19.8 C
United Kingdom
Monday, June 22, 2026

More

    ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਦੇਸ਼ ਵਿਆਪੀ ਬੰਦ ਦੀ ਹਮਾਇਤ

    ਅਸ਼ੋਕ ਵਰਮਾ
    ਮਾਨਸਾ,5ਦਸੰਬਰ2020: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਦੇਸ਼ ਦੀਆਂ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਵੱਲੋਂ 8 ਦਸੰਬਰ ਨੂੰ ਦਿੱਤੇ ਦੇਸ਼ ਵਿਆਪੀ ਬੰਦ ਦੀ ਹਮਾਇਤ ਦਾ ਐਲਾਨ ਕੀਤਾ ਹੈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਸਾਰ ਬੈਂਕ ਦੇ ਇਸ਼ਾਰੇ ’ਤੇ ਮੁਲਕ ਦੇ ਪਬਲਿਕ ਸੈਕਟਰ ਨੂੰ ਤਹਿਸ-ਨਹਿਸ ਕਰਨ ਰਾਹੀਂ ਹਰ ਅਦਾਰੇ ਨੂੰ ਨਿੱਜੀਕਰਨ ਦੀ ਖਾਈ ਵੱਲ ਧੱਕ ਕੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਡਾਕਾ ਮਾਰਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਹੁਣ ਜਦੋਂ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਖਾਤਰ ਸਰਕਾਰ ਨੇ ਕਿਸਾਨਾਂ ਦੀਆਂ ਪੈਲੀਆਂ ਤੇ ਅੱਖ ਰੱਖ ਲਈ ਹੈ ਤਾਂ ਇਸ ਦੇ ਸਿੱਟਿਆਂ ਨੂੰ ਦੇਖਦਿਆਂ ਹਰ ਵਰਗ ਦੀ ਹਮਾਇਤ ਜਰੂਰੀ ਹੈ।ਉਹਨਾਂ ਕਿਹਾ ਕਿ  ਮੁਲਕ ਦੀ ਰੀੜ ਦੀ ਹੱਡੀ ਸਮਝੀ ਜਾਣ ਵਾਲੀ ਖੇਤੀ ਉਪਰ ਕਾਰਪੋਰੇਟ ਘਰਾਣਿਆਂ ਦਾ ਗਲਬਾ ਕਾਇਮ ਕਰਵਾਉਣ ਹਿੱਤ ਖੇਤੀ ਸੁਧਾਰ 2020 ਦੇ ਨਾਮ ਤੇ ਤਿੰਨ ਕਾਨੂੰਨ ਪਾਸ ਕੀਤੇ ਗਏ ਹਨ।
     ਉਹਨਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਪਈਆਂ ਹੋਈਆਂ ਹਨ ਜੋ ਵੱਖ ਵੱਖ ਪੜਾਵਾਂ ਵਿੱਚੋਂ ਲੰਘਦਾ ਹੋਇਆ 26 ਨਵੰਬਰ ਤੋਂ ਦਿੱਲੀ ਵੱਲ ਨੂੰ ਅੱਗੇ ਵੱਧਿਆ ਸੀ ਉਹਨਾਂ ਆਖਿਆ ਕਿ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਲੋਕਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ,  ਸ਼ੜਕਾਂ ਉਪਰ ਪੱਥਰ ਅਤੇ ਕੰਡਿਆਲੀ ਤਾਰ ਲਾਕੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆ ਪਰ ਪੰਜਾਬ ਦੇ ਅਣਖੀਲੇ ਤੇ ਜੂਝਾਰੂ ਲੋਕ ਦਿੱਲੀ ਪੁੱਜ ਗਏ ਜਿੱਥੇ ਵੱਡਾ ਮੋਰਚਾ ਲਾਇਆ ਹੋਇਆ ਹੈ। ਉਹਨਾਂ ਕਿਹਾ ਕਿ ਸੰਘਰਸ਼ ਦੀ ਹਮਾਇਤ ਵਿੱਚ ਹਰਿਆਣੇ ,  ਰਾਜਸਥਾਨ ਦੇ ਅਤੇ 6-7 ਹੋਰ ਸੂਬਿਆਂ ਦੇ ਲੱਖਾਂ ਕਿਸਾਨ ਜਨਤਕ ਜਥੇਬੰਦੀਆਂ ਨੇ ਦਿੱਲੀ ਨੂੰ ਚਾਰੇ ਪਾਸਿਓ ਘੇਰਿਆ ਹੋਇਆ ਹੈ ਜਿਸ ਤੋਂ ਘਬਰਾ ਕੇ ਕੇਂਦਰ ਸਰਕਾਰ ਮੀਟਿੰਗਾਂ ਰਾਹੀਂ ਹੱਲ ਕੱਢਣ ਵੱਲ ਆਈ ਹੈ।
    ਉਹਨਾਂ ਦੱਸਿਆ ਕਿ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਈ ਇਸ ਗੱਲਬਾਤ ਵਿੱਚੋਂ ਕੇੰਦਰ ਸਰਕਾਰ ਦਾ ਅਡਾਨੀ, ਅੰਬਾਨੀ ਪੱਖੀ ਚੇਹਰਾ ਵੀ ਬੇਨਕਾਬ ਹੋਇਆ ਹੈ । ਉਹਨਾਂ ਆਖਿਆ ਕਿ ਹੁਣ ਕਿਸਾਨ ਜਥੇਬੰਦੀਆਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਮੌਕੇ ਡਾ. ਧੰਨਾ ਮੱਲ ਗੋਇਲ ਨੇ ਇਨਸਾਫ ਪਸੰਦ ਲੋਕਾਂ ਅਤੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ 8 ਦਸੰਬਰ ਦੇ ਭਾਰਤ ਬੰਦ ਨੂੰ ਪੂਰੀ ਤਰਾਂ ਸਫਲ ਕਰਨ ਲਈ ਆਪਣਾ ਭਰਪੂਰ ਯੋਗਦਾਨ ਦੇਣ। ਆਗੂਆਂ ਨੇ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਮੁਫਤ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਉਪਰਾਲਾ ਕਰਨ ਤੋਂ ਬਾਅਦ ਦਿੱਲੀ ਧਰਨੇ ਦੌਰਾਨ ਵੀ ਮੁਫਤ ਸੇਵਾਵਾਂ ਨੂੰ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ  ਧਰਨੇ ’ਤੇ ਗਏ ਕਿਸਾਨਾਂ ਦੇ ਲੋੜਵੰਦ ਪਰਿਵਾਰਾਂ ਨੂੰ ਵੀ ਸਿਹਤ ਸੇਵਾਵਾਂ ਜਾਰੀ ਰਹਿਣਗੀਆਂ।
                       ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਆਗੂਆਂ ’ਚ ਸਕੱਤਰ ਕੁਲਵੰਤ ਰਾਏ ਪੰਡੋਰੀ, ਖਜਾਨਚੀ ਐਚ ਐਸ ਰਾਣੂ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ, ਚੇਅਰਮੈਨ ਦਿਲਦਾਰ ਸਿੰਘ ਚਹਿਲ, ਜੋ: ਸਕੱਤਰ ਨਛੱਤਰ ਸਿੰਘ, ਸਰਪਰਸਤ ਸੁਰਜੀਤ ਸਿੰਘ,ਪ੍ਰੈਸ ਸਕੱਤਰ ਮਲਕੀਤ ਥਿੰਦ, ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ,ਜਸਵਿੰਦਰ ਭੋਗਲ,  ਸੀ ਆਰ ਸ਼ੰਕਰ, ਸਵਰਨ ਸਿੰਘ, ਅਰਜਿੰਦਰ ਸਿੰਘ ਕੁਹਾਲੀ, ਅਵਤਾਰ ਸਿੰਘ ਚੀਮਾਂ, ਚਮਕੌਰ ਸਿੰਘ, ਹਰਦੇਵ ਸਰਮਾਂ, ਰਘਵੀਰ ਚੰਦ ਸ਼ਰਮਾ, ਹਰਚੰਦ ਸਿੰਘ ਮੱਤੀ ਅਤੇ ਗੁਰਦੀਪ ਸਿੰਘ ਘੁੱਦਾ ਨੇ ਦੱਸਿਆ ਕਿ  ਬੰਦ ਦੀ ਪੂਰਨ ਹਮਾਇਤ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!