ਅਸ਼ੋਕ ਵਰਮਾ
ਬਠਿੰਡਾ,5ਦਸੰਬਰ2020: ਮਾਲਵਾ ਪੱਟੀ ’ਚ ਠੱਗ ਲੁਟੇਰਿਆਂ ਨੇ ਕੌਣ ਬਣੇਗਾ ਕਰੋੜਪਤੀ ਦੇ ਨਾਮ ਹੇਠ ਠੱਗੀ ਦਾ ਅਜਿਹਾ ਜਾਲ ਵਿਛਾਇਆ ਕਿ ਬਠਿੰਡਾ ਦਾ ਇੱਕ ਵਿਅਕਤੀ 32 ਲੱਖ ਰੁਪਏ ਦੀ ਠੱਗੀ ਖਾ ਬੈਠਾ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਧਾਰਾ 420,465,468,471,120 ਤਹਿਤ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿਸੇ ਵੀ ਦੋਸ਼ੀ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਸਕਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਫੇਸਬੁੱਕ ਅਤੇ ਮੈਸੰਜਰ ਆਦਿ ਪਲੇਟਫਾਰਮ ਤੇ ਠੱਗ ਲੱਖਾਂ ਰੁਪਏ ਜਿੱਤਣ ਦੇ ਸੁਨੇਹੇ ਭੇਜ ਰਹੇ ਹਨ ਜਿਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਪਰ ਨਿਰਮਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਹਾਊਸਫੈਡ ਕਲੋਨੀ ਇਸ ਠੱਗ ਗਿਰੋਹ ਦੇ ਝਾਂਸੇ ’ਚ ਆ ਗਿਆ ।
ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੂੰ ਕੌਣ ਬਣੇਗਾ ਕਰੋੜਪਤੀ ਦੇ ਨਾਮ ਤੇ 25 ਲੱਖ ਰੁਪਏ ਦੀ ਲਾਟਰੀ ਜਿੱਤਣ ਦਾ ਫੋਨ ਆਇਆ ਸੀ। ਉਹਨਾਂ ਦੱਸਿਆ ਕਿ ਇਸ ਪੈਸੇ ਨੂੰ ਹਾਸਲ ਕਰਨ ਦੇ ਬਦਲੇ ’ਚ ਇਸ ਰਾਸ਼ੀ ਦੀ ਅਦਾਇਗੀ ਲਈ ਲੱਖਾਂ ਰੁਪਏ ਟੈਕਸਾਂ ਆਦਿ ਦੇ ਰੂਪ ’ਚ ਪੈਸੇ ਜਮਾਂ ਕਰਵਾ ਲਏ। ਜਾਣਕਾਰੀ ਅਨੁਸਾਰ ਪੀੜਤ ਨਿਰਮਲ ਸਿੰਘ ਨੇ 32.30 ਲੱਖ ਰੁਪਏ ਵੱਖ ਵੱਖ6 ਬੈਂਕ ਖਾਤਿਆਂ ‘ਚ ਜਮਾਂ ਕਰਵਾਇਆ ਲਿਆ ਗਿਆ। ਮਹੱਤਵਪੂਰਨ ਤੱਥ ਹੈ ਕਿ ਇਹ ਠੱਗ ਪੈਸਿਆਂ ਨੂੰ ਤਿੰਨ ਵਾਰ ਅੱਗੇ ਦੀ ਅੱਗੇ ਟਰਾਂਸਫਰ ਕਰਦੇ ਰਹੇ ਅਤੇ ਬਾਅਦ +ਚ ਇਹ ਪੈਸਾ ਕਢਵਾ ਲਿਆ ਜਾਂਦਾ ਸੀ। ਮੁਲਜਮਾਂ ਨੇ ਸਟੇਟ ਬੈਂਕ ਆਫ ਇੰਡੀਆ, ਐਕਸਿਸ ਬੈਂਕ ,ਕਾਰਪੋਰੇਸ਼ਨ ਬੈਂਕ,ਐਚਡੀਐਫਸੀ ਬੈਂਕ ,ਆਈਸੀਆਈਸੀਆਈ ਬੈਂਕ ਅਤੇ ਅਲਾਹਾਬਾਦ ਬੈਂਕ ਦੇ ਖਾਤਿਆਂ ਦੀ ਵਰਤੋਂ ਕੀਤੀ ਹੈ।
ਨਿਰਮਲ ਸਿੰਘ ਅਨੁਸਾਰ ਇਨਾਮ ਦੀ ਰਕਮ ਜਿਆਦਾ ਹੋਣ ਕਰਕੇ ਪੈਸੇ ਗੱਡੀ ਰਾਹੀਂ ਘਰ ਭੇਜਣ ਦੀ ਗੱਲ ਆਖੀ ਜਿਸ ਦੇ ਲੇਟ ਹੋਣ ਦੀ ਸੂਰਤ ’ਚ ਹੋਟਲਾਂ ਆਦਿ ’ਚ ਰਹਿਣ ਦੇ ਪੈਸੇ ਵੀ ਜਮਾਂ ਕਰਵਾਏ ਹਨ। ਨਿਰਮਲ ਸਿੰਘ ਨੇ ਇਸ ਠੱਗੀ ਦੇ ਸਬੰਧ ’ਚ ਐਸਐਸਪੀ ਨੂੰ ਅਰਜੀ ਦਿੱਤੀ ਸੀ ਜਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਪੜਤਾਲ ਕਰਨ ਉਪਰੰਤ 21 ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ।ਪੁਲਿਸ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਸ ਠੱਗ ਗਿਰੋਹ ‘ਚ 18 ਵਿਅਕਤੀ ਬਿਹਾਰ ਨਾਲ ਸਬੰਧਤ ਸਨ ਜਦੋਂਕਿ ਦੋ ਦਾ ਉੱਤਰ ਪ੍ਰਦੇਸ਼ ਅਤੇ ਇੱਕ ਦਾ ਦਿੱਲੀ ਨਾਲ ਸਬੰਧ ਹੈ।
ਜਾਚ ਅਧਿਕਾਰੀ ਅਤੇ ਥਾਣਾ ਸਿਵਲ ਲਾਇਨ ਦੇ ਸਬ ਇੰਸਪੈਕਟਰ ਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਮੁਲਜਮਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਬਿਹਾਰ ਤੇ ਦਿੱਲੀ ਪੁਲਿਸ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ।
ਪੁਲਿਸ ਕੇਸ ’ਚ ਸ਼ਾਮਲ ਮੁਲਜਮ
ਮੁਲਜਮਾਂ ਦੀ ਪਛਾਣ ਨਿਤੇਸ਼ ਕੁਮਾਰ ,ਸੁਰਜੀਤ ਕੁਮਾਰ, ਕੰਚਨ ਕੁਮਾਰ, ਰਾਜਾ ਕੁਮਾਰ, ਰੋਹਿਤ ਕੁਮਾਰ, ਸੁਬੋਧ ਕੁਮਾਰ , ਚਿਤਰੰਜਨ ਕੁਮਾਰ,ਸਰਵਨ ਕੁਮਾਰ,ਰਜੀਵ ਰਾਜਨ, ਦਿਨੇਸ਼ ਸਿੰਘ ,ਸੰਗੀਤਾ ਦੇਵੀ, ਸੌਰਵ ਕੁਮਾਰ , ਸੁਮਿਤ ਕੁਮਾਰ, ਕੌਸ਼ਲ ਕੁਮਾਰ , ਧਰਮਿੰਦਰ ਕੁਮਾਰ, ਮੁਹੰਮਦ ਅਸੀਫ਼, ਮੁਹੰਮਦ ਜ਼ਿਬਰਾਨ ਅਤੇ ਅਸਰ ਹੁਸੈਨ ਵਾਸੀਅਨ ਯੂਪੀ ਤੋਂ ਇਲਾਵਾ ਅਮਰੀ ਖਾਨ ਦਿੱਲੀ, ਮੁੰਨਾ ਅੰਸਾਰੀ ਅਤੇ ਮੁਕੇਸ਼ ਕੁਮਾਰ ਬਿਹਾਰ ਵਜੋਂ ਹੋਈ ਹੈ।