ਸੰਘਰਸ਼ ਦਾ ਰਾਹ ਕਦੇ ਵੀ ਸਿੱਧਾ ਨਹੀਂ ਹੁੰਦਾ, ਟੇਢੇ ਮੇਢੇ ਰਾਹਾਂ ਤੇ ਚੱਲਦਿਆਂ ਕਈ ਵਾਰ ਬੰਦਾ ਔਟਲ ਜਾਂਦਾ। ਸਥਾਪਿਤ ਨਿਜ਼ਾਮ ਵੱਲੋਂ ਇੱਕ ਵਿਵਸਥਾ ਬਣਾਈ ਹੁੰਦੀ ਹੈ, ਜੀਹਦੇ ਵਿੱਚ ਸਾਰੀਆਂ ਗੋਟੀਆਂ ਆਪਣੇ ਹਿਸਾਬ ਅਨੁਸਾਰ ਜੜੀਆਂ ਹੁੰਦੀਆਂ, ਉਨਾ ਦਾ ਫ਼ਾਇਦਾ ਸਿਸਟਮ ਨੂੰ ਜਿਓ ਦਾ ਤਿਉ ਬਣਾਈ ਰੱਖਣ ਵਿੱਚ ਹੁੰਦਾ, ਉਂਨਾਂ ਦਾ ਸਾਰਾ ਜ਼ੋਰ ਸਮਾਜ ਦੇ ਹਰ ਪਹਿਲੂ ਨੂੰ ਕੰਟਰੋਲ ਕਰਨ ਤੇ ਲੋਕਾ ਅਤੇ ਲੋਕ ਪੱਖੀ ਸ਼ਕਤੀਆਂ ਨੂੰ ਕਮਜ਼ੋਰ ਕਰਨ ਵਿੱਚ ਲੱਗਾ ਹੁੰਦਾ ਹੈ। ਵਿਸ਼ੇਸ਼ ਤੌਰ ਤੇ ਲੋਕ-ਤੰਤਰ ਵਿੱਚ ਸਰਕਾਰ ਨੇ ਕੁਝ ਗੁੰਡਾ ਅਨਸਰ, ਅਖੌਤੀ ਲੀਡਰ, ਧਰਮ ਦੇ ਠੇਕੇਦਾਰ, ਮਜ਼ਦੂਰ ਨੇਤਾ ਪਾਲੇ ਹੋਏ ਹੁੰਦੇ ਹਨ, ਜਿਹੜੇ ਹਰ ਸੰਘਰਸ਼ ਨੂੰ ਜ਼ੋਰ, ਫਿਰਕਾਪ੍ਰਸਤੀ ਤੇ ਹੋਰ ਹਰ ਤਰਾਂ ਦੇ ਹਰਬੇ, ਹੱਥਕੰਡੇ ਵਰਤਕੇ ਨਕਾਮ ਕਰ ਦਿੰਦੇ ਹਨ। ਕਿਸਾਨੀ ਸੰਘਰਸ਼ ਦੇ ਰੂਬਰੂ ਪਹਿਲਾ ਇਹਦੇ ਖ਼ਿਲਾਫ਼ ਧਿਰਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਜ਼ਰੂਰਤ ਹੈ, ਤੇ ਉਂਨਾਂ ਦਾ ਇੱਕੋ ਹੀ ਬਿਆਨ ਬਾਖੂਬੀ ਨੰਗੇ ਚਿੱਟੇ ਕਰਦਾ ਉਂਨਾਂ ਨੂੰ, ਕਹਿੰਦੇ ਲੱਖ ਲੱਖ ਦੇ ਫ਼ੋਨਾਂ ਵਾਲੇ ਕਿਸਾਨ ਨਹੀਂ ਹੋ ਸਕਦੇ, ਭਾਈ ਕਿਉਂ ਨਹੀਂ ਹੋ ਸਕਦੇ। ਕਿਸਾਨ ਵੀ ਬੰਦਾ, ਉਹਦੇ ਧੀਆ ਪੁੱਤਰਾ ਦੇ ਵੀ ਸੁਪਨੇ ਹਨ। ਸੋ ਅਮੀਰ ਹੋਣਾ ਸਿਰਫ ਤੁਹਾਡਾ ਹੀ ਜਨਮ ਸਿੱਧ ਅਧਿਕਾਰ ਹੈ, ਉਂਨਾਂ ਦੀ ਸੋਚ ਮੁਤਾਬਕ ਕਿਸਾਨ ਹੱਡ ਭੰਨਵੀ ਮਿਹਨਤ ਕਰੇ, ਰੁੱਖੀ ਸੁੱਖੀ ਖਾਵੇ, ਪਾਟੇ ਕੱਪੜੇ ਪਾਵੇ, ਪੁਲਸ ਤੋਂ ਹੱਡ ਭੰਨਾਵੇ। ਅਜਿਹੀ ਸੋਚ ਦੇ ਮਾਲਕ ਲੋਕਾ ਤੋਂ ਤੁਸੀਂ ਕਿਹੜੇ ਸੁਧਾਰਾਂ ਦੀ ਆਸ ਕਰਦੇ ਹੋ। ਅੱਜ ਕਿਸਾਨ, ਕੱਲ ਮਜ਼ਦੂਰ, ਛੋਟੇ ਵਪਾਰੀ, ਵੱਡੇ ਵਪਾਰੀ, ਹੌਲੀ ਹੌਲੀ ਸਿਸਟਮ ਸਭ ਨੂੰ ਲਪੇਟੇ ਵਿੱਚ ਲਵੇਗਾ, ਜਿਸ ਤਰਾਂ ਦਾ ਇਹ ਸਿਸਟਮ, ਕਾਨੂੰਨ, ਸਮਾਜ ਬਣਾ ਰਹੇ ਆ, ਉਸ ਵਿੱਚ ਪੰਜ ਪ੍ਰਤੀਸ਼ਤ ਲੋਕਾ ਨੂੰ ਛੱਡਕੇ ਬਾਕੀ ਸਾਰੇ ਦੁੱਖ, ਗਰੀਬੀ ਅਤੇ ਜ਼ਲਾਲਤ ਭੁਗਤਣਗੇ, ਸਾਨੂੰ ਸਾਰਿਆ ਨੂੰ ਹਰ ਜਾਤ, ਧਰਮ, ਖ਼ਿੱਤੇ ਦੀਆ ਵਲਗਣਾਂ ਤੋਂ ਉੱਪਰ ਉੱਠਕੇ ਕਿਸਾਨ ਦਾ ਧੰਨਵਾਦ ਕਰਨਾ ਚਾਹੀਦਾ ਜਿਸਨੇ ਸਭ ਤੋਂ ਪਹਿਲਾ ਬਿੱਲੀ ਦੇ ਗੱਲ ਟੱਲੀ ਪਾਉਣ ਦਾ ਹੌਸਲਾ ਕੀਤਾ, ਆਉ ਰੱਬ ਦੀ ਰਜਾ ਵਿੱਚ ਰਾਜ਼ੀ ਰਹਿਣ ਵਾਲੇ ਤੇ ਉਸਦੀ ਹੋੰਦ ਤੋਂ ਮੁਨਕਰ ਸਾਰੇ ਰਲਕੇ ਮਨੁੱਖਤਾ ਦੇ ਇਤਿਹਾਸ ਦੇ ਇਸ ਸਨਹਿਰੀ ਪੰਨੇ ਨੂੰ ਲਿਖਣ ਵਿੱਚ ਭਾਗੀਦਾਰ ਬਣੀਏ, ਤਾਂ ਕਿ ਅਸੀਂ ਆਉਣ ਵਾਲੀਆ ਪੀੜੀਆਂ ਲਈ ਇੱਕ ਸਾਂਵਾ, ਸੰਤੁਲਿਤ, ਸਵੱਛ, ਬੇਦਾਗ਼, ਬੇਲਾਗ, ਨਿਆਂਕਾਰੀ, ਨਿਰਪੱਖ ਸਮਾਜਿਕ, ਆਰਥਿਕ, ਰਾਜਨੀਤਕ ਤੇ ਆਤਮਿਕ ਚੁਗਿਰਦਾ ਸਿਰਜ ਸਕੀਏ, ਜਿੱਥੇ ਸਾਰੀ ਮਾਨਵਤਾ ਸੱਚੀ, ਸੁੱਚੀ ਅਜ਼ਾਦ ਹਵਾ ਵਿੱਚ ਸਾਹ ਲੈ ਸਕੇ।
ਕੌਮਾਂ ਦੀਆ ਹੋਣੀਆ ਘੜਣ ਨੂੰ ਸਦੀਆਂ ਲੱਗ ਜਾਂਦੀਆਂ, ਜੱਦੋ-ਜਹਿਦ, ਸੰਘਰਸ਼, ਰਾਜ ਪਲਟਾ, ਇੰਨਕਲਾਬ, ਇਹਨਾਂ ਦਾ ਵਾਪਰਨਾ ਬਹੁਤਾ ਯੋਜਨਾਬੱਧ ਨਹੀਂ ਹੁੰਦਾ, ਇਹ ਕਈ ਵਾਰ ਅਚਾਨਕ ਤੇ ਕਈ ਵਾਰ ਹੌਲੀ ਹੌਲੀ ਸਹਿਜ ਨਾਲ ਵਾਪਰਦਾ ਹੈ, ਕਈ ਵਾਰ ਅਜਿਹੀਆਂ ਮੁਹਿੰਮਾਂ ਦਾ ਸਿਰੇ ਚੜਣਾ ਜ਼ਰੂਰੀ ਨਹੀਂ ਹੁੰਦਾ, ਸਫਲਤਾਵਾਂ ਪੜਾਅ ਵਾਰ ਹੁੰਦੀਆਂ ਹਨ। ਦੇਖਣਾ ਇਹ ਹੈ ਕਿ ਹਰ ਵਾਰ ਕੁਠਾਲ਼ੀ ਵਿੱਚ ਕੁੱਟ ਖ਼ਾਕੇ ਸੋਨੇ ਦੇ ਖਰੇਪਣ ਵਿੱਚ ਕਿੰਨਾ ਕੁ ਵਾਧਾ ਹੋਇਆ ਹੈ। ਮੌਜੂਦਾ ਸੰਘਰਸ਼ ਦੌਰਾਨ ਪੰਜਾਬ ਦੀ ਪ੍ਰਾਪਤੀ ਨੂੰ ਹੌਲ਼ਿਆਂ ਕਰਕੇ ਨਹੀਂ ਦੇਖਿਆ ਜਾ ਸਕਦਾ, ਸਰਕਾਰਾਂ ਨਾਲ ਟੱਕਰ ਲੈਣੀ ਸੌਖੀ ਨਹੀਂ ਹੁੰਦੀ, ਕੱਲ ਦਾ ਪਤਾ ਨਹੀਂ ਕੀ ਹੋਵੇ ਪਰ ਹਾਲ ਦੀ ਘੜੀ ਏਨੇ ਲੰਬੇ ਸਮੇ ਲਈ ਸੰਘਰਸ਼ ਨੂੰ ਡੋਲਣ ਨਾ ਦੇਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪੰਜਾਬ ਦੀ ਰੂਹ ਵਿੱਚ ਇਸਨੇ ਇੱਕ ਨਵਾਂ ਉਤਸ਼ਾਹ ਫੂਕਿਆ ਹੈ। ਨਸ਼ੇੜੀ ਦਾ ਲੇਬਲ ਲੱਗੇ ਨੌਜਵਾਨਾਂ ਵੱਲੋਂ ਨੰਗੇ ਧੜ ਪਾਣੀ ਦੀਆ ਬੁਛਾੜਾਂ ਸਾਹਮਣੇ ਹਿੱਕ ਤਾਣਕੇ ਖੜ ਜਾਣਾ, ਕਿਸੇ ਕਰਾਮਾਤ ਤੋਂ ਘੱਟ ਨਹੀਂ। ਚੁਰਾਸੀ ਤੋਂ ਬਾਅਦ ਪਹਿਲੀ ਵਾਰ ਪੂਰੇ ਭਾਰਤ ਦੇ ਲੋਕਾ ਦਾ ਪੰਜਾਬ ਦੇ ਮੋਢੇ ਨਾਲ ਮੋਢਾ ਖੜ ਜਾਣਾ ਤੇ ਨੈਤਿਕ ਅਗਵਾਈ ਨੂੰ ਕਬੂਲਣਾ ਆਪਣੇ ਆਪ ਵਿੱਚ ਇੱਕ ਮੀਲ ਪੱਥਰ ਹੈ। ਹਰਿਆਣੇ ਵੱਲੋਂ ਪੰਜਾਬ ਨੂੰ ਵੱਡਾ ਭਰਾ ਕਹਿਣਾ, ਤੇ ਸਾਰੇ ਅੰਦੋਲਨ ਦਾ ਪੰਜਾਬੀ ਬੋਲਦੇ ਖ਼ਿੱਤਿਆਂ ਵਿੱਚੋਂ ਉੱਠਣਾ ਹਾਂ ਪੱਖੀ ਭਵਿੱਖ ਦੀ ਨਿਸ਼ਾਨੀ ਹੈ।
ਮਾਰਕਸ ਦੇ ਸਿਧਾਂਤਾਂ ਦੇ ਪਹਿਰੇਦਾਰਾ ਦੁਆਰਾ, ਬੋਲੇ ਸੋ ਨਿਹਾਲ ਦੇ ਨਾਹਰਿਆਂ ਨਾਲ ਕੂਚ ਕਰਨਾ ਪੰਜਾਬ ਦੀ ਆਤਮਿਕ ਅਤੇ ਬੌਧਿਕ ਅਮੀਰੀ ਦਾ ਸਹੀ ਦਿਸ਼ਾ ਵੱਲ ਪੁੱਟਿਆ ਦੇਰ ਨਾਲ ਪਰ ਸਾਰਥਕ ਕਦਮ ਹੈ। ਇੱਕ ਅਜਿਹੀ ਲੀਹ ਪਾਈ ਜਾ ਰਹੀ ਹੈ ਜਿਸ ਵਿੱਚ ਪੰਜਾਬੀਅਤ ਦੇ ਕਾਫ਼ਲੇ ਨੂੰ ਤੁਰਨਾ ਚੰਗਾ ਵੀ ਲੱਗੇਗਾ ਤੇ ਪ੍ਰਾਪਤੀਆਂ ਦਾ ਮੁੱਢ ਵੀ ਬੱਝੇਗਾ। ਕਦੇ ਪੰਜਾਬ ਦੇ ਪਿੰਡਾ ਵਿੱਚ ਕਈ ਅੰਮ੍ਰਿਤਧਾਰੀ ਕਾਮਰੇਡ ਹੁੰਦੇ ਸਨ, ਭਾਈਚਾਰਕ ਸਾਂਝ ਦਾ ਦੌਰ ਪਰਤ ਰਿਹਾ ਹੈ। ਆਉ ਇੰਨਾਂ ਇਤਿਹਾਸਕ ਪਲਾ ਨੂੰ ਸੰਭਾਲ਼ੀਏ ਤੇ ਉਸਾਰੂ ਅਤੇ ਸੁਚਾਰੂ ਸੋਚਣੀ ਨਾਲ ਕੌਮ ਦੇ ਭਵਿੱਖ ਨੂੰ ਉਲੀਕੀਏ।
ਸਦੀਆਂ ਤੋਂ ਵਹੀ ਨੇ ਵਾਹੀ ਨੂੰ ਦੱਬਿਆ ਹੋਇਆ। ਖਾਤੇ ਨੇ ਕਦੇ ਵੀ ਖੇਤਾਂ ਨੂੰ ਉੱਠਣ ਨਹੀਂ ਦਿੱਤਾ। ਕਿਸਾਨ ਦੇ ਸਾਰੇ ਟੱਬਰ ਦੀ ਹੱਡ ਭੰਨਵੀ ਕਮਾਈ ਕਲਮ ਦੀ ਮਾਰ ਹੱਥੋਂ ਮਾਤ ਖਾਂਦੀ ਆਈ ਆ। ਪਹਿਲਾ ਸ਼ਾਹੂਕਾਰ, ਫੇਰ ਆੜ੍ਹਤੀਏ, ਬੈਂਕ ਦੀਆ ਲਿਮਟਾ, ਕਰਜ਼ਾ ਸੂਦ ਦਰ ਸੂਦ ਵੱਧਦਾ ਹੀ ਗਿਆ। ਮਾਤੜ ਜੱਟ ਦੇ ਤਾਂ ਸਾਹੇ ਈ ਲੋਟ ਨੀ ਆਏ। ਧੀਆ ਪੁੱਤਾਂ ਦੇ ਵਿਆਹਾਂ ਵਿੱਚ ਨੱਕ ਰੱਖਦੇ ਦੀ ਨੱਕ ਵਿੱਚ ਸਰਮਾਏਦਾਰੀ ਅਰਥਚਾਰੇ ਨੇ ਅਜਿਹੀ ਨਕੇਲ ਪਾਈ, ਉਸਦੇ ਗਲ ਪਈ ਪੰਜਾਲ਼ੀ ਨਾਂ ਤਾ ਸਮਾਜਵਾਦ ਉਸਾਰਨ ਵਾਲੇ ਨਕਸਲ਼ੀ ਤੇ ਨਾ ਹੀ ਰੱਬ ਨੂੰ ਮੰਨਣ ਵਾਲੇ ਖਾੜਕੂ ਕੱਢ ਸਕੇ।
ਭਾਗਾਂ ਵਿੱਚੋਂ ਗੁਲਾਮੀ ਨਹੀਂ ਨਿਕਲੀ, ਬੱਸ ਮਾਲਕ ਬਦਲਦੇ ਗਏ। ਪੰਜਾਬ ਦੇ ਬਾਸ਼ਿੰਦਿਆਂ ਦਾ ਇੱਕ ਆਪਣਾ ਵਜੂਦ ਹੈ, ਇਹ ਸੱਭਿਅਤਾ ਹਜ਼ਾਰਾਂ ਸਾਲਾ ਵਿੱਚ ਵਿਗਸੀ ਹੈ। ਲੱਖ ਮੁਸੀਬਤਾਂ ਹੋਣ ਦੇ ਬਾਵਜੂਦ ਵੀ ਚੜਦੀ ਕਲਾ ਵਿੱਚ ਰਹਿੰਦੇ ਹਨ। ਇੱਥੋ ਦੇ ਵਿਰਸੇ ਦੀਆ ਵਿਲੱਖਣਤਾਵਾਂ ਇਸਨੂੰ ਦੱਖਣੀ ਏਸ਼ੀਆ ਵਿੱਚ ਨਿਵੇਕਲਾ ਮੁਹਾਂਦਰਾ ਪ੍ਰਦਾਨ ਕਰਦੀਆਂ ਹਨ। ਦੁੱਧ ਪੁੱਤ ਤੇ ਜ਼ਮੀਨ ਮਾਂ ਦਾ ਸੰਕਲਪ ਪੀੜੀ ਦਰ ਪੀੜੀ ਚਲਿਆਂ ਆਉਂਦਾ, ਪਰ ਸਮੇ ਦੇ ਚੱਲਦਿਆਂ ਬਦਲਾਓ ਆਉਂਦਾ ਰਹਿੰਦਾ, ਅਗਾਂਹਵਧੂ ਅਤੇ ਰਵਾਇਤੀ ਸੋਚ ਦੀ ਕਸ਼ਮਕਸ਼ ਕਈ ਵਾਰ ਫੈਸਲਾ ਲੈਣ ਵਿੱਚ ਗਲਤੀ ਕਰ ਜਾਂਦੀ ਹੈ। ਖਪਤਕਾਰ ਸੱਭਿਆਚਾਰ ਨੇ ਕਿਸਾਨ ਨੂੰ ਦੁੱਧ ਵੇਚਣ ਤੇ ਮਜਬੂਰ ਕਰ ਦਿੱਤਾ ਜੋ ਕਿ ਕਦੇ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ ਸੀ। ਭਾਵੇਂ ਕਿ ਸਮੇ ਦੀਆ ਮਾਰਾਂ ਝੱਲਦੀ ਕੁਝ ਗਿਣਤੀ ਭੂਮੀਹੀਣ ਹੋ ਗਈ ਪਰ ਲੱਖ ਦੁਸ਼ਵਾਰੀਆਂ, ਕਰਜ਼ਿਆਂ ਅਤੇ ਖ਼ੁਦਕੁਸ਼ੀਆਂ ਦੀ ਜੱਦੋ-ਜਹਿਦ ਵਿੱਚ ਵੀ ਬਹੁਗਿਣਤੀ ਜੱਟ ਜ਼ਮੀਨ ਦੀ ਮਾਂ ਵਾਲੇ ਸੰਬੋਧ ਨਾਲ ਜੁੜੀ ਰਹੀ। ਜਿਹੜਾ ਪੰਜਾਬੀ ਪੰਜ ਲੱਖ ਦੇ ਕਰਜ਼ੇ ਲਈ ਫਾਹਾ ਗੱਲ ਵਿੱਚ ਪਾ ਲੈਂਦਾ, ਉਹ ਘੱਟੋ-ਘੱਟ ਚਾਲੀ ਪੰਜਾਹ ਲੱਖ ਦੀ ਜ਼ਮੀਨ ਦਾ ਮਾਲਕ ਹੁੰਦਾ। ਸੋ ਪੰਜਾਬੀਆ ਨੇ ਜਾਨਾ ਤਾ ਦੇ ਦਿੱਤੀਆ ਪਰ ਆਉਣ ਵਾਲੀਆ ਪੀੜੀਆ ਦੀ ਧਰੋਹਰ ਦਾ ਸੌਦਾ ਨਹੀ ਕੀਤਾ। ਜ਼ਮੀਨ ਦੀ ਲੜਾਈ ਅਸਲ ਚ ਪੰਜਾਬ ਦੀ ਹੋਂਦ ਦੀ ਲੜਾਈ ਹੈ। ਸਾਡਾ ਸਾਰਾ ਤਾਣਾ ਬਾਣਾ ਪਿੰਡ ਤੋਂ ਖੇਤ ਤੱਕ ਜਾਂਦੇ ਪਹੇ ਨਾਲ ਜੁੜਿਆਂ ਹੋਇਆ ਜਦੋ ਖੇਤ ਪੂੰਜੀਪਤੀਆਂ ਕੋਲ ਚਲੇ ਗਏ, ਤਾ ਪਿੰਡਾ ਦੇ ਬਾਸ਼ਿੰਦੇ ਜਾ ਅੰਦਰ ਪੈਕੇ ਮੁੱਕ ਜਾਣਗੇ, ਜਾ ਰੋਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਵੱਲ ਪਰਵਾਸ ਕਰ ਜਾਣਗੇ। ਜੇ ਇੰਜ ਹੋਇਆਂ ਤਾ ਪਿੰਡ ਹੌਲੀ ਹੌਲੀ ਬੇਜਮੀਨੇ ਖੇਤ ਮਜ਼ਦੂਰਾਂ ਦੀਆ ਕਾਲੋਨੀਆਂ ਬਣ ਜਾਣਗੀਆਂ, ਸੱਭਿਅਤਾ ਦੇ ਕਲਬੂਤ ਵਿੱਚੋਂ ਰੂਹ ਨਿਕਲ ਜਾਵੇਗੀ, ਪੰਜਾਬ ਸਿਰਫ ਕਹਾਣੀਆਂ ਵਿੱਚ ਹੀ ਰਹਿ ਜਾਵੇਗੀ। ਸੋ ਇਹ ਸਾਡੀ ਹੋਂਦ ਦੀ ਲੜਾਈ ਹੈ, ਸਾਡੇ ਪੁਰਖਿਆਂ ਦੀਆ ਕੁਰਬਾਨੀਆਂ ਅਤੇ ਘਾਲਣਾਵਾਂ ਦੀਆ ਕਹਾਣੀਆਂ ਨੂੰ, ਸਾਡੀਆਂ ਭਾਈਚਾਰਕ ਸਾਂਝ ਦੀਆ ਪੀਡੀਆ ਗੰਢਾ ਨੂੰ, ਸਾਡੀਆਂ ਸਿੱਧੀਆਂ ਧੌਣਾਂ ਅਤੇ ਕਿਸੇ ਦੀ ਟੈਂ ਨਾ ਮੰਨਣ ਵਾਲੀ ਅਣਖ ਦੀਆ ਕਹਾਣੀਆਂ ਨੂੰ ਅਗਲੀ ਪੀੜੀ ਤੱਕ ਜਿਉਂ ਦੀ ਤਿਉਂ ਪਹੁੰਚਾਉਣ ਦੀ ਲੜਾਈ ਹੈ, ਪੰਜਾਬ ਦੀ ਸੂਰਤ ਅਤੇ ਸੀਰਤ ਨੂੰ ਪੰਜਾਬੀਅਤ ਦੇ ਲਿਬਾਸ ਵਿੱਚੋਂ ਬਾਹਰ ਨਾ ਜਾਣ ਦੇਣ ਦੇ ਸੰਘਰਸ਼ ਦੀ ਲੜਾਈ ਹੈ, ਆਉ ਹਰ ਤਰਾਂ ਦੇ ਆਪਸੀ ਮਤਭੇਦਾਂ ਨੂੰ ਭੁੱਲਕੇ ਆਪੋ ਆਪਣੇ ਵਿੱਤ ਮੁਤਾਬਕ ਇਸ ਵਿੱਚ ਬਣਦਾ ਹਿੱਸਾ ਪਾਈਏ।
ਲੋਕ-ਤੰਤਰ ਵਿੱਚ ਵੋਟਾਂ ਦਾ ਧਰੁਵੀਕਰਨ ਬਹੁਤ ਮਹੱਤਤਾ ਰੱਖਦਾ, ਜੇ ਤੁਹਾਨੂੰ ਲਗਦਾ ਭਾਰਤ ਵਰਗੇ ਮੁਲਕ ਵਿੱਚ ਜਿੱਥੇ ਅਣਪੜਤਾ ਚੋਣ ਨਹੀਂ ਬਹੁਗਿਣਤੀ ਦੀ ਮਜਬੂਰੀ ਹੈ, ਉੱਥੇ ਲੋਕ ਸੋਚ ਸਮਝਕੇ ਵੋਟ ਦੇ ਹੱਕ ਦੀ ਵਰਤੋ ਕਰਨਗੇ ਤਾ ਐਂਵੇ ਤੁਸੀਂ ਵਹਿਮ ਪਾਲ ਰਹੇ ਹੋ, ਰਾਜਨੀਤਕ ਪਾਰਟੀਆਂ ਨੇ ਗੁੰਡਾਤੰਤਰ ਪਿੰਡ ਦੀ ਹਰ ਪੱਤੀ, ਸ਼ਹਿਰ ਦੇ ਹਰ ਮੁਹੱਲੇ ਤੱਕ ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਹੋਇਆਂ, ਜੇ ਕੱਲ ਨੂੰ ਥਾਣੇ ਆਲੇ ਚੁੱਕਕੇ ਲੈ ਗਏ ਤਾ ਛੁਡਾਕੇ ਲਿਆਉਣ ਦੀ ਤਾਕਤ ਕੀਹਦੇ ਕੋਲ ਆ, ਉਹੀ ਫੈਸਲਾ ਕਰਦਾ ਵੋਟ ਕਿੱਥੇ ਪੈਣੀਆ, ਸਮਝਦਾਰ ਲੋਕਾ ਦੀ ਗਿਣਤੀ ਬਹੁਤ ਘੱਟ ਹੈ, ਸਮਝਦਾਰਾ ਵਿੱਚੋਂ ਬਹੁਤੇ ਬੇਈਮਾਨ, ਲਾਲਚੀ ਤੇ ਸਵਾਰਥੀ ਨੇ ਤੇ ਉਹ ਵੋਟਾਂ ਦਾ ਧਰੁਵੀਕਰਨ ਕਦੇ ਜਾਤ, ਕਦੇ ਖ਼ਿੱਤੇ ਤੇ ਕਦੇ ਧਰਮ ਦੇ ਅਧਾਰ ਤੇ ਕਰਦੇ ਨੇ ਤੇ ਆਮ ਤੌਰ ਤੇ ਗੋਟੀਆਂ ਫਿੱਟ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਬੜੀ ਦੇਰ ਬਾਅਦ ਸਮਝਦਾਰਾ ਵਿਚਲੇ ਇਮਾਨਦਾਰ ਤਬਕੇ ਦੇ ਹੱਥ ਕਿਸੇ ਅੰਦੋਲਨ ਦੀ ਕਮਾਨ ਆਈ ਆ। ਜੇ ਉਹ ਕਿਸਾਨ ਅਤੇ ਮਜ਼ਦੂਰ ਦੇ ਨਾ ਤੇ ਵੋਟਾਂ ਦਾ ਧਰੁਵੀਕਰਨ ਕਰਨ ਵਿੱਚ ਕਾਮਯਾਬ ਹੋ ਜਾਣ ਤਾ ਸਰਕਾਰ ਉਂਨਾਂ ਦੇ ਹੱਥ ਆ ਸਕਦੀ ਆ, ਤੇ ਫਿਰ ਜਦੋ ਸਰਕਾਰ ਆਪਣੀ ਹੋਵੇਗੀ ਤਾ ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਈ ਜਾ ਸਕਦੀ ਆ। ਹੱਕ ਸੱਚ ਦੀ ਰੋਟੀ ਖਾਣ ਵਾਲ਼ਿਆਂ ਦੇ ਹੱਥ ਸੱਤਾ ਹੋਣ ਦੀ ਸੰਭਾਵਨਾ ਵਾਲਾ ਸੁਪਨਾ ਸਕਾਰ ਹੋਣ ਦੀ ਝਲਕ, ਇਸ ਸਦੀ ਦੀ ਅਹਿਮ ਘਟਨਾ ਹੈ, ਦੇਖਿਓ ਕਿਤੇ ਇਹ ਮੌਕਾ ਅਜਾਈਂ ਨਾ ਚਲਿਆ ਜਾਵੇ, ਲੋਕਾ ਦਾ ਜੁੜਣਾ ਇਤਿਹਾਸਕ ਹੈ, ਪਰ ਬਿਖਰਨ ਤੋਂ ਪਹਿਲਾ ਕੁਝ ਠੋਸ ਪ੍ਰਾਪਤੀਆਂ ਜ਼ਰੂਰ ਹੋਣ। ਕਿਸਮਤ ਵਾਲੇ ਹੁੰਦੇ ਹਨ ਜਿਨਾ ਨੂੰ ਇਤਿਹਾਸ ਸਿਰਜਣ ਦਾ ਮੌਕਾ ਮਿਲਦਾ, ਜਿੱਦਾ ਅਸੀਂ ਬਾਬੇ ਨਾਨਕ ਤੋਂ ਸੱਚੀ ਸੁੱਚੀ ਕਿਰਤ, ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਤੇਗ ਰੂਪੀ ਬਖ਼ਸ਼ਿਸ਼ ਤੇ ਮਾਣ ਕਰਦੇ ਹਾਂ, ਇਸ ਜਦੋ ਜਹਿਦ ਵਿੱਚੋਂ ਵੀ ਕੁਝ ਅਜਿਹੀ ਸੇਧ ਰਿੜਕ ਸਕੀਏ ਜੋ ਸਾਡੀਆਂ ਆਉਣ ਵਾਲ਼ੀਆਂ ਪੀੜੀਆ ਲਈ ਚਾਨਣ ਮੁਨਾਰਾ ਬਣ ਸਕੇ।
ਪਿਤਾ ਨੂੰ ਕੁਰਬਾਨੀ ਦੇਣ ਲਈ ਤੋਰਨਾ, ਖ਼ੁਦ ਰਾਜਸ਼ਾਹੀ ਅਤੇ ਕੰਢਿਆਂ ਦੀ ਸੇਜ ਨੂੰ ਸਮ ਕਰ ਜਾਨਣਾ, ਚਾਰ ਪੁੱਤਰਾਂ ਨੂੰ ਹੱਸਕੇ ਕੁਰਬਾਨ ਕਰ ਦੇਣਾ, ਇਹੋ ਜਿਹੇ ਵਰਤਾਰੇ ਪੰਜਾਬ ਦੀ ਵਿਲੱਖਣ ਤਾਸੀਰ ਦੇ ਪ੍ਰਤੱਖ ਪ੍ਰਮਾਣ ਹਨ। ਸਰਸਾ ਦੇ ਕੰਢੇ, ਕਾਲੀ ਬੋਲੀ ਜ਼ੁਲਮ ਦੀ ਰਾਤ ਵਿੱਚ, ਸੱਚ ਦੇ ਚਾਨਣ ਦਾ ਕਿਣਕਾ ਕਿਣਕਾ ਹੋਕੇ ਬਿਖਰ ਜਾਣਾ ਤੇ ਹਰ ਚਿੰਣਗ ਦਾ ਭਾਂਬੜ ਬਣਕੇ ਖ਼ੁਦ ਰਾਖ ਹੋਣ ਤੋਂ ਪਹਿਲਾ, ਜਾਲਮ ਦੀਆ ਅੱਖਾਂ ਚੁੰਧਿਆ ਦੇਣੀਆਂ। ਚਮਕੌਰ ਦੀ ਗੜੀ ਵਿੱਚ ਘੱਟ ਗਿਣਤੀ ਦੇ ਅਣਖ ਅਤੇ ਨਿਸਚੈ ਦਾ ਤੇਗ ਦੀ ਧਾਰ ਤੇ ਜੂਝਕੇ ਬਹੁਗਿਣਤੀ ਨੂੰ ਖ਼ੌਫ਼ ਦੇ ਹਨੇਰਿਆਂ ਵਿੱਚ ਸੁੱਟਣਾ। ਗੰਗੂ ਦਾ ਧੋਖਾ, ਮੋਤੀ ਰਾਮ ਦੀ ਕੁਰਬਾਨੀ, ਹਾਕਮਾਂ ਵਿੱਚੋਂ ਹੀ ਮਲੇਰਕੋਟਲੇ ਦੇ ਨਵਾਬ ਦਾ ਹਾਅ ਦਾ ਨਾਅਰਾ, ਮਨੁੱਖਤਾ ਦੀ ਨੇਕੀ ਅਤੇ ਬਦੀ ਦਾ ਅੰਤਰ ਦਵੰਦ, ਸੱਚ ਅਤੇ ਝੱੂਠ ਦੀ ਜੱਦੋ-ਜਹਿਦ, ਪੋਹ ਦੇ ਮਹੀਨੇ ਠੰਡਾ ਬੁਰਜ, ਗਰਮ ਲਹੂ, ਜੰਮਦਾ ਕੋਰਾ, ਪਿਘਲਦਾ ਤਖਤ, ਸੁੰਨ, ਇਕੱਲਤਾ, ਅਡੋਲ ਹੌਸਲਾ, ਦਾਦੀ ਪੋਤਰੇ ਉਮਰਾਂ ਦਾ ਪਾੜਾ ਪਰ ਅਗੰਮੀ ਚੜਦੀ ਕਲਾ ਦੀ ਇੱਕਸੁਰਤਾ, ਕੌਮ ਦੀਆ ਨੀਂਹਾਂ ਉਸਾਰਨ ਲਈ ਖ਼ੁਦ ਨੀਂਹਾਂ ਵਿੱਚ ਖੜ ਜਾਣਾ। ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ। ਗੁਰੂਆਂ ਦੀ ਬਖ਼ਸ਼ਿਸ਼, ਦਸਮੇਸ਼ ਪਿਤਾ ਦੀ ਵਰੋਸਾਈ ਧਰਤ ਤੋਂ ਉਹਨਾਂ ਹਜ਼ਾਰਾਂ ਲੱਖਾਂ ਪੁੱਤਰਾਂ ਦਾ ਫੇਰ ਉੱਠਣਾ, ਖੜ ਜਾਣਾ ਜ਼ੁਲਮ ਦੇ ਖ਼ਿਲਾਫ਼। ਸਮਾ ਦੁਹਰਾ ਰਿਹਾ ਯੱਖ ਠੰਡੀਆ ਰਾਤਾਂ ਦੇ ਇਤਿਹਾਸ ਨੂੰ, ਆਪੋ ਆਪਣੇ ਪਰਿਵਾਰਾਂ ਨੂੰ ਫ਼ਤਿਹ ਬੁਲਾਕੇ ਤੁਰ ਪੈਣਾ, ਆਰ ਪਾਰ ਦੀ ਲੜਾਈ ਲਈ। ਤੇਰੇ ਸਭ ਪੁੱਤਰ, ਜਿੰਨਾ ਤੇ ਸਮੇ ਦੀਆ ਸਰਕਾਰਾਂ ਨੇ ਕਦੇ ਨਕਸਲੀ, ਕਦੇ ਖਾੜਕੂ, ਕਦੇ ਨਸ਼ੇੜੀ, ਕਦੇ ਗੈਗਸਟਰ ਦੇ ਲੇਬਲ ਲਾਏ ਅੱਜ ਫੇਰ ਇੱਕ ਹੀ ਝੰਡੇ ਹੇਠ ਕੱਠੇ ਹੋਕੇ ਆ ਗਏ ਹਨ। ਜਦੋ ਸੰਘਰਸ਼ ਦਾ ਪਰਚਮ, ਸੰਗਤਾਂ ਦੇ ਜੋਸ਼ ਦੇ ਵੇਗ ਨਾਲ ਝੂਲਦਾ, ਕਦੇ ਇਸ ਵਿੱਚੋਂ ਲਾਲ, ਕਦੇ ਹਰੇ ਤੇ ਕਦੇ ਪੀਲੇ ਰੰਗ ਦਾ ਝਲਕਾਰਾ ਪੈਂਦਾ ਹੈ। ਕਦੇ ਦਾਤੀ ਹਥੌੜਾ, ਕਦੇ ਹੱਲ ਪੰਜਾਲ਼ੀ ਤੇ ਕਦੇ ਸਿਰੀ ਸਾਹਿਬ ਦਿਖਦੀ ਹੈ। ਸਿਧਾਂਤ ਸਭੈ ਸਾਂਝੀਵਾਲ ਸਦਾਇਨ ਤੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ। ਭਾਈ ਕਨੱਹੀਆ ਫੇਰ ਡਾਂਗਾਂ ਖਾਣ ਅਤੇ ਫੇਰਨ ਵਾਲ਼ਿਆਂ ਨੂੰ ਇੱਕੋ ਨੀਅਤ ਨਾਲ ਪਰਸ਼ਾਦੇ ਖਵਾ ਰਿਹਾ। ਠੰਡੇ ਪਾਣੀ ਦੀਆ ਬੁਛਾੜਾਂ ਮਾਰਨ ਵਾਲ਼ਿਆਂ ਨੂੰ ਕੋਸਾ ਤੇ ਮਿੱਠਾ ਦੁੱਧ ਪਿਲਾਇਆ ਜਾ ਰਿਹਾ। ਕਿਰਤ, ਕਿਰਤੀ, ਕਿਰਸਾਨ, ਕਾਮਰੇਡ, ਪੰਜ ਕਕਾਰ, ਜਾਬਰ ਦੇ ਖ਼ਿਲਾਫ਼ ਕਮਰਕੱਸੇ ਕਸੀ ਬੈਠੇ ਹਨ। ਪ੍ਰਾਪਤੀ ਚਾਹੇ ਨੈਤਿਕ ਹੋਵੇ ਚਾਹੇ ਭੌਤਿਕ, ਵਹੀਰ ਚਲਦੀ ਰੱਖਿਓ ।
ਬਿੱਟੂ ਖੰਗੂੜਾ
+447877792555