8.2 C
United Kingdom
Saturday, April 19, 2025

More

    ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ-ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ

    ਅਸ਼ੋਕ ਵਰਮਾ
    ਬਠਿੰਡਾ, 23 ਦਸੰਬਰ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਕੀਤੀ ਨਵੀਂ ਵਾਰਡਬੰਦੀ ਦੇ ਮਾਮਲੇ ’ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਪੇਸ਼ ਕਰਨ ਲਈ ਕਿਹਾ  ਹੈ। ਹਾਈਕੋਰਟ ਨੇ ਅਗਲੀ ਸੁਣਵਾਈ 4 ਜਨਵਰੀ 2021 ਤੈਅ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇ ਸਾਬਕਾ ਕੌਂਸਲਰ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਮੰਗਲਵਾਰ 22 ਦਸੰਬਰ ਨੂੰ ਅਦਾਲਤ ਨੇ 23 ਦਸੰਬਰ ਤਾਰੀਕ ਤੈਅ ਕੀਤੀ ਸੀ । ਐਡਵੋਕੇਟ ਸਿੱਧੂ ਵੱਲੋਂ ਅੱਜ ਦੀ ਸੁਣਵਾਈ ਦੌਰਾਨ ਐਡਵੋਕੇਟ ਕੇ. ਐਸ. ਡਡਵਾਲ ਨੇ ਆਪਣੀਆਂ ਦਲੀਲਾਂ ਦਿੱਤੀਆਂ।
    ਵੇਰਵਿਆਂ ਮੁਤਾਬਿਕ ਨਗਰ ਨਿਗਮ ਚੋਣਾਂ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਤੰਬਰ ਮਹੀਨੇ ’ਚ ਜਾਰੀ ਕੀਤੀ ਗਈ ਨਵੀਂ ਵਾਰਡਬੰਦੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇ ਸਾਬਕਾ ਕੌਂਸਲਰ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਨੇ ਆਪਣੀ ਪਟੀਸ਼ਨ ’ਚ ਅਦਾਲਤ ਨੂੰ ਦੱਸਿਆ ਸੀ ਕਿ ਨਗਰ ਨਿਗਮ ਬਠਿੰਡਾ ਦੀ ਨਵੀਂ ਵਾਰਡਬੰਦੀ ਦੇ ਸਬੰਧ ’ਚ ਜਦੋਂ ਇਤਰਾਜ਼ ਮੰਗੇ ਗਏ ਸਨ ਤਾਂ ਉਦੋਂ ਦਰਜ ਕਰਵਾਏ ਇਤਰਾਜ਼ਾਂ ’ਤੇ ਕੋਈ ਸੁਣਵਾਈ ਨਹੀਂ ਹੋਈ ਹੈ। ਉਹਨਾਂ ਆਖਿਆ ਕਿ  ਵਾਰਡਬੰਦੀ ’ਚ ਅਨੇਕਾਂ ਖਾਮੀਆਂ ਹਨ ਜਿਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਸੀ । ਉਹਨਾਂ ਕਿਹਾ ਕਿ ਵਾਰਡਬੰਦੀ ’ਚ ਨਾ ਤਾਂ ਇਕਸਾਰਤਾ ਹੈ ਅਤੇ ਨਾ ਹੀ ਉਹ ਇੱਕ ਦੂਜੇ ਨਾਲ ਮਿਲਦੇ ਹਨ।
                 ਸਿੱਧੂ ਨੇ ਦੱਸਿਆ ਕਿ ਸਰਕਾਰੀ ਧਿਰ ਵੱਲੋਂ ਪੇਸ਼ ਵਕੀਲ ਨੇ ਆਪਣੀ ਦਲੀਲ ’ਚ ਅਦਾਲਤ ਨੂੰ ਆਖਿਆ ਕਿ ਜਿਸ ਤਰਾਂ ਪਹਿਲਾਂ ਮੋਹਾਲੀ ਦੀ ਪਟੀਸ਼ਨ ਖਾਰਜ਼ ਕੀਤੀ ਗਈ ਸੀ ਉਸੇ ਤਰਾਂ ਬਠਿੰਡਾ ਦੀ ਪਟੀਸ਼ਨ ਵੀ ਖਾਰਜ਼ ਕੀਤੀ ਜਾਵੇ । ਉਹਨਾਂ ਦੱਸਿਆ ਕਿ  ਐਡਵੋਕੇਟ ਕੇ. ਐਸ. ਡਡਵਾਲ ਨੇ ਦਲੀਲ ਦਿੱਤੀ ਕਿ ਮੋਹਾਲੀ ਦਾ ਮਾਮਲਾ ਬਠਿੰਡਾ ਤੋਂ ਬਿਲਕੁਲ ਵੱਖਰਾ ਸੀ ਇਸ ਕਰਕੇ ਬਠਿੰਡਾ ਮਾਮਲੇ ਦੀ ਸੁਣਵਾਈ ਜਾਰੀ ਰਹਿਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਪੰਜਾਬ ਸਰਕਾਰ ਨੂੰ ਵੀ ਨੋਟਿਸ ਜ਼ਾਰੀ ਕਰਕੇ ਅਗਲੀ ਤਾਰੀਖ 4 ਜਨਵਰੀ 2021 ਤੈਅ ਕੀਤੀ ਹੈ।

    ਕਾਂਗਰਸ ਦੇ ਚੋਣਾਂ ਲੁੱਟਣ ਲਈ ਹੱਥਕੰਡੇ:ਸਿੱਧੂ
    ਐਡਵੇਕਟ ਰਾਜਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਾਂਗਰਸ ਚੋਣਾਂ ਹਥਿਆਉਣ ਲਈ ਕਈ ਤਰਾਂ ਦੇ ਹੱਥਕੰਡੇ ਅਪਣਾ ਰਹੀ ਹੈ ਜਿਸ ’ਚ ਵਾਰਡਬੰਦੀ ਦੌਰਾਨ ਵਾਰਡਾਂ ਦੀ ਭੰਨਤੋੜ ਵੀ ਸ਼ਾਮਲ ਹੈ। ਉਹਨਾਂ ਆਖਿਆ ਕਿ ਅਸਲ ’ਚ ਲੋਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਗਏ ਹਨ ਜਿਸ ਕਰਕੇ ਹੁਣ ਇਸ ਪਾਰਟੀ ਦੇ ਆਗੂਆਂ ਨੂੰ ਵੱਖਰਾ ਰਸਤਾ ਆਪਨਾਉਣਾ ਪੈ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਨਿਰਪੱਖ ਚੋਣਾਂ ਕਰਵਾਈਆਂ ਜਾਣ ਤਾਂ ਪਤਾ ਨੰਗ ਜਾਏਗਾ ਕਿ ਕਾਂਗਰਸ ਕਿੱਥੇ ਖਲੋਤੀ ਹੈ।

     ਅਕਾਲੀਆਂ ਦੇ ਦੋਸ਼ ਬੇਬੁਨਿਆਦ:ਕਾਂਗਰਸ
    ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ ਨੇ ਕਾਂਗਰਸ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਹਨਾਂ ਆਖਿਆ ਕਿ ਕਾਂਗਰਸ ਦਾ ਵਾਰਡਬੰਦੀ ਪਿੱਛੇ ਕੋਈ ਹੱਥ ਨਹੀਂ ਬਲਕਿ ਇਹ ਤਾਂ ਸਰਕਾਰ ਨੇ ਕੀਤੀ ਹੈ। ਉਹਨਾਂ ਆਖਿਆ ਕਿ ਜਿਸ ਵਾਰਡ ਚੋਂ ਉਸ ਦੇ ਪਿਤਾ 2265 ਵੋਟਾਂ ਨਾਲ ਜਿੱਤੇ ਸਨ ਉਹ ਔਰਤਾਂ ਲਈ ਰਿਜ਼ਰਵ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇ ਕਾਂਗਰਸ ਦਾ ਹੱਥ ਹੁੰਦਾ ਤਾਂ ਉਹ ਇਸ ਵਾਰਡ ਬਾਰੇ ਵੀ ਦਖਲ ਦੇ ਸਕਦੇ ਸਨ।
               ਤੀਸਰੀ ਵਾਰ ਹੋਣੀ ਹੈ ਨਗਰ ਨਿਗਮ ਦੀ ਚੋਣ
    ਨਗਰ ਨਿਗਮ ਬਠਿੰਡਾ ਦੀ ਚੋਣ ਐਤਕੀਂ ਤੀਸਰੀ ਵਾਰ ਹੋਣ ਜਾ ਰਹੀ ਹੈ। ਸਭ ਤੋਂ ਪਹਿਲਾਂ ਸਾਲ 2009 ’ਚ ਜਦੋਂ ਪਹਿਲੀ ਚੋਣ ਹੋਈ ਤਾਂ ਅਕਾਲੀ ਦਲ ਨੇ ਚੋਣ ਜਿੱਤ ਕੇ ਬਲਜੀਤ ਸਿੰਘ ਬੀੜ ਬਹਿਮਣ ਨੂੰ ਪਹਿਲਾ ਮੇਅਰ ਬਣਾਇਆ ਸੀ। ਉਸ ਮਗਰੋਂ ਸਾਲ 2014 ’ਚ ਹੋਈਆਂ ਚੋਣਾਂ ਦੌਰਾਨ ਵੀ ਅਕਾਲੀ ਦਲ ਜਿੱਤ ਗਿਆ ਅਤੇ ਰਾਖਵੇਂਕਰਨ ਦੇ ਅਧਾਰ ਤੇ ਬਲਵੰਤ ਰਾਏ ਨਾਥ ਮੇਅਰ ਬਣੇ ਸਨ। ਰੌਚਕ ਤੱਥ ਹੈ ਕਿ ਪਹਿਲੀਆਂ ਦੋ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਸੀ ਜਦੋਂਕਿ ਐਤਕੀ ਦੋਵਾਂ ਪਾਰਟੀਆਂ ਨੇ ਰਾਹ ਵੱਖ ਕਰ ਲਏ ਹਨ। ਦੋਵਾਂ ਚੋਣਾਂ ਦਾ ਵਿਸ਼ੇਸ਼ ਪਹਿਲੂ ਹੈ ਕਿ ਉਦੋਂ ਆਮ ਆਦਮੀ ਪਾਰਟੀ ਵੀ ਮੈਦਾਨ ’ਚ ਨਹੀਂ ਸੀ। ਐਤਕੀ ਦੀਆਂ ਚੋਣਾਂ ’ਚ ਅਜਾਦ ਉਮੀਦਵਾਰਾਂ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਚਾਰ ਸਿਆਸੀ ਧਿਰਾਂ ਆਹਮੋ ਸਾਹਮਣੇ ਹੋਣ ਜਾ ਰਹੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!