ਮੈਲਬੌਰਨ (ਪੰਜ ਦਰਿਆ ਬਿਊਰੋ)
ਪੰਜਾਬੀ ਸੱਥ ਮੈਲਬਰਨ, ਆਸਟ੍ਰੇਲੀਆ ਵੱਲੋਂ ਮੈਲਬਰਨ ਦੇ ਸ਼ਹਿਰ ਕਰੇਨਬਰਨ ਵਿੱਚ ਭਾਰਤੀ ਭਾਈਚਾਰੇ ਦੁਆਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੁਝ ਚਿਰ ਪਹਿਲਾਂ ਬਣਾਏ ਕਿਸਾਨ ਵਿਰੋਧੀ ਤਿੰਨ ਬਿੱਲਾਂ ਵਿਰੁੱਧ ਸਥਾਨਕ ਪਾਰਕ ਵਿੱਚ ਸ਼ਾਂਤ ਪੂਰਵਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਭਾਰਤ ਸਰਕਾਰ ਦੇ ਕਾਲੇ ਕਨੂੰਨਾਂ ਖਿਲਾਫ ਨਾਅਰਿਆਂ ਵਾਲੇ ਬੈਨਰ ਹੱਥਾਂ ਵਿੱਚ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਅਤੇ ਦਿੱਲੀ ਵਿੱਚ ਧਰਨਿਆਂ ‘ਤੇ ਬੈਠੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕੇ ਪਰਦੇਸ ਵਸਦਾ ਭਾਈਚਾਰਾ ਵੀ ਉਹਨਾਂ ਦੇ ਨਾਲ ਹੈ। ਇਸ ਇਕੱਠ ਵਿੱਚ ਭਾਗ ਲੈ ਰਹੇ ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਵੱਲੋਂ ਅੰਦੋਲਣ ਨੂੰ ਪੂਰੀ ਤਰਾਂ ਅਹਿੰਸਕ ਤੇ ਅਨੁਸ਼ਾਸ਼ਿਤ ਰੱਖਿਆ ਗਿਆ।
ਜਿਕਰਯੋਗ ਹੈ ਕੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮਹੀਨਿਆਂ ਤੋਂ ਅਣਗੌਲਿਆਂ ਕੀਤਾ ਗਿਆ ਹੈ ਅਤੇ ਅੰਬਾਨੀ, ਅਡਾਨੀ ਵਰਗੇ ਸਰਮਾਏਦਾਰਾਂ ਦੀ ਗੁਲਾਮੀ ਕਰਦਿਆਂ ਆਮ ਲੋਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ। ਇਸ ਮੌਕੇ ਸਟੇਜ ਹਾਜਰ ਕੁਝ ਬੁਲਾਰਿਆਂ ਨੇ ਕਿਸਾਨ ਬਿੱਲਾਂ ਵਿਰੋਧੀ ਭਾਸ਼ਣ ਵੀ ਦਿੱਤੇ, ਮੰਚ ਦੀ ਸਾਂਭ ਸੰਭਾਲ ਪੰਜਾਬੀ ਸੱਥ ਮੈਲਬਰਨ ਤੋਂ ਕੁਲਜੀਤ ਕੌਰ ਗ਼ਜ਼ਲ, ਮਧੂ ਤਨਹਾ,ਲਵਪ੍ਰੀਤ ਕੌਰ, ਹਰਪ੍ਰੀਤ ਸਿੰਘ ਬੱਬਰ ਨੇ ਕੀਤੀ, ਅਤੇ ਠੰਡੇ ਪਾਣੀ ਦੀ ਸੇਵਾ ਖਾਲਸਾ ਏਡ ਅਤੇ ਐਚ. ਐਮ. ਡਿਜ਼ਾਈਨਰ ਵੱਲੋਂ ਨਿਭਾਈ ਗਈ।