ਅਸ਼ੋਕ ਵਰਮਾ
ਬਠਿੰਡਾ,7ਦਸੰਬਰ2020: ਮਾਡਲ ਟਾਉਨ ਫੇਜ਼ ਪੰਜ ਨਿਵਾਸੀ ਸਵਰਨ ਸਿੰਘ ਬੱਲੂਆਣਾ ਨੇ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਕੇਕ ਆਦਿ ਕੱਟਣ ਸਮੇਤ ਹੋਰ ਖਰਚੇ ਕਰਨ ਦੀ ਥਾਂ ਕਲੋਨੀ ’ਚ ਪੌਦੇ ਲਾਏ। ਹਾਲਾਂਕਿ ਪਹਿਲਾਂ ਵੀ ਆਮ ਲੋਕ ਬੱਚਿਆਂ ਦੇ ਜਨਮ ਦਿਨ ਮੌਕੇ ਰੁੱਖ ਲਾਉਂਦੇ ਹਨ ਪਰ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਵਸਾਈ ਇਸ ਨਵੀਂ ਇਨਕਲੇਵ ’ਚ ਸਵਰਨ ਸਿੰਘ ਨੇ ਪਹਿਲੀ ਵਾਰ ਇਹ ਪਹਿਲਕਦਮੀ ਕੀਤੀ ਹੈ। ਸਵਰਨ ਸਿੰਘ ਅਤੇ ਪ੍ਰੀਵਾਰ ਨੇ ਮਾਡਲ ਟਾਊਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਲੋਨੀ ਦੇ ਮੁੱਖ ਗੇਟ ਤੇ ਆਪਦੀ ਲੜਕੀ ਮਹਿਕਦੀਪ ਕੌਰ ਦੇ 11ਵੇਂ ਜਨਮ ਦਿਨ ਮੌਕੇ ਸ਼ਾਨਦਾਰ ਪੌਦੇ ਲਾਏ। ਸਭ ਤੋਂ ਪਹਿਲਾ ਪੌਦਾ ਮਹਿਕਦੀਪ ਕੌਰ ਨੇ ਆਪਣੇ ਹੱਥੀਂ ਲਾਇਆ। ਇਸ ਮੌਕੇ ਹਾਜਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਮਹਿਕਦੀਪ ਕੌਰ ਅਤੇ ਪ੍ਰੀਵਾਰ ਨੂੰ ਵਧਾਈਆਂ ਦਿੱਤੀਆਂ। ਐਸੋਸੀਏਸ਼ਨ ਦੇ ਪ੍ਰਧਾਨ ਰਾਜ ਸਿੰਘ ਮਧੀਰ ਅਤੇ ਸਕੱਤਰ ਗੁਰਪ੍ਰੀਤ ਸਿੰਘ ਸਿਧਾਣਾ ਨੇ ਦੱਸਿਆ ਕਿ ਅਜੋਕੇ ਹਾਲਾਤਾਂ ਨੂੰ ਦੇਖਦਿਆਂ ਅਜਿਹੇ ਯਤਨਾਂ ਦੀ ਵੱਡੀ ਲੋੜ ਹੈ ਜੋ ਸਵਰਨ ਸਿੰਘ ਨੇ ਆਪਣੀ ਉੱਚੀ ਸੋਚ ਨਾਲ ਕੀਤਾ ਹੈ। ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਸਮੁੱਚੀ ਕਲੋਨੀ ’ਚ ਰੁੱਖ ਲਾਓ ਮੁਹਿੰਮ ਤਹਿਤ ਪੌਦੇ ਲਾਏ ਗਏ ਹਨ ਪਰ ਇਨਕਲੇਵ ਨਵੀਂ ਬਣੀ ਹੋਣ ਕਰਕੇ ਅਜੇ ਇਸ ਦਿਸ਼ਾ ’ਚ ਕਾਫੀ ਕੰਮ ਕੀਤਾ ਜਾਣਾ ਬਣਦਾ ਹੈ। ਉਹਨਾਂ ਕਲੋਨੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੌਦੇ ਲਾਉਣ ਲਈ ਅੱਗੇ ਆਉਣ ਤਾਂ ਜੋ ਅਗਲੇ ਕੁੱਝ ਸਾਲਾਂ ’ਚ ਹਰਿਆਲੀ ਦੇ ਪੱਖ ਤੋਂ ਕਲੋਨੀ ਨੂੰ ਰੋਲ ਮਾਡਲ ਬਣਾਇਆ ਜਾ ਸਕੇ। ਉਹ ਸਮੂਹ ਪ੍ਰੀਵਾਰਾਂ ਨੂੰ ਆਪਣੇ ਹਰ ਖੁਸ਼ੀ ਜਾਂ ਦੂਸਰੇ ਸਮਾਜਿਕ ਸਮਾਗਮਾਂ ਮੌਕੇ ਵੀ ਪੌਦੇ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਵਰਨ ਸਿੰਘ ਬੱਲੂਆਣਾ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਵੱਲੋਂ ਸਧਾਰਨ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਆਖਿਆ ਕਿ ਉਹ ਭਵਿੱਖ ’ਚ ਵੀ ਅਜਿਹੇ ਕਾਰਜਾਂ ਨੂੰ ਪਹਿਲ ਦੇਣਗੇ। ਇਸ ਮੌਕੇ ਖਜਾਨਚੀ ਸੋਹਨ ਲਾਲ,ਸਹਾਇਕ ਸਕੱਤਰ ਹਰਮੰਦਰ ਸਿੰਘ, ਮੀਤ ਪ੍ਰਧਾਨ ਦਰਸ਼ਨ ਕੁਮਾਰ ਮਿੱਤਲ, ਸਟੇਟ ਬੈਂਕ ਆਫ ਇੰਡੀਆ ਦੇ ਮੈਨਜਰ ਗੁਰਪਾਲ ਸਿੰਘ, ਨਰਿੰਦਰ ਸਿੰਘ ,ਸੱਤਪਾਲ ,ਨਿਰਮਲ ਸਿੰਘ,ਅਵਤਾਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਸਮੇਤ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ।