
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ ) ਪੰਜਾਬ ਦੇ ਜਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਸਤੌਰ ਦੀਆਂ ਗਲੀਆਂ ਚ ਖੇਡ ਕੇ ਜਵਾਨ ਹੋਏ ਹੈਪੀ ਚੌਧਰੀ ਪੜ੍ਹਨ ਦੇ ਨਾਲ ਲਿਖਣ ਦੇ ਵੀ ਸ਼ੋਕੀਨ ਸ਼ੁਰੂ ਤੋਂ ਹੀ ਹਨ। ਪੜ੍ਹਾਈ ਚ ਹਮੇਸ਼ਾ ਮੋਹਰੀ ਰਹੇ ਚੌਧਰੀ ਸਾਹਿਬ ਨੇ ਕਦੋਂ ਖੁਦ ਪ੍ਰੋਫੈਸਰ ਬਣ ਕੇ ਡੀ ਏ ਵੀ ਕਾਲਜ ਹੁਸ਼ਿਆਰਪੁਰ ਪੜਾਉਣਾ ਸ਼ੁਰੂ ਕਰ ਦਿੱਤਾ ਇੰਝ ਜਾਣੋ ਜਿਵੇਂ ਸਮਾਂ ਪਲਾਂ ਚ ਗੁਜਰ ਗਿਆ ਹੋਵੇ। ਸੰਨ 2007 ਚ ਪੱਕੇ ਤੌਰ ਤੇ ਕਨੇਡਾ ਆ ਵਸੇ ਚੌਧਰੀ ਸਾਹਿਬ ਨੂੰ ਪਿੰਡ ਦਾ ਚੇਤਾ ਕਦੇ ਨਹੀਂ ਭੁੱਲਿਆ ਤੇ ਇਸੇ ਕਰਕੇ ਅੱਜ ਵੀ ਪੰਜਾਬ ਦੀ ਮਿੱਟੀ ਦਾ ਮੋਹ ਉਨ੍ਹਾਂ ਨੂੰ ਖਿੱਚ ਕੇ ਪਿੰਡ ਲੈ ਆਉਂਦਾ। ਮਾਂ ਬੋਲੀ ਪੰਜਾਬੀ ਦੇ ਹੋਣਹਾਰ ਪੁੱਤਰ ਚੌਧਰੀ ਸਾਹਿਬ ਦੀ ਕਲਮ ਦੀ ਸਿਫਤ ਕਰਨ ਲਈ ਕੋਈ ਸ਼ਬਦ ਨਹੀਂ। ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕਰਨ ਵਾਲੀਆਂ ਕਲਮਾਂ ਬਹੁਤ ਸਾਰੇ ਗੀਤਕਾਰ ਅਤੇ ਕਲਾਕਾਰਾਂ ਦੇ ਜਿਗਰੀ ਯਾਰ ਚੌਧਰੀ ਸਾਹਿਬ ਜਦੋਂ ਮਹਿਫਿਲ ਲੱਗੀ ਚ ਰੰਗ ਬੰਨਦੇ ਨੇ ਤੇ ਉਹ ਨਜਾਰਾ ਉਹੀ ਜਾਣਦੈ ਜਿਸ ਨੇ ਉਹਨਾਂ ਨੂੰ ਆਪਣੀਆਂ ਲਿਖਤਾਂ ਤਰੰਨਮ ਚ ਗਾਉੰਦਿਆਂ ਵੇਖਿਆ ਹੋਵੇ। ਕਨੇਡਾ ਦੀਆਂ ਹਫਤਾਵਰੀ ਅਖਬਾਰਾਂ ਚ ਅਤੇ ਵਿਸ਼ਵ ਭਰ ਦੀਆਂ ਆਨਲਾਈਨ ਪੰਜਾਬੀ ਅਖ਼ਬਾਰਾਂ ਚ ਚੌਧਰੀ ਸਾਹਿਬ ਦੀਆਂ ਕਵਿਤਾਵਾਂ ਲੇਖਾਂ ਨੂੰ ਆਮ ਹੀ ਪੜਿਆ ਜਾਂਦਾ ਹੈ। ਸਕਾਟਲੈਂਡ ਦੇ ਪਹਿਲੇ ਪੰਜਾਬੀ ਅਖ਼ਬਾਰ “ਪੰਜ ਦਰਿਆ” ਦੀ ਟੀਮ ਨੂੰ ਅਸ਼ੋਕ ਚੌਧਰੀ ਸਾਹਿਬ ਦੇ ਜਨਮਦਿਨ ‘ਤੇ ਜਿੱਥੇ ਅੱਜ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਭੇਜਦੀ ਹੈ ਉਥੇ ਹੀ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੀ ਹੈ ਕਿ ਚੌਧਰੀ ਸਾਹਿਬ ਦੀ ਕਲਮ ਇਸੇ ਤਰਾਂ ਬੁਲੰਦੀਆ ਛੂੰਹਦੀ ਰਹੇ।