ਮਾਲੇਰਕੋਟਲਾ, 18 ਦਸੰਬਰ (ਥਿੰਦ)-ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਦੇਸ਼ ਦੇ ਕਿਸਾਨਾਂ ਵਲੋਂ ਖੇਤੀ ਸਬੰਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 20 ਦਿਨਾਂ ਤੋਂ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰਦੇ ਆ ਰਹੇ ਕਿਸਾਨਾਂ ਲਈ ਜਿੱਥੇ ਮਾਲੇਰਕੋਟਲਾ ਦੇ ਮੁਸਲਿਮ ਵਰਗ ਦੇ ਲੋਕਾਂ ਵਲੋਂ ਮਿੱਠੇ ਅਤੇ ਨਮਕੀਨ ਚਾਵਲਾਂ ਦਾ ਲਗਾਤਾਰ ਲੰਗਰ ਲਗਾਕੇ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਅਤੇ ਲੋਕਾਂ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਮਾਲੇਰਕੋਟਲਾ ਦੇ ਕਰੀਬੀ ਪਿੰਡ ਆਦਮਪਾਲ ਵਿਖੇ ਮਾਹੀ ਅਤੇ ਬਾਵਾ ਫੀਡ ਦੇ ਮਾਲਕ ਰਣਜੀਤ ਸ਼ਰਮਾ, ਐਮ.ਐਮ ਟਰਾਂਸਪੋਰਟ ਆਲ ਇੰਡੀਆ ਦੇ ਨਰਿੰਦਰ ਸਿੰਘ ਟਰਾਂਸਪੋਰਟਰ, ਹਰਪੀਤ ਸਿੰਘ ਸੋਹੀ ਕੈਨੇਡਾ, ਸੰਦੀਪ ਗੁਰਨਾ ਅਮਰੀਕਾ ਅਤੇ ਸੁਖਵਿੰਦਰ ਕੌਰ ਪੰਧੇਰ ਕੈਨੇਡਾ ਦੇ ਸਹਿਯੋਗ ਨਾਲ ਕਿਸਾਨਾਂ ਲਈ ਅੰਤਾਂ ਦੀ ਪੈ ਰਹੀ ਸਰਦੀ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਲਈ ਗਰਮ ਪਾਣੀ ਕਰਨ ਲਈ ਗੀਜਰ, ਗਰਮ ਗੱਦੇ , ਗਰਮ ਕੰਬਲ ਅਤੇ ਖਾਣ-ਪੀਣ ਦੀ ਸਮੱਗਰੀ ਵਾਲਾ ਸਾਮਾਨ ਕਿਸਾਨਾਂ ਲਈ ਲੈ ਕੇ ਦਿੱਲੀ ਬਾਰਡਰ ਲਈ ਰਵਾਨਾ ਹੋਏ। ਇਸ ਮੌਕੇ ਰਣਜੀਤ ਸ਼ਰਮਾਂ ਨੇ ਦੱਸਿਆ ਕਿ ਜੇਕਰ ਦੇਸ਼ ਦਾ ਅੰਨਦਾਤਾ ਹੀ ਅੱਜ ਆਪਣੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਬੈਠਾ ਹੈ ਜੋ ਪੂਰੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਹੈ ਜਿਸ ਨਾਲ ਸਾਡਾ ਕਾਰੋਬਾਰ ਜੁੜਿਆ ਹੋਇਆ ਹੈ, ਇਸ ਲਈ ਉਹਨਾਂ ਵਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਸਾਡੇ ਵਲੋਂ ਇਹ ਸਮੱਗਰੀ ਲਿਜਾਣ ਦਾ ਉਪਰਾਲਾ ਕੀਤਾ ਗਿਆ ਹੈ।