4.2 C
United Kingdom
Saturday, March 7, 2026

More

    ਜੰਗ ਜਾਰੀ ਰੱਖਿਓ

    ਰਜਨੀ ਵਾਲੀਆ
    ਛੱਡ ਤਾਨਾਸ਼ਾਹੀ-ਤਾਨਾਸ਼ਾਹਾ,
    ਤੈਨੂੰ ਕਾਹਦਾ ਏ ਗਰੂਰ |
    ਸਬਰ ਪਰਖ ਨਾ ਤੂੰ ਹੁਣ,
    ਓਏ ਤੈਨੂੰ ਸੋਧਣਗੇ ਜਰੂਰ |
    ਹਿੰਮਤ ਦੀ ਹੱਥ ਵਿੱਚ ਆਰੀ ਰੱਖਿਓ,
    ਜਿੱਤ ਆਪਣੀ ਏ,
    ਜੰਗ ਤੁਸੀਂ ਜਾਰੀ ਰੱਖਿਓ |

    ਉਹ ਸਭ ਹੂੰਝ ਦੇਂਦੇ ਨੇ ਤੁਫਾਨ ਜਿਹੜੇ ਹੁੰਦੇ,
    ਮੱਤ ਪੁੱਠੀ ਸਿੱਧੀ ਕਰਦੇ ਗਿਆਨ ਜਿਹੜੇ ਹੁੰਦੇ,
    ਝੁੱਲਦੇ ਹੀ ਰਹਿੰਦੇ ਨੇ ਨਿਸ਼ਾਨ ਜਿਹੜੇ ਹੁੰਦੇ,
    ਪੈ ਜਾਏ ਪੁੱਠੀ ਹਰ ਚਾਲ,
    ਚੋਟ ਹਾਕਮ ਦੇ ਸੀਨੇ ਤੇ ਕਰਾਰੀ ਰੱਖਿਓ |
    ਜਿੱਤ ਆਪਣੀ ਏ,
    ਜੰਗ ਤੁਸੀਂ ਜਾਰੀ ਰੱਖਿਓ

    ਹੱਕ ਲੈਣਾ ਏ ਤੇ ਹਾਕਮ ਦੀ ਗਿੱਚੀ ਗੋਡਾ ਰੱਖੋ,
    ਫੂਕੋ ਤਾਨਾਸ਼ਾਹੀ ਇਕੱਠੇ ਹੋ ਜਾਵੋ ਸਭ ਕੱਖੋ,
    ਏਕਾ ਰੱਖਣਾ ਬਣਾ ਕੇ ਤੇ ਜਿੱਤ ਨੂੰ ਹੀ ਚੱਖੋ,
    ਉਹਨੂੰ ਭੁੱਲੀ ਏ ਔਕਾਤ,
    ਉਹਦੇ ਰੇਸ਼ਮ ਤੇ ਮਘੀ ਚੰਗਿਆਰੀ ਰੱਖਿਓ |
    ਜਿੱਤ ਆਪਣੀ ਏ,
    ਜੰਗ ਤੁਸੀਂ ਜਾਰੀ ਰੱਖਿਓ

    ਦੇਵੋ ਏਕੇ ਦਾ ਸਬੂਤ ਅੱਜ ਸਾਰੇ ਹਾਂ ਇਕੱਠੇ,
    ਨਾ ਤੀਲਾ-ਤੀਲਾ ਹੋਇਓ ਤੇ ਬਣ ਜਾਇਓ ਗੱਠੇ,
    ਇੱਕੇ ਵਿਹੜੇ ਖੜੇ ਕਾਂਡੀਆਂ ਦਾਤੀਆਂ ਤੇ ਪੱਠੇ,
    ਨਜ਼ਰ ਬਾਜ ਵਾਲੀ ਰੱਖੋ,
    ਤੁਸੀਂ ਪਰ ਭਾਰੀ ਕਰੋ ਅੰਬਰੀਂ ਉਡਾਰੀ ਰੱਖਿਓ |
    ਜਿੱਤ ਆਪਣੀ ਏ,
    ਜੰਗ ਤੁਸੀਂ ਜਾਰੀ ਰੱਖਿਓ

    ਅੱਜ ਸੰਘਰਸ਼ ਵਿੱਚ ਸੂਰਮੇ ਤਿਆਰ ਚਾਹੀਦੇ,
    ਅੱਜ ਕਦਮ ਨਾਲ ਕਦਮ ਇੱਕ ਸਾਰ ਚਾਹੀਦੇ,
    ਅੱਜ ਕੱਲੇ-ਕੱਲੇ ਦੇ ਹੱਥ ਸਾਨੂੰ ਚਾਰ ਚਾਹੀਦੇ,
    ਲਗਦਾ ਜੰਗ ਲੰਮੀ ਚੱਲੂ,
    ਤੁਸੀਂ ਡਗਮਗਾਇਓ ਨਾ ਸੋਚ ਮਿਆਰੀ ਰੱਖਿਓ |
    ਜਿੱਤ ਆਪਣੀ ਏ,
    ਜੰਗ ਤੁਸੀਂ ਜਾਰੀ ਰੱਖਿਓ

    ਚੁਭੋ ਹਾਕਮ ਦੀ ਹਿੱਕ ਉੱਤੇ ਖਾਰ ਬਣਕੇ,
    ਤੇ ਦਿਖਾਓ ਚਾਕੂਆਂ ਨੂੰ ਤਲਵਾਰ ਬਣਕੇ,
    ਹੋਵੋ ਇੱਕ ਤੇ ਦਿਸੋ ਸਭ ਹਜ਼ਾਰ ਬਣਕੇ,
    ਬਣਕੇ ਟੀਮ ਹੀ ਵਿਖਾਇਓ,
    ਕਪਤਾਨ ਤੁਸੀਂ ਚੋਟੀ ਦਾ ਖਿਡਾਰੀ ਰੱਖਿਓ |
    ਜਿੱਤ ਆਪਣੀ ਏ,
    ਜੰਗ ਤੁਸੀਂ ਜਾਰੀ ਰੱਖਿਓ

    ਰਜਨੀ ਘਰ ਆਪਣੇ ਪੰਜਾਲੀਆ ਤੇ ਹੱਲ ਖੜਨੇ,
    ਅਸੀਂ ਬਾਹਵਾਂ ਵਿੱਚ ਆਪਣੇ ਨੇਂ ਬੱਲ ਖੜਨੇ,
    ਰਹਿਣਾ ਧੋਖੇ ਚ ਨਈਂ ਨਾਲ ਅਸੀਂ ਛੱਲ ਖੜਨੇ,
    ਜਲਦੀ ਮਨਾਓਗੇ ਜਸ਼ਨ,
    ਆਪਣੇ ਬਨੇਰੇ ਨੂੰ ਸਿ਼ੰਗਾਰੀ ਰੱਖਿਓ |
    ਜਿੱਤ ਆਪਣੀ ਏ,
    ਜੰਗ ਤੁਸੀਂ ਜਾਰੀ ਰੱਖਿਓ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!