ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਵੇਲਜ਼ ਵਿੱਚ ਕੋਵਿਡ-19 ਦੇ ਖਿਲਾਫ ਮੁਹਿੰਮ ਵਿੱਚ ਮਾਸ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੋਸ਼ਿਸ਼ ਤਹਿਤ ਮੇਰਥਰ ਟਾਇਡਫਿਲ ਵਿੱਚ ਸ਼ਨੀਵਾਰ ਨੂੰ ਇੱਕ ਟੈਸਟਿੰਗ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਟੈਸਟ ਕਰਵਾਉਣ ਲਈ ਸੈਂਕੜੇ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਇਸ ਸ਼ੁਰੂ ਕੀਤੀ ਗਈ ਟੈਸਟਿੰਗ ਮੁਹਿੰਮ ਵਿੱਚ ਕੁੱਲ ਮਿਲਾ ਕੇ 60,000 ਲੋਕਾਂ ਦਾ ਟੈਸਟ ਕੀਤਾ ਜਾ ਸਕਦਾ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਦੌਰਾਨ ਬਿਨਾਂ ਵਾਇਰਸ ਦੇ ਲੱਛਣਾਂ ਵਾਲੇ ਵਾਸੀਆਂ ਨੂੰ ਵੀ ਟੈਸਟ ਕਰਵਾਉਣ ਦੀ ਖੁੱਲ੍ਹ ਦਿੱਤੀ ਗਈ ਸੀ। ਸ਼ਨੀਵਾਰ ਨੂੰ ਮੇਰਥਰ ਕੌਸਲ ਨੇ ਜਾਂਚ ਸਾਈਟਾਂ ਅਤੇ ਉਨ੍ਹਾਂ ਦੇ ਸ਼ੁਰੂਆਤੀ ਸਮੇਂ ਦੀ ਪੂਰੀ ਸੂਚੀ ਦਾ ਖੁਲਾਸਾ ਕੀਤਾ, ਜਿਹਨਾਂ ਵਿੱਚ ਇਸ ਖੇਤਰ ਦੇ ਵਸਨੀਕ ਜਾਂ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਹੁਣ ਇੱਕ ਟੈਸਟ ਕਰਵਾ ਸਕਦਾ ਹੈ ਤਾਂ ਜੋ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਸਫਲਤਾ ਮਿਲ ਸਕੇ। ਨਵੰਬਰ ਦੀ ਸ਼ੁਰੂਆਤ ਵਿੱਚ ਇਸ ਖੇਤਰ ਵਿੱਚ ਯੂਕੇ ਦੀ ਸਭ ਤੋਂ ਵੱਧ ਕੋਰੋਨਾਂ ਵਾਇਰਸ ਦੀ ਦਰ ਸੀ ਹਾਲਾਂਕਿ ਹੁਣ ਖਕੇਸਾਂ ਦੀ ਦਰ ਕੁੱਝ ਘੱਟ ਹੈ ਪਰ ਇਹ ਵੇਲਜ਼ ਵਿੱਚ ਸਭ ਤੋਂ ਪ੍ਰਭਾਵਿਤ ਖੇਤਰਾਂ ਹੈ। ਸ਼ਨੀਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਟਾਇਡਫਿਲ ਵਿਚ ਸੱਤ ਦਿਨਾਂ ਦੀ ਮਿਆਦ ਵਿਚ ਪ੍ਰਤੀ 100,000 ਆਬਾਦੀ ਪਿੱਛੇ 250.3 ਕੇਸ ਦਰਜ ਕੀਤੇ ਗਏ ਹਨ। ਹੁਣ ਇਹ ਕਾਉਂਟੀ ਪਾਇਲਟ ਮਾਸ ਟੈਸਟ ਕਰਨ ਲਈ ਵੇਲਜ਼ ਦਾ ਹਿੱਸਾ ਬਣ ਗਈ ਹੈ ਅਤੇ ਇਸ ਦੌਰਾਨ ਟੈਸਟਿੰਗ ਵਿਚ ਸਹਾਇਤਾ ਕਰਨ ਲਈ 175 ਸੈਨਿਕ ਬਲਾਂ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੇ ਕੋਈ ਵਿਅਕਤੀ ਸਕਾਰਾਤਮਕ ਟੈਸਟ ਕਰਦਾ ਹੈ ਤਾਂ ਉਸ ਨੂੰ ਤੁਰੰਤ ਘਰ ਵਿੱਚ ਇਕਾਂਤਵਾਸ ਹੋਣ ਅਤੇ ਇੱਕ ਹੋਰ ਟੈਸਟ ਦੇਣ ਲਈ ਕਿਹਾ ਜਾਵੇਗਾ।