ਚੰਡੀਗੜ, (ਰਾਜਿੰਦਰ ਭਦੌੜ, ਮਿੰਟੂ ਖੁਰਮੀ)
ਬੀਤੇ ਕੱਲ ਕੋਰੋਨਾ ਦੇ ਮਾਮਲੇ ਘੱਟ ਆਉਣ ਕਰਕੇ ਪੰਜਾਬ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਸੀ,ਪਰ ਅੱਜ ਦੁਪਿਹਰ ਤੱਕ ਅਜਿਹੀਆਂ ਖਬਰਾਂ ਆ ਗਈਆਂ, ਜਿਸ ਨਾਲ ਪੰਜਾਬ ਵਾਸੀਆਂ ਦੀ ਚਿੰਤਾਵਾਂ ਫਿਰ ਵਧ ਗਈਆਂ ਹਨ। ਗੁਰਦਾਸਪੁਰ ਜਿਲੇ ਵਿੱਚ ਇੱਕ ਸੇਵਾ ਮੁਕਤ ਫੌਜੀ ਦੀ ਕਰੋਨਾ ਨਾਲ ਮੌਤ ਹੋਣ ਤੋਂ ਬਾਅਦ ਪੰਜਾਬ ਵਿੱਚ ਹੁਣ ਕੋਰਨਾ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਜਦਕਿ ਚੰਡੀਗੜ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ 21 ਤੇ ਮੋਹਾਲੀ ਜਿਲੇ ‘ਚ 54 ਮਾਮਲੇ ਸਾਹਮਣੇ ਆ ਚੁੱਕੇ ਹਨ। ਇੰਝ ਚੰਡੀਗੜ, ਮੋਹਾਲੀ ਤੇ ਪੰਚਕੂਲਾ ‘ਚ ਹੁਣ ਤੱਕ ਕੋਰੋਨਾ ਦੇ ਕੁੱਲ 84 ਮਾਮਲੇ ਸਾਹਮਣੇ ਆ ਚੁੱਕੇ ਹਨ, ਕਿਉਂਕ ਪੰਚਕੂਲਾ ਵਿੱਚ ਅੱਜ ਇੱਕ ਹੀ ਪਰਵਾਰ ਦੇ 7 ਮੈਂਬਰ ਕੋਰੋਨਾ ਪਾਜੇਟਿਵ ਪਾਏ ਗਏ ਹਨ।
ਮੋਹਾਲੀ ਜਿਲੇ ‘ਚ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ‘ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ 37 ਹੈ। ਪੰਜਾਬ ‘ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 191 ਹੋ ਗਈ ਹੈ। ਤਾਜ਼ਾ ਆ ਰਹੀਆਂ ਖਬਰਾਂ ਮੁਤਾਬਿਕ ਗੁਰਦਾਸਪੁਰ ਜ਼ਿਲੇ ਵਿੱਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਗੁਰਦਾਸਪੁਰ ਦੇ ਕਾਹਨੂੰਵਾਨ ਕਸਬੇ ਨੇੜਲੇ ਪਿੰਡ ਭੈਣੀ ਪਸਵਾਲ ਦੇ ਕੋਰੋਨਾ ਪਾਜੇਟਿਵ 60 ਸਾਲਾ ਰਿਟਾਰਇਡ ਫੌਜੀ ਦੀ ਅੱਜ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਇਸ ਸੇਵਾ ਮੁਕਤ ਫੌਜੀ ਨੂੰ ਬੀਤੇ ਮੰਗਲਵਾਰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ ਅਤੇ 11 ਅਪ੍ਰੈਲ ਨੂੰ ਇਸ ਦੇ ਲਏ ਗਏ ਸੈਂਪਲ ਦੀ 13 ਅਪ੍ਰੈਲ ਨੂੰ ਆਈ ਰਿਪੋਰਟ ਕੋਰੋਨਾ ਪਾਜੇਟਿਵ ਆਈ ਸੀ। ਪਤਾ ਲੱਗਿਆ ਹੈ ਕਿ ਇਹ ਸੇਵਾ ਮੁਕਤ ਅਧਿਆਪਕ ਬੀਤੇ ਦਿਨੀਂ ਆਪਣੇ ਬਿਮਾਰ ਭਰਾ ਨੂੰ ਜਲੰਧਰ ਦੇ ਇਕ ਹਸਪਤਾਲ ‘ਚ ਇਲਾਜ ਲਈ ਲੈ ਗਿਆ ਸੀ, ਜਿਥੋਂ ਉਸ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗੀ ਹੈ।
ਪਟਿਆਲਾ ‘ਚ ਵੀ ਬੀਤੇ ਕੱਲ ਕੋਰੋਨਾ ਪਾਜੇਟਿਵ ਪਾਏ ਗਏ 50 ਸਾਲਾ ਵਿਅਕਤੀ ਦੀ ਪਤਨੀ ਤੇ ਦੋ ਪੁੱਤਰ ਵੀ ਰਿਪੋਰਟ ਵੀ ਕੋਰੋਨਾ–ਪਾਜ਼ਿਟਿਵ ਆਈ ਹੈ। ਸੂਚਨਾ ਮੁਤਾਬਿਕ ਪਟਿਆਲਾ ਦੇ ਸਫ਼ਾਬਾਦੀ ਗੇਟ ਦੇ 50 ਸਾਲਾ ਪਾਜ਼ਿਟਿਵ ਨਿਵਾਸੀ ਦੇ ਸੰਪਰਕ ‘ਚ ਆਏ 450 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਜਾ ਚੁੱਕਾ ਹੈ। ਪਠਾਨਕੋਟ ‘ਚ ਉਸ ਔਰਤ ਦਾ ਪਤੀ ਵੀ ਕੱਲ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਜਿਹੜੀ ਸੁਜਾਨਪੁਰ ਦੇ ਕੋਰੋਨਾ–ਪਾਜ਼ਿਟਿਵ ਪਰਿਵਾਰ ਦੇ ਘਰ ‘ਚ ਕੰਮ ਕਰਦੀ ਸੀ। ਪਠਾਨਕੋਟ ‘ਚ ਕੱਲ ਹੀ ਇੱਕ ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਇਆ ਸੀ, ਜੋ ਇੱਕ ਆਟੋ ਡਰਾਇਵਰ ਹੈ। ਉਧਰ ਸੰਗਰੂਰ ਜਿਲੇ ਵਿੱਚ ਛੇਵਾਂ ਕੇਸ ਸਾਹਮਣੇ ਆਇਆ ਹੈ, ਜੋ ਅਸਲ ‘ਚ ਤਬਲੀਗੀ ਜਮਾਤ ਦੇ ਇੱਕ ਮੈਂਬਰ ਦੇ ਸੰਪਰਕ ‘ਚ ਰਿਹਾ ਸੀ, ਇਸ ਵਿਅਕਤੀ ਦੇ ਸੰਪਰਕ ‘ਚ ਆਏ 8 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਹੈ।