ਦਿੱਲੀ (ਵਰਿੰਦਰ ਸਿੰਘ ਖੁਰਮੀ)
ਕੋਰੋਨਾਂ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਝੱਲਦਿਆਂ ਤਕਰੀਬਨ ਇੱਕ ਸਾਲ ਹੋਣ ਦੇ ਨੇੜ ਹੈ, ਪਰ ਯੂਕੇ ਵਿੱਚ ਇਹ ਬਿਮਾਰੀ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਵਾਇਰਸ ਦੀ ਲਾਗ ਦੇ ਵਧ ਰਹੇ ਮਾਮਲਿਆਂ ਦੇ ਨਾਲ ਇੱਥੇ ਕੋਰੋਨਾਂ ਵਾਇਰਸ ਦੇ ਇੱਕ ਨਵੇਂ ਰੂਪ ਦੇ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ।ਇਸ ਨਵੇਂ ਜੋਖਮ ਤੋਂ ਬਚਣ ਲਈ ਸੰਸਾਰ ਦੇ ਕਈ ਦੇਸ਼ਾਂ ਵੱਲੋਂ ਯੂਕੇ ਤੋਂ ਆਉਣ ਵਾਲੀਆਂ ਉਡਾਨਾਂ ਤੇ ਪਾਬੰਦੀ ਲਗਾਈ ਗਈ ਹੈ। ਇਸੇ ਮਾਮਲੇ ਵਿੱਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਨੇ ਵੀ ਯੂਕੇ ਤੋਂ ਆਉਣ ਵਾਲੀਆਂ ਹਵਾਈ ਉਡਾਨਾਂ ਨੂੰ 23 ਦਸੰਬਰ ਤੋਂ 31 ਦਸੰਬਰ ਤੱਕ ਰੱਦ ਕਰਨ ਦਾ ਫੈਸਲਾ ਲਿਆ ਹੈ।ਇਹ ਫੈਸਲਾ ਸਿਹਤ ਮੰਤਰਾਲੇ ਦੇ ਨਿਗਰਾਨੀ ਸਮੂਹ(ਜੇ ਐਮ ਜੀ) ਦੀ ਇੱਕ ਬੈਠਕ ਤੋਂ ਬਾਅਦ ਆਇਆ ਹੈ। ਸੋਮਵਾਰ ਨੂੰ ਹੋਈ ਇਸ ਬੈਠਕ ਅਨੁਸਾਰ ਕੋਰੋਨਾਂ ਵਾਇਰਸ ਦਾ ਇਹ ਨਵਾਂ ਰੂਪ ਜੋ ਯੂਕੇ ਵਿੱਚ ਸਾਹਮਣੇ ਆਇਆ ਹੈ ਪਹਿਲਾਂ ਨਾਲੋਂ 70 ਪ੍ਰਤੀਸ਼ਤ ਵਧੇਰੇ ਸੰਕਰਤਮਿਕ ਹੈ।ਇਸ ਲਈ ਹਵਾਬਾਜ਼ੀ ਮੰਤਰਾਲੇ ਅਨੁਸਾਰ ਇਹ ਮੁਅੱਤਲੀ 23 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ ਜਦਕਿ ਸਾਵਧਾਨੀ ਦੇ ਕਾਰਨਾਂ ਕਰਕੇ ਸਾਰੀਆਂ ਟਰਾਂਜ਼ਿਟ ਫਲਾਈਟਾਂ ( ਜੋ ਕਿ 22 ਦਸੰਬਰ ਤੋਂ ਪਹਿਲਾਂ 23.59 ਵਜੇ ਭਾਰਤ ਪਹੁੰਚ ਰਹੀਆਂ ਹਨ) ਵਿੱਚ ਯੂਕੇ ਤੋਂ
ਭਾਰਤ ਆਉਣ ਵਾਲੇ ਯਾਤਰੀਆਂ ਸਬੰਧਿਤ ਹਵਾਈ ਅੱਡੇ ਪਹੁੰਚਣ ਤੇ ਆਰ ਟੀ-ਪੀ ਸੀ ਆਰ ਟੈਸਟ ਹੋਣਾ ਜਰੂਰੀ ਹੈ।ਇਸਦੇ ਇਲਾਵਾ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਕੋਵਿਡ -19 ਲਈ ਪਾਜ਼ਿਟਿਵ ਪਾਏ ਗਏ ਯਾਤਰੀਆਂ ਨੂੰ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ) ਦੁਆਰਾ ਸਥਾਪਤ ਕੇਂਦਰਾਂ ਵਿੱਚ ਕੁਆਰੰਟੀਨ ਲਈ ਭੇਜਿਆ ਜਾਵੇਗਾ।