ਰੇਲ ਪਟੜੀ ਟੁੱਟਣ ਕਾਰਨ ਵਾਪਰ ਸਕਦਾ ਸੀ ਵੱਡਾ ਹਾਦਸਾ
ਅਸ਼ੋਕ ਵਰਮਾ
ਮਾਨਸਾ,10ਦਸੰਬਰ2020: ਡਰਾਈਵਰ ਦੀ ਮੁਸਤੈਦੀ ਕਾਰਨ ਅਸਾਮ ਦੇ ਡਿਬਰੂਗੜ ਤੋਂ ਚੱਲ ਕੇ ਰਾਜਸਥਾਨ ਦੇ ਲਾਲਗੜ ਵੱਲ ਜਾ ਰਹੀ ਅਵਧ ਅਸਾਮ ਐਕਸਪੈਸ (ਗੁਹਾਟੀ ਐਕਸਪ੍ਰੈਸ) ਦਾ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਹੈ। ਮਾਨਸਾ ਜ਼ਿਲੇ ਦੇ ਪਿੰਡ ਨਰਿੰਦਰਪੁਰਾ ਤੋਂ ਕੁੱਝ ਦੂਰੀ ਤੇ ਰੇਲ ਪਟੜੀ ਟੁੱਟੀ ਹੋਈ ਸੀ ਜੋ ਕਿਸੇ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀ ਸੀ। ਦਿਨ ਚੜ੍ਹ ਗਿਆ ਸੀ ਅਤੇ ਰੇਲ ਆਮ ਦੀ ਤਰਾਂ ਆਪਣੇ ਸਫਰ ਵੱਲ ਜਾ ਰਹੀ ਸੀ ਪਰ ਡਰਾਈਵਰ ਨੇ ਟੁੱਟੀ ਹੋਈ ਰੇਲ ਲਾਈਨ ਤੇ ਵੀ ਗੱਡੀ ਨੂੰ ਕਾਬੂ ’ਚ ਕਰ ਲਿਆ। ਇਸ ਮਾਮਲੇ ਸਬੰਧੀ ਕਈ ਤਰਾਂ ਦੀਆਂ ਚਰਚਾ ਚੱਲ ਰਹੀਆਂ ਹਨ। ਜਾਣਕਾਰੀ ਅਨੁਸਾਰ ਡਿਬਰੂਗੜ ਤੋਂ ਚੱਲੀ ਅਵਧ ਅਸਾਮ ਐਕਸਪ੍ਰੈਸ (05909) ਜਦੋਂ ਮਾਨਸਾ ਜਿਲੇ ਦੇ ਕਸਬਾ ਬੁਢਲਾਡਾ ਤੋਂ ਅਗਲੇ ਸਟੇਸ਼ਨ ਨਰਿੰਦਰਪੁਰਾ ਤੋਂ ਕਰੀਬ ਡੇਢ ਕਿਲੋਮੀਟਰ ਅਗੇ ਪੁੱਜੀ ਤਾਂ ਰੇਲ ਗੱਡੀ ਨੂੰ ਜਬਰਦਸਤ ਝਟਕੇ ਲੱਗਣੇ ਸ਼ੁਰੂ ਹੋ ਗਏ।ਡਰਾਈਵਰ ਨੇ ਖਤਰਾ ਮਹਿਸੂਸ ਕਰਦਿਆਂ ਰੇਲ ਗੱਡੀ ਨੂੰ ਉੱਥੇ ਹੀ ਰੋਕ ਦਿੱਤਾ। ਜਦੋਂ ਡਰਾਈਵਰ ਨੇ ਛਾਣਬੀਣ ਕੀਤੀ ਕਿ ਤਾਂ ਦੇਖਿਆ ਕਿ ਰੇਲਵੇ ਲਾਈਨ ਟੁੱਟੀ ਹੋਈ ਹੈ। ਚਾਲਕ ਕਾਰਨ ਨੁਕਸਾਨ ਤੋਂ ਬੱਚਤ ਰਹਿ ਗਈ ਪਰ ਇਸ ਬਾਰੇ ਪਤਾ ਲੱਗਦਿਆਂ ਹੀ ਮੁਸਾਫਰਾਂ ’ਚ ਸਹਿਮ ਦਾ ਮਹੌਲ ਬਣਿਆ ਰਿਹਾ ਜਦੋਂਕਿ ਖੱਜਲਖੁਆਰੀ ਇਸ ਤੋਂ ਵੱਖਰੀ ਰਹੀ। ਰੇਲ ਗੱਡੀ ਦੇ ਸਟਾਫ ਵੱਲੋਂ ਘਟਨਾਂ ਸਬੰਧੀ ਫੌਰੀ ਤੌਰ ਤੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ। ਰੇਲਵੇ ਦੀ ਤਕਨੀਕੀ ਟੀਮ ਨੇ ਵੀ ਸਥਿਤੀ ਦਾ ਜਾਇਜਾ ਲੈਣ ਪਿੱਛੋਂ 4 ਘੰਟਿਆਂ ਦੀ ਮੁਸ਼ੱਕਤ ਉਪਰੰਤ ਲਾਈਨ ਠੀਕ ਕਰ ਦਿੱਤੀ।ਰੇਲਵੇੇ ਲਾਈਨ ਟੁੱਟਣ ਦੇ ਕਾਰਨਾਂ ਦਾ ਹਾਲ ਦੀ ਘੜੀ ਪਤਾ ਨਹੀਂ ਲੱਗ ਸਕਿਆ ਹੈ । ਭਾਵੇਂ ਅਧਿਕਾਰੀ ਬਹੁਤਾ ਕੁੱਝ ਕਹਿਣ ਤੋਂ ਸੰਕੋਚ ਕਰ ਰਹੇ ਹਨ ਪਰ ਪਟੜੀ ਨੂੰ ਦੇਖਦਿਆਂ ਸਾਬੋਤਾਜ ਦੀ ਸਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਰੇਲਵੇ ਪੁਲੀਸ ਚੌਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਨਰਿੰਦਰਪੁਰਾ ਲਾਗੇ ਰੇਲਵੇ ਲਾਈਨ ਦਾ ਟੁਕੜਾ ਟੁੱਟਿਆ ਹੋਣ ਕਰਕੇ ਗੱਡੀ ਨੂੰ ਰੋਕਿਆ ਗਿਆ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਤਰੀ ਰੇਲਵੇ ਦੇ ਖੇਤਰੀ ਮੈਨੇਜਰ ਹਰਮੀਤ ਸਿੰਘ ਦਾ ਕਹਿਣਾ ਸੀ ਕਿ ਠੰਢ ਦੌਰਾਨ ਅਕਸਰ ਰੇਲਵੇ ਟਰੈਕ ਸੁੰਗੜ ਜਾਂਦਾ ਹੈ ਅਤੇ ਗੈਪ ਬਣਨ ਕਾਰਨ ਸਮੱਸਿਆ ਆ ਜਾਂਦੀ ਹੈ। ਉਹਨਾਂ ਕਿਹਾ ਕਿ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਡਰਾਈਵਰ ਦੀ ਸਮਝਦਾਰੀ ਨਾਲ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਹੈ।