ਰਜਨੀ ਵਾਲੀਆ
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |
ਸਭ ਮਹਿਕੋਂ ਵਿਹੂਣੇ ਹੋਏ,
ਪੱਤ ਨੇ ਗੁਲਾਬ ਦੇ |
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |
ਖੇਤੀ ਏਥੇ ਰੁਲਦੀ ਤੇ,
ਜੱਟ ਧਾਹਾਂ ਮਾਰਦਾ |
ਮਿਹਨਤੀ ਵੀ ਏਥੇ ਹੁਣ,
ਬਾਜੀ ਨਿੱਤ ਹਾਰਦਾ |
ਜਿੰਦਗੀ ਨੂੰ ਜਿਉਣਾ ਕਿਵੇਂ,
ਹੈ ਬੈਠਕੇ ਵਿਚਾਰਦਾ |
ਤਾਰ ਸਾਰੇ ਢਿੱਲੇ ਪੈ ਗਏ,
ਨੇਂ ਵੱਜਦੀ ਰਬਾਬ ਦੇ |
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |
ਗੱਲਾਂ ਭੋਗਣ ਨਾ ਅਮਲ,
ਨੂੰ ਜੋ ਸਿਆਣਿਆਂ ਨੇ ਦੱਸੀਆਂ |
ਪੁੱਤ ਪੀਂਦੇ ਚਿੱਟਾ ਹੁਣ,
ਪੀਂਦੇ ਕਿੱਥੇ ਲੱਸੀਆਂ |
ਬੇਕਾਰ ਵਿੱਚ ਫਾਹੇ ਹੁਣ,
ਬਣ ਗਈਆਂ ਰੱਸੀਆਂ |
ਟੋਟੇ-ਟੋਟੇ ਹੋ ਗਏ ਨੇ,
ਟੁੱਟੇ ਹੋਏ ਖਵਾਬ ਦੇ |
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |
ਵਗਦਾ ਏ ਬੱਸ ਹੁਣ ਚਿੱਟੇ,
ਦਾ ਹੀ ਵਹਿਣ ਏਥੇ |
ਵੇਖਾਂ ਮੌਤ ਦੇ ਹੱਥੋਂ ਨਿੱਤ,
ਸਰੂ ਜਿਹੇ ਢਹਿਣ ਏਥੇ |
ਮਾਵਾਂ ਤੇ ਭੈਣਾਂ ਹੱਥੋਂ,
ਪੈਂਦੇ ਸਦਾ ਵੈਣ ਏਥੇ |
ਮੁੱਕ ਗਏ ਨੇ ਲੇਖੇ-ਜੋਖੇ,
ਅੱਜ ਮੇਰੇ ਹਿਸਾਬ ਦੇ |
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |
ਨਾ ਛਿੰਜ ਵਿੱਚ ਘੋਲ ਤੇ,
ਕਬੱਡੀ ਹੁਣ ਦਿਸਦੀ |
ਵੱਜਦੀ ਨਾ ਭੰਗੜੇ ਤੇ ਗਿੱਧੇ,
ਵਿੱਚ ਅੱਡੀ ਹੁਣ ਦਿਸਦੀ |
ਹਰ ਪਾਸੇ ਕੰਮ ਕਢਵਾਉਣ,
ਲਈ ਵੱਢੀ ਹੁਣ ਦਿਸਦੀ |
ਬਣ ਗਏ ਸਵਾਲ ਕਈ ,
ਮੇਰੇ ਇੱਕ ਜਵਾਬ ਦੇ |
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |
ਪੈਂਡੇ ਹੁਣ ਔਖੇ ਹੋਏ,
ਪੁੱਤ ਵੱਸ ਨਸੇ਼ ਪੈ ਗਏ |
ਸੀਗੇ ਲਾਡਲਿਆਂ ਉੱਤੇ ਜੋ,
ਵੀ ਮਾਣ ਸਾਰੇ ਢਹਿ ਗਏ |
ਸਦਾ ਸੋਚ ਸੋਹਣੀ ਰੱਖੀਏ,
ਸਿਆਣੇ ਸੱਚ ਕਹਿ ਗਏ |
ਪੰਨੇ ਉਲਟ-ਪੁਲਟ ਹੋ ਗਏ,
ਜੀ-ਜੀ ਦੀ ਕਿਤਾਬ ਦੇ |
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |
ਰਜਨੀ ਅਰਦਾਸ ਕਰੇ,
ਸੁੱਧ ਕਰ ਪਾਣੀਆਂ ਨੂੰ |
ਪੌਣਾਂ ਵਿੱਚ ਘੋਲ ਦੇ ਤੂੰ,
ਅੱਜ ਸੱਭੇ ਬਾਣੀਆਂ ਨੂੰ |
ਤੂੰ ਤਖਤਾਂ ਤੋਂ ਲਾਹ ਸੁੱਟ,
ਝੂਠੇ ਰਾਜੇ-ਰਾਣੀਆਂ ਨੂੰ |
ਫਸਲਾਂ ਨੂੰ ਨੁਕਸਾਨ ਹੁੰਦੇ,
ਸਦਾ ਮੌਸਮ ਖਰਾਬ ਦੇ |
ਗੰਦਲੇ ਕਿਉਂ ਹੋ ਗਏ ਨੇਂ,
ਪਾਣੀ ਪੰਜ ਆਬ ਦੇ |