4.6 C
United Kingdom
Sunday, April 20, 2025

More

    ਆਰਐਪੀਆਈ ਵੱਲੋਂ ਕਿਸਾਨ ਸੰਗਰਾਮ ਦੇ ਹਮਾਇਤੀਆਂ ਖਿਲਾਫ਼ ਛਾਪਿਆਂ ਦੀ ਨਿਖੇਧੀ

    ਅਸ਼ੋਕ ਵਰਮਾ
    ਚੰਡੀਗੜ, 22 ਦਸੰਬਰ 22ਦਸੰਬਰ:ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ, ਮੋਦੀ ਸਰਕਾਰ ਦੇ ਹੁਕਮਾਂ ਤਹਿਤ,   ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਇਨਕਮ ਟੈਕਸ ਵਿਭਾਗ ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਦੇ ਆੜਤੀਆਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਮਾਰੇ ਗਏ ਛਾਪਿਆਂ ਦੀ ਜੋਰਦਾਰ ਨਿਖੇਧੀ ਕੀਤੀ ਹੈ।ਪਾਰਟੀ ਨੇ ਇਹਨਾਂ ਛਾਪਿਆਂ ਅਤੇ ਕਿਸਾਨ ਜੱਥੇਬੰਦੀਆਂ ਨੂੰ ਸੰਘਰਸ਼ ਦੀ ਮਜਬੂਤੀ ਲਈ ਵਿਦੇਸ਼ਾਂ ਤੋਂ ਬਿਨਾਂ ਇਜਾਜਤ ਫੰਡ ਮੰਗਵਾਉਣ ਬਦਲੇ ਕਾਨੂੰਨੀ ਕਾਰਵਾਈ ਦੇ ਮਾਰੇ ਜਾ ਰਹੇ ਮੋਦੀ ਸਰਕਾਰ ਦੇ ਦਬਕਾੜਿਆਂ ਨੂੰ ਦੇਸ਼ ਵਿਆਪੀ ਕਿਸਾਨ ਸੰਗਰਾਮ ਨੂੰ ਡੰਡੇ ਦੇ ਜੋਰ ਦਬਾਉਣ ਦੀ ਅਸਫਲ ਹਕੂਮਤੀ ਕਵਾਇਦ ਕਰਾਰ ਦਿੰਦਿਆਂ ਸਮੁੱਚੇ ਸਮਾਜ ਨੂੰ ਇਸ ਬੌਖਲਾਹਟ ਵਿਰੁੱਧ ਦੇਸ਼ ਭਰ ਵਿੱਚ ਹਰ ਮੰਚ ਤੋਂ ਆਵਾਜ਼ ਬੁਲੰਦ ਕਰਨ ਅਤੇ ਮੁਜ਼ਾਹਮਤ ਉਸਾਰਨ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਇਸ ਹਕੂਮਤੀ ਧੱਕੇਸ਼ਾਹੀ ਖਿਲਾਫ਼ ਆੜਤੀਆਂ ਐਸੋਸੀਏਸ਼ਨ ਵਲੋਂ ਦਿੱਤੇ 22 ਤੋਂ 27 ਸਤੰਬਰ ਤੱਕ ਮੰਡੀਆਂ ਬੰਦ ਰੱਖਣ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਕਰਨ ਦਾ ਨਿਰਣਾ ਲਿਆ ਹੈ।
                           ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਅਤੇ ਐਕਟਿੰਗ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਸਵਾਲ ਕੀਤਾ ਕਿ ਭਿ੍ਰਸ਼ਟਾਚਾਰ ਰੋਕਣ ਦੇ ਪੱਜ ਹੇਠ ਇਹਨਾਂ ਛਾਪਿਆਂ ਦੀ ਵਕਾਲਤ ਕਰਨ ਵਾਲੇ ਸਰਕਾਰੀ ਪਿਆਦੇ ਪਹਿਲਾਂ ਇਹ ਦੱਸਣ ਦੀ ਖੇਚਲ ਕਰਨ ਕਿ ‘ਪੀ ਐਮ ਕੇਅਰਜ਼’ ਦੇ ਨਾਂ ਹੇਠ ਇਕੱਤਰ ਹੋਈ ਅਰਬਾਂ-ਖਰਬਾਂ ਦੀ ਰਕਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ ਖੂਹ-ਖਾਤੇ ਪਾਈ ਹੈ ਅਤੇ ਮੋਦੀ-ਸ਼ਾਹ ਸਰਕਾਰ ਇਸ ਰਕਮ ਦੇ ਵੇਰਵੇ ਜਨਤਕ ਕਰਨ ਤੋਂ ਭੱਜੀ ਕਿਉਂ ਹੈ ! ਪਾਰਟੀ ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕੀਂ ਜਾਨਣਾ ਚਾਹੁੰਦੇ ਹਨ ਕਿ ਸਿਰਫ਼ ਸਾਢੇ ਛੇ ਸਾਲਾਂ ਦੇ ਅਰਸੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਤਨੀ ਅਤੇ ਪੁੱਤਰ ਦੀਆਂ ਜਾਇਦਾਦਾਂ ਅਤੇ ਕਮਾਈ ’ਚ ਹਜਾਰਾਂ ਗੁਣਾ ਵਾਧਾ ਕਿਹੜੀ ‘ਨੇਕ ਕਮਾਈ’ ਸਦਕਾ ਹੋਇਆ ਹੈ।
                           ਉਹਨਾਂ ਸਵਾਲ ਕੀਤਾ ਕਿ ਦੇਸ਼ ਦੇ ਹਰ ਸ਼ਹਿਰ ਵਿੱਚ ਭਾਜਪਾ ਦੇ ਪੰਜ ਸਿਤਾਰਾ ਹੋਟਲਾਂ ਵਰਗੇ ਸ਼ਾਹੀ ਦਫਤਰਾਂ ਦੀ ਉਸਾਰੀ ਲਈ ਖਰਚੇ ਗਏ ਖਰਬਾਂ ਡਾਲਰ ਕਿੱਥੋਂ ਆਏ ਹਨ? ਉਹਨਾਂ ਕਿਹਾ ਕਿ ਜੇ ਭਾਜਪਾ ਸਰਕਾਰ ਵਿਦੇਸ਼ਾਂ ਤੋਂ ਆਏ ਚੰਦਿਆਂ ਦੀ ਪੜਤਾਲ ਲਈ ਸੱਚਮੁੱਚ ਸੁਹਿਰਦ ਹੈ ਤਾਂ ਉਹ ਸਭ ਤੋਂ ਪਹਿਲਾਂ ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਹਿੰਦੂਤਵੀ ਸੰਗਠਨਾਂ ਦੇ ਖਾਤਿਆਂ ਦੀ ਪੁਣ-ਛਾਣ ਕਰਕੇ ਵਿਦੇਸ਼ੀ ਫੰਡਾਂ ਦੀ ਸਾਰੀ ਸੱਚਾਈ ਦੇਸ਼ ਵਾਸੀਆਂ ਸਨਮੁੱਖ ਉਜਾਗਰ ਕਰੇ। ਪਾਰਟੀ ਆਗੂਆਂ ਨੇ ਕਿਹਾ ਕਿ ਛਾਪਿਆਂ ਲਈ ਕਿਸਾਨ ਸੰਘਰਸ਼ ਨੂੰ ਨੈਤਿਕ-ਭੌਤਿਕ ਸਮਰਥਨ ਦੇ ਰਹੇ ਸਿਰਫ ਪੰਜਾਬ ਦੇ ਆੜਤੀਆਂ ਅਤੇ ਕਾਰੋਬਾਰੀਆਂ ਸਮੇਤ ਕਿਸਾਨ ਸੰਗਠਨਾਂ ਨੂੰ ਉਚੇਚ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਮੋਦੀ-ਸ਼ਾਹ ਸਰਕਾਰ ਦੀ ਕੋਝੀ ਮਨਸ਼ਾ ਲੋਕਾਂ ਸਾਹਵੇਂ ਸਾਫ ਹੋ ਗਈ ਹੈ।
                         ਉਹਨਾਂ ਦੋਸ਼ ਲਾਇਆ ਕਿ ਦੇਸ਼ ਦੇ ਸ਼ਾਨਾਮਤੇ ਕਿਸਾਨ ਸੰਗਰਾਮ ਨੂੰ ਗੋਦੀ ਮੀਡੀਆ ਅਤੇ ਅਰਾਜਕਤਾਵਾਦੀ ਸੰਘੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਦੇ ਕੂੜ ਪ੍ਰਚਾਰ ਰਾਹੀਂ ਬੱਦੂ ਕਰਨ ਅਤੇ ਕਿਸਾਨ ਸੰਗਠਨਾਂ ਵਿਚ ਫੁੱਟ ਪਾਉਣ ਦੀ ਆਪਣੀ ਅਸਫਲਤਾ ਤੋਂ ਖਿੱਝ ਕੇ ਮੋਦੀ ਸਰਕਾਰ ਇਸ ਤਬਾਹੀ ਦੇ ਰਾਹ ਤੁਰੀ ਹੈ। ਸਾਥੀ ਪਾਸਲਾ, ਰੰਧਾਵਾ ਅਤੇ ਜਾਮਾਰਾਏ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੂੰਹ ਨੂੰ ਦਰਅਸਲ ਈਡੀ, ਸੀਬੀਆਈ ਆਦਿ ਦੀ ਦੁਰਵਰਤੋਂ ਰਾਹੀਂ ਦਲਬਦਲੂ ਸਿਆਸਤਦਾਨਾਂ ਨੂੰ ਆਪਣੇ ਪਾਲੇ ’ਚ ਰਲਾਉਣ ਅਤੇ ਕੁਰਪਟ ਨੌਕਰਸ਼ਾਹਾਂ ਤੇ ਰਾਜਨੀਤੀਵਾਨਾਂ ਦੀ ਜੁਬਾਨ ਬੰਦ ਕਰਵਾਉਣ ਦਾ ਖੂਨ ਲੱਗ ਚੁੱਕਾ ਹੈ ਪਰ ਇਸ ਵਾਰ ਉਸ ਨੇ ਦਹੀਂ ਦੇ ਭੁਲੇਖੇ ਕਪਾਹ ਦੀ ਫੁੱਟੀ ਗਲ ’ਚ ਫਸਾ ਲਈ ਹੈ। ਸਾਥੀਆਂ ਨੇ ਐਲਾਨ ਕੀਤਾ ਕਿ ਪਾਰਟੀ ਵਲੋਂ 24 ਦਸੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਜਨ ਸੰਪਰਕ ਮੁਹਿੰਮ ਦਰਮਿਆਨ ਮੋਦੀ ਸਰਕਾਰ ਦੀ ਉਕਤ ਦਬਕਾਊ ਨੀਤੀ ਤੇ ਭਿ੍ਰਸ਼ਟ ਕਾਰਿਆਂ ਦੇ ਵੀ ਪਾਜ ਵੀ ਜ਼ੋਰ-ਸ਼ੋਰ ਨਾਲ ਉਧੇੜੇ ਜਾਣਗੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!