3.1 C
United Kingdom
Sunday, March 8, 2026

More

    ਦਿੱਲੀ ਮੋਰਚੇ ਤੋਂ ਪਰਤੇ ਗੱਭਰੂ ਕਿਸਾਨ ਵੱਲੋਂ ਸਲਫਾਸ ਨਿਗਲ ਕੇ ਖੁਦਕਸ਼ੀ

    ਰੱਸਾਕਸ਼ੀ ਦਾ ਕੌਮੀ ਖਿਡਾਰੀ ਰਿਹਾ ਗੁਰਲਾਭ ਸਿੰਘ
    ਅਸ਼ੋਕ ਵਰਮਾ
    ਬਠਿੰਡਾ,20ਦਸੰਬਰ2020:ਬਠਿੰਡਾ ਜਿਲ੍ਹੇ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ ਦਿਆਲਪੁਰਾ ਮਿਰਜਾ ’ਚ ਦਿੱਲੀ ਦੇ ਕਿਸਾਨ ਮੋਰਚੇ ਤੋਂ ਘਰ ਪਰਤੇ ਇੱਕ ਨੌਜਵਾਨ ਕਿਸਾਨ ਗੁਰਲਾਭ ਸਿੰਘ (18)ਵੱਲੋਂ ਖੁਦਕਸ਼ੀ ਕਰ ਲੈਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਲਾਭ ਸਿੰਘ ਰੱਸਾਕਸ਼ੀ ਦਾ ਕੌਮੀ ਪੱਧਰ ਦਾ ਖਿਡਾਰੀ ਦੱਸਿਆ ਜਾ ਰਿਹਾ ਹੈ ਜਿਸ ਨੇ ਸਲਫਾਸ ਖਾਕੇ ਜੀਵਨ ਲੀਲਾ ਸਮਾਪਤ ਕੀਤੀ ਹੈ। ਕਿਸਾਨ ਧਿਰਾਂ ਨੇ ਗੁਰਲਾਭ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਇਸ ਨੂੰ ਖੇਤੀ ਨੂੰ ਬਚਾਉਣ ਲਈ ਕੀਤੀ ਅਜ਼ੀਮ ਕੁਰਬਾਨੀ ਦੱਸਿਆ ਹੈ। ਮਿ੍ਰਤਕ ਕਿਸਾਨ ਗੁਰਲਾਭ ਸਿੰਘ ਦੇ ਪਿਤਾ ਬਲਬੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦਾ ਲੜਕਾ ਗੁਰਲਾਭ ਸਿੰਘ ਹੋਰਨਾਂ ਕਿਸਾਨਾਂ ਨਾਲ ਦਿੱਲੀ ’ਚ ਚੱਲ ਰਹੇ ਕਿਸਾਨ ਧਰਨੇ ’ਚ ਗਿਆ ਸੀ ਜਿੱਥੇ ਉਹ ਤਕਰੀਬਨ 20-22 ਦਿਨ ਰਹਿਣ ਪਿੱਛੋਂ ਹਾਲ ਹੀ ਵਿੱਚ ਪਿੰਡ ਪਰਤਿਆ ਸੀ।
                         ਉਹਨਾਂ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਦਿਨ ਤੋਂ ਗੁੰਮ ਸੁੰਮ ਜਿਹਾ ਰਹਿਣ ਲੱਗਿਆ ਸੀ। ਦਿੱਲੀ ਧਰਨੇ ਬਾਰੇ ਵੀ ਉਸ ਨੇ ਪ੍ਰੀਵਾਰ ਨੂੰ ਕੁੱਝ ਨਹੀਂ ਦੱਸਿਆ। ਲੰਘੀ 19 ਦਸੰਬਰ ਨੂੰ ਉਹ ਕਰੀਬ 10 ਵਜੇ ਉੱਠਿਆ ਅਤੇ ਖਬਰਾਂ ਸੁਣਨ ਉਪਰੰਤ ਚੁਬਾਰੇ ਚੜ ਗਿਆ। ਉਹਨਾਂ ਦੱਸਿਆ ਕਿ ਕੁੱਝ ਦੇਰ ਬਾਅਦ ਉਹ ਚੀਕਾਂ ਮਾਰਨ ਲੱਗਿਆ ਅਤੇ ਦੇਖਿਆ ਤਾਂ ਉਸ ਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ। ਗੁਰਲਾਭ ਸਿੰਘ ਨੇ ਜਦੋਂ ਸਲਫਾਸ ਖਾਣ ਬਾਰੇ ਦੱਸਿਆ ਤਾਂ ਉਸ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਗੁਰਲਾਭ ਸਿੰਘ ਦੇ ਹਿੱਸੇ ਸਿਰਫ ਪੰਜ ਕਨਾਲਾਂ ਜਮੀਨ ਹੀ ਆਉਂਦੀ ਸੀ ਜਿਸ ਤੇ ਲਿਮਟ ਬਣੀ ਹੋਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
                                 ਪ੍ਰੀਵਾਰਕ ਸੂਤਰਾਂ ਨੇ ਦੱਸਿਆ ਕਿ ਇਸੇ ਤਣਾਅ ਅਤੇ ਉੱਪਰੋਂ ਜਮੀਨ ਖੁੱਸਣ ਦੇ ਡਰੋਂ ਉਹ ਸਲਫਾਸ ਨਿਗਲ ਗਿਆ ਜੋ ਉਸ ਨਹੀ ਜਾਨਲੇਵਾ ਸਾਬਤ ਹੋਈ ਹੈ। ਗੁਰਲਾਭ ਸਿੰਘ ਦੇ ਇੱਕ ਭਰਾ ਅਤੇ ਇੱਕ ਭੈਣ ਸੀ ਜੋ ਵਿਆਹੀ ਹੋਈ ਹੈ। ਉਸ ਦਾ ਭਰਾ ਸਤਵੀਰ ਸਿੰਘ ਉਸ ਤੋਂ ਛੋਟਾ ਸੀ। ਪਤਾ ਲੱਗਿਆ ਹੈ ਕਿ ਪ੍ਰੀਵਾਰ ਭਗਤਾ ਭਾਈ ਦੇ ਨੇੜਲੇ ਪਿੰਡ ਹਮੀਰਗੜ ਦਾ ਰਹਿਣ ਵਾਲਾ ਸੀ ਜੋ ਹੁਣ ਦਿਆਲਪੁਰਾ ਮਿਰਜਾ ’ਚ ਕੁੱਝ ਜਮੀਨ ਖਰੀਦ ਕੇ ਇੱਥੇ ਰਹਿ ਰਿਹਾ ਸੀ। ਪ੍ਰੀਵਾਰ ਨੇ ਕਿਸੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰਵਾਈ ਹੈ। ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦਾ ਕਹਿਣਾਾ ਸੀ ਕਿ ਗੁਰਲਾਭ ਸਿੰਘ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!