3.4 C
United Kingdom
Sunday, March 8, 2026

More

    ਤੇਰੇ ਕਰਕੇ ਮਲੰਗਾ

    ਰਜਨੀ ਵਾਲੀਆ
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |
    ਤੈਨੂੰ ਦੇ ਕੇ ਸਾਰੇ ਰੰਗ,
    ਵੇ ਮੈਂ ਬੇਰੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    ਤੇਰੀਆਂ ਮੈਂ ਸੋਚਾਂ ਵਿੱਚ,
    ਸੋਚ ਹੋਈ ਸੋਗੀ ਵੇ |
    ਲਾ ਲਿਆ ਮੈਂ ਐਂਵੇ ਹੋਈ,
    ਇਸ਼ਕੇ ਦੀ ਰੋਗੀ ਵੇ |
    ਬੜੀ ਸੋਹਣੀ ਸੀ ਜਿੰਦਗੀ,
    ਬੇਢੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    ਵੈ ਮੈਂ ਭੁੱਲੀ ਸਾਰੇ,
    ਰਸਮੋਂ ਰਿਵਾਜ ਜੱਗਦੇ |
    ਹੁਣ ਤੇਰੇ ਅਹਿਸਾਸ,
    ਮੈਨੂੰ ਮੇਰੇ ਲਗਦੇ |
    ਮੈਂ ਉੱਡੀ ਅੰਬਰਾਂ ਚ,
    ਏਦਾਂ ਵੇ ਪਤੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    ਮੈਂ ਵੀ ਤੇਰੀ ਜਮਾਤ,
    ਵਿੱਚ ਰੱਖ ਲਏ ਨੇਂ ਪੈਰ |
    ਜੁਗਾਂ-ਜੁਗਾਂ ਤੱਕ ਜੀਵੇਂ,
    ਹੋਵੇ ਮਲੰਗਾ ਤੇਰੀ ਖੈਰ |
    ਮੇਰੀ ਪਰਤਾਂ ਤੋਂ ਬਾਹਰੀ,
    ਅੱਜ ਸੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    ਹੋਈ ਤੇਰੇ ਰਾਹਾਂ ਦੀ ਰਾਹੀ,
    ਤੇਰੇ ਸਾਹਵਾਂ ਵਿੱਚ ਸਾਹ |
    ਕੱਟ ਘੜੀ ਵੀ ਨਾ ਹੋਵੇ,
    ਨੇਂ ਚੰਨ ਤਾਰੜੇ ਗਵਾਹ |
    ਹੱਸਾਂ-ਰੋਵਾਂ ਤੇਰੇ ਕਹੇ,
    ਖੰਗ ਵਿੱਚ ਖੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    ਵੇ ਮੈਂ ਰੁਮਕਾਂ ਤੇਰੀਆਂ,
    ਸੁਗੰਧੀਆਂ ਦੇ ਵਿੱਚ |
    ਵੇ ਸਕੂਨ ਬੜਾ ਤੇਰੀਆਂ,
    ਪਾਬੰਦੀਆਂ ਦੇ ਵਿੱਚ |
    ਮੈਂ ਤੇਰੇ ਜਿੰਦੇ ਨੂੰ ਵੇ ਲੱਗੀ,
    ਹੋਈ ਜੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    ਝੂਠੇ ਕੀਤੇ ਨਾ ਵਾਅਦੇ,
    ਤੇ ਨਿਭਾਉਣੇ ਦਾ ਚੱਜ |
    ਦੇਵੇ ਨਿਭਾਉਣ ਦੀ ਸ਼ਕਤੀ,
    ਓ ਸਾਰੀ ਆਪ ਰੱਖੇ ਲੱਜ |
    ਬੇਢੰਗੀਓਂ ਮੈਂ ਤੇਰੇ ਲਈ,
    ਅੱਜ ਢੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    ਤੇਰੀ ਦੀਦ ਨਈਂ ਹੁੰਦੀ,
    ਸਾਡੇ ਹੁੰਦੇ ਨਾ ਗੁਜ਼ਾਰੇ |
    ਕਦੋਂ ਦੇਵਣੀ ਦਰਸ ਸਾਡੇ,
    ਸਾਡੇ ਦਿਲ ਥੀਂ ਡਾਢੇ ਭਾਰੇ |
    ਰਜਨੀ ਤੇਰੇ ਸ਼ਬਦ-ਸ਼ਬਦ,
    ਦਾ ਵੇ ਪ੍ਰਸੰਗ ਹੋ ਗਈ |
    ਤੇਰੇ ਕਰਕੇ ਮਲੰਗਾ,
    ਮੈਂ ਮਲੰਗ ਹੋ ਗਈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!