4.6 C
United Kingdom
Sunday, April 20, 2025

More

    ਲੋਹੜੀ ਦੇ ਤਿਉਹਾਰ ਦੇ ਉੱਤੇ

    ਰਜਨੀ ਵਾਲਿਆ
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |
    ਭਾਵੇਂ ਰੁੱਸਿਆ-ਰੁੱਸਿਆ ਏ ਮਨ,
    ਚਲੋ ਉਸਨੂੰ ਅੱਜ ਮਨਾ ਲੈਂਦੇ ਹਾਂ |
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |

    ਹਰ ਪਾਸੇ ਮਾਹੌਲ ਖੁਸੀ਼ ਦਾ,
    ਖਿੜ-ਖਿੜ,ਖਿੜ-ਖਿੜ ਹਾਸੇ ਵੰਡੀਏ |
    ਭਾਈ-ਭਾਈ ਵਿੱਚ ਤਕਰਾਰ ਨਾ ਹੋਵੇ,
    ਜੇ ਹੋਵੇ ਉਹਨਾਂ ਨੂੰ ਗੰਢੀਏ |
    ਈਮਾਨਦਾਰੀ ਨਾਲ ਅੱਗੇ ਵਧੀਏ,
    ਰੱਬ ਨੂੰ ਬਣਾ ਗਵਾਹ ਲੇਂਦੇ ਹਾਂ |
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |

    ਵਿੱਚ ਰਹੀਂ ਤਹਿਜੀਬ ਨੀ ਜਿੰਦੇ,
    ਸਾਰੇ ਈ ਤੈਨੂੰ ਚੰਗਾ ਬੋਲਣ |
    ਤੂੰ ਲੋੜ ਪੈਣ ਤੇ ਝੱਟ ਕੰਮ ਆਵੇਂ,
    ਤਾਈਂਓ ਸਾਰ ਈ ਤੈਨੂੰ ਟੋਲਣ |
    ਦਰਦ ਵੰਡਾ ਕੇ ਕਿਸੇ ਦੁਖੀ ਦਾ,
    ਉਸਦਾ ਭਾਰ ਵੰਡਾ ਲੈਂਦੇ ਹਾਂ |
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |

    ਖਿਆਲਾਂ ਦੀ ਪਤੰਗ ਮੇਰੀ ਨੂੰ,
    ਤੂੰ ਮਾਲਕ ਮੇਰੇ ਉੱਡਣ ਲਾ ਦੇ |
    ਹੰਕਾਰ ਮੈਂ ਨਈਂ ਭੋਰਾ ਵੀ ਕਰਦੀ,
    ਸਭਨਾਂ ਦੇ ਦੁੱਖਾਂ ਦੀ ਅੱਜ ਦਵਾ ਦੇ |
    ਅੱਜ ਸੱਚ ਦੀ ਕਿਰਤ ਕਮਾਈ ਕਰਕੇ,
    ਅਸੀਂ ਥੋੜਾ ਪੁੰਨ ਕਮਾ ਲੈਂਦੇ ਹਾਂ |
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |

    ਰਾਤ ਹੋਣ ਤੇ ਭੁੱਗਾ ਬਾਲਕੇ,
    ਸਾਰੇ ਬੈਠ ਕੇ ਨਿੱਘ ਮਾਣਾਂਗੇ |
    ਸਿ਼ਕਵੇ ਸਿਕਾਇਤਾਂ ਦੂਰ ਕਰਕੇ,
    ਇੱਕ ਦੂਜੇ ਨੂੰ ਫਿਰ ਜਾਣਾਂਗੇ |
    ਜਮੀਨੀ ਦੂਰੀ ਦੀ ਗੱਲ ਕੋਈ ਨਾ,
    ਦੂਰੀਆਂ ਮਨੋ ਘਟਾ ਲੈਂਦੇ ਹਾਂ |
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |

    ਅਸੀਂ ਹੁਣ ਲੋਹੜੀ ਦੇ ਤਿਉਹਾਰ ਤੋਂ,
    ਪਹਿਲਾਂ ਲੋਹੜੀ ਮੰਗਣ ਜਾਣਾ ਭੁੱਲੇ |
    ਇਕੱਠਿਆ ਹੋ ਕੇ ਜਸ਼ਨ ਮਨਾਉਣਾ,
    ਤੇ ਵੰਡ-ਤਰੰਡ ਕੇ ਖਾਣਾ ਭੁੱਲੇ |
    ਆਓ ਤੋੜੀਏ ਮਾਣ ਦੇ ਕੱਚ ਨੂੰ,
    ਅੱਜ ਬੈਠ ਇਕੱਠਿਆਂ ਖਾ ਲੈਂਦੇ ਹਾਂ |
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |

    ਆਓ ਧੀਆਂ ਦੀ ਵੀ ਲੋਹੜੀ ਸਾਰੇ,
    ਚਾਵਾਂ ਨਾਲ ਮਨਾਈਏ ਆਪਾਂ |
    ਗੁਣ ਪੁੱਤਾਂ ਦੇ ਤਾਂ ਗਾਉਂਦੇ ਹੀ ਹਾਂ,
    ਧੀਆਂ ਦੇ ਵੀ ਗੁਣ ਗਾਈਏ ਆਪਾਂ |
    ਰਜਨੀ ਧੀ ਹੁੰਦੀ ਏ ਜੱਗ ਦੀ ਜਨਣੀ,
    ਉਸਦੇ ਕੋਲੋਂ ਵੀ ਦੁਆ ਲੈਂਦੇ ਹਾਂ |
    ਲੋਹੜੀ ਦੇ ਤਿਉਹਾਰ ਦੇ ਉੱਤੇ,
    ਸਾਂਝ ਦਿਲਾਂ ਦੀ ਪਾ ਲੈਂਦੇ ਹਾਂ |

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!