸ਼ਨ ਪਾਸ ਹਨ ਅਤੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਅੰਦੋਲਨਾਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ।

    ਇਸ ਸੰਘਰਸ਼ ਦੌਰਾਨ ਇਕ ਹੋਰ ਚਰਚਿਤ ਚਿਹਰਾ ਗੁਰਨਾਮ ਸਿੰਘ ਚਢੂਨੀ ਹਨ। ਚਢੂਨੀ ਜੋ ਕਿ ਹਰਿਆਣਾ ਤੋਂ ਹਨ ਅਤੇ ਇਸ ਸੰਘਰਸ਼ ਦੌਰਾਨ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। 
    ਇਸ ਤੋ ਇਲਾਵਾ ਲੱਖਾ ਸਿੱਧਾਣਾ, ਦੀਪ ਸਿੱਧੂ ਆਦਿ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ਤੋਂ ਪਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਵਿਵਾਦਾਂ ਦੇ ਬਾਵਜੂਦ ਪੰਜਾਬ ਦੀ ਨੌਜਵਾਨੀ ਨੂੰ ਇਸ ਸੰਘਰਸ਼ ਪ੍ਰਤੀ ਪ੍ਰਭਾਵਿਤ ਕਰਨ ਦਾ ਸਿਹਰਾ ਇਹਨਾ ਨੌਜਵਾਨਾਂ ਨੂੰ ਜ਼ਰੂਰ ਦੇਣਾ ਬਣਦਾ ਹੈ।
    ਪੰਜਾਬ ਦੇ ਲਿਖਾਰੀ ਅਤੇ ਗਾਇਕ ਖਾਸਕਰ ਕੰਵਰ ਗਰੇਵਾਲ ਅਤੇ ਹੋਰ ਸਾਥੀ ਗਾਇਕ – ਗਾਇਕਾਵਾਂ ਨੂੰ ਵੀ ਸਿਜਦਾ ਜਿੰਨਾ ਆਪਣੇ ਗੀਤਾ ਰਾਹੀਂ ਕਿਸਾਨੀ ਸੰਘਰਸ਼ ਵਿੱਚ ਇੱਕ ਨਵੀਂ ਰੂਹ ਫੂਕੀ।
    ਮਿਸ਼ਨਰੀ ਕਾਲਜ ਦੇ ਸਿੱਖ ਪ੍ਰਚਾਰਕ ਸ. ਸਰਬਜੀਤ ਸਿੰਘ ਧੂੰਦਾ ਆਪਣੀ ਪੂਰੀ ਟੀਮ ਨਾਲ ਟਿੱਕਰੀ ਬਾਡਰ ਤੇ ਡਟੇ ਹੋਏ ਨੇ, ਅਤੇ ਕਿਤਾਬਾਂ ਦੇ ਲੰਗਰ ਨਾਲ ਸੇਵਾ ਕਰ ਰਹੇ ਹਨ।
    ਇਸ ਦੇ ਇਲਾਵਾ ਯੋਗਿੰਦਰ ਯਾਦਵ ਵੀ ਇਸ ਸੰਘਰਸ਼ ਦੌਰਾਨ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਯੋਗਿੰਦਰ ਯਾਦਵ ਇਕ ਪੜ੍ਹੇ-ਲਿਖੇ ਅਤੇ ਬੇਹੱਦ ਸੁਲਝੇ ਹੋਏ ਆਗੂ ਹਨ।ਇਥੇ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਜੋ ਅੱਜ ਵੇਖਣ ਨੂੰ ਮਿਲ ਰਿਹਾ ਹੈ ਉਹ ਕਰੀਬ 32 ਸਾਲ ਪਹਿਲਾਂ ਦਿਖਿਆ ਸੀ। ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਲੱਖਾਂ ਕਿਸਾਨਾਂ ਨੂੰ ਲੈ ਕੇ ਬੋਟ ਕਲੱਬ ਪਹੁੰਚ ਕੇ ਧਰਨੇ ਉੱਤੇ ਬੈਠ ਗਏ ਸਨ। ਮੰਗ ਸੀ ਕਿ ਕਿ ਗੰਨੇ ਦੀ ਫ਼ਸਲ ਦੀ ਕੀਮਤ ਜ਼ਿਆਦਾ ਮਿਲੇ ਅਤੇ ਬਿਜਲੀ-ਪਾਣੀ ਦੇ ਬਿੱਲਾਂ ਵਿੱਚ ਛੋਟ ਮਿਲੇ। ਓਸ ਵੇਲੇ ਦੀ ਸਰਕਾਰ ਨੇ ਮਹਿੰਦਰ ਸਿੰਘ ਦੀਆਂ ਉਕਤ ਮੰਗਾਂ ਨੂੰ ਮੰਨ ਲਿਆ ਸੀ। ਉਕਤ ਸੰਘਰਸ਼ ਦੇ ਪਿੜ ਵਿੱਚ ਅੱਜ ਉਸੇ ਮਹਿੰਦਰ ਸਿੰਘ ਟਿਕੈਤ ਦੇ ਪੁੱਤਰ ਰਾਕੇਸ਼ ਟਿਕੈਤ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।
    ਪੰਜਾਬ ਦੇ ਕਿਸਾਨ ਲੀਡਰਾਂ ਦੀ ਸੂਝ-ਬੂਝ ਅਤੇ ਸਿਆਣਪ ਨੂੰ ਦਿਲੋਂ ਸਿਜਦਾ ਕਰਨ ਨੂੰ ਮਨ ਕਰਦਾ ਜਿਨ੍ਹਾਂ ਆਗੂਆਂ ਦੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤੀਆਂ ਦਲੀਲਾਂ ਸਾਹਮਣੇ ਕੇਂਦਰ ਸਰਕਾਰ ਦੇ ਵੱਡੇ ਤੋਂ ਵੱਡੇ ਮੰਤਰੀ ਚਿੱਤ ਹੋ ਗਏ ਅਤੇ ਜਿਨ੍ਹਾਂ ਦੀਆਂ ਸਪੀਚਾਂ ਨੇ ਹਰ ਪੰਜਾਬੀ ਨੂੰ ਜਾਗੁਰਕ ਕੀਤਾ ਅਤੇ ਅੱਜ ਭਾਰਤ ਦਾ ਹਰ ਕਿਸਾਨ ਇੱਕ ਮਾਲ੍ਹਾ ਵਿੇਚ ਪਰੋਇਆ ਇਹਨਾਂ ਤੋਂ ਸੇਧ ਪ੍ਰਾਪਤ ਕਰਦਾ ਮਹਿਸੂਸ ਹੋ ਰਿਹਾ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਹਰ ਸੰਘਰਸ਼ ਵਿੱਚ ਜਿੱਤ ਮਿਲੇ.. ਸਿੱਟਾ ਕੋਈ ਵੀ ਹੋਵੇ ਪਰ ਇਸ ਸੰਘਰਸ਼ ਨੇ ਪੰਜਾਬ ਦੀ ਡਿੱਗੀ ਪੱਗ ਨੂੰ ਇੱਕ ਵਾਰ ਫੇਰ ਪੰਜਾਬੀਆਂ ਦੇ ਸਿਰ ਸਜਾ ਦਿੱਤਾ ਹੈ। ਇਸ ਸੰਘਰਸ਼ ਨੇ ਜੋ ਭਾਈਚਾਰਕ ਸਾਂਝ ਬਣਾਈ ਉਸਦਾ ਸਿਹਰਾ ਸਾਡੇ ਪੰਜਾਬ ਦੇ ਲੀਡਰਾਂ ਸਿਰ ਜਾਂਦਾ ਹੈ।
    ਖਾਲਸਾ ਏਡ ਵਾਲੇ ਭਾਈ ਰਵੀ ਸਿੰਘ ਦੀਆਂ ਸੇਵਾਵਾਂ ਨੂੰ ਸਿਜਦਾ। ਇਸ ਸੰਘਰਸ਼ ਦੌਰਾਨ ਆਪਣਾ ਯੋਗਦਾਨ ਪਾਉਣ ਵਾਲੀ ਹਰ ਸੰਸਥਾ, ਸਮੂਹ ਐਨ. ਆਰ. ਆਈ. ਵੀਰਾਂ ਦੇ ਉਪਰਾਲਿਆਂ ਨੂੰ ਸਲਿਊਟ..! ਇਸ ਦੇ ਇਲਾਵਾ ਸੰਘਰਸ਼ ਦੌਰਾਨ ਜਿਨ੍ਹਾਂ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੀ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬਾਕੀ ਆਮ ਕਿਸਾਨ / ਮਜ਼ਦੂਰਾਂ ਨੂੰ ਸਲਾਮ ਜਿਹੜੇ ਪਿੱਛਲੇ ਚਾਲੀ ਦਿਨ ਤੋਂ ਦਿੱਲੀ ਦੀਆਂ ਸੜਕਾਂ ਤੇ ਹੇਠ ਗਸ਼ੀ ਪਾਉਦੀ ਠੰਢ ਤੇ ਮੀਂਹ ਵਿੱਚ ਜਿੱਤ ਦੀ ਆਸ ਲਾਕੇ ਬੈਠੇ ਨੇ। ਪ੍ਰਮਾਤਮਾਂ ਅੱਗੇ ਅਰਦਾਸ ਹੈ ਕਿ ਹਿਟਲਰਾਂ ਫੁਰਮਾਨ ਜਾਰੀ ਕਰਨ ਵਾਲੇ ਮੋਦੀ ਨੂੰ ਸਮੱਤ ਬਖ਼ਸ਼ੇ ਤੇ ਕਿਸਾਨ ਆਪਣਾ ਮੋਰਚਾ ਫ਼ਤਿਹ ਕਰਕੇ ਸਹੀ ਸਲਾਮਤ ਜਲਦੀ ਆਪਣੇ ਪਰਿਵਾਰਾਂ ਵਿੇਚ ਵਾਪਸ ਪਰਤਣ।
    (ਇਸ ਲੇਖ ਲਈ ਕਿਸਾਨ ਆਗੂਆਂ ਸਬੰਧੀ ਜਾਣਕਾਰੀ ਅੱਬਾਸ ਧਾਲੀਵਾਲ ਮਲੇਰਕੋਟਾ ਦੇ ਲੇਖ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ)


    ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
    ਫਰਿਜ਼ਨੋ ਕੈਲੇਫੋਰਨੀਆਂ
    559-333-5776

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!