ਸ਼ਹਿਰ ਤੇਰੇ ਜੋ ਬੀਤੇ ਦਿਨ, ਓਹ ਚੇਤੇ ਆਉਂਦੇ ਨੇ ,
ਸ਼ਾਮਾਂ ਢਲ ਜਾਵਣ, ਪ੍ਰਛਾਵੇਂ ਬਹੁਤ ਸਤਾਉਂਦੇ ਨੇ..!
ਚਾੜ੍ਹ ਚੁਬਾਰੇ ਸੱਜਣ,ਮਗਰੋਂ ਪੌੜੀ ਲਾਹੀਏ ਨਾ,
ਦੌੜਾਂ ਵਾਲੇ ਘੋੜੇ ਨੂੰ, ਟਾਂਗੇ ਨਾਲ ਲਾਈਏ ਨਾ ,
ਹਲਦੀ, ਮਹਿੰਦੀ, ਵਕਤ ਪੈਣ ਤੇ ਈ, ਰੰਗ ਵਿਖਾਉਂਦੇ ਨੇ,
ਜਿਣਸਾਂ, ਅਣਖਾਂ, ਵਾਲ਼ੇ, ਕਾਹਨੂੰ ਦਗੇ ਕਮਾਉਂਦੇ ਨੇ..!
ਸ਼ਹਿਰ ਤੇਰੇ ਜੋ ਬੀਤੇ ਦਿਨ, ਓਹ ਚੇਤੇ ਆਉਂਦੇ ਨੇ..!
ਸਿੰਗ ਫਸਣ ਤੇ ਲਗਦਾ ਪਤਾ, ਵੜੇਵੇੰ ਖਾਣੀ ਦਾ,
ਆਪਣੇ ਪਿੰਡ ਦੇ ਸਿਵੇ,ਬੇਗਾਨੇ ਪਿੰਡ ਦੇ ਪਾਣੀ ਦਾ,
ਜਿੰਦਗੀ ਦੇ ਨੇ ਅਰਕ, ਜੋ ਵੱਡੇ ਸੱਚ ਫ਼ੁਰਮਾਉਂਦੇ ਨੇ,
ਵੱਡੇ ਤੜਕੇ ਵਾਲੇ, ਸੁਫਨੇ ਬਹੁਤ ਡਰਾਉਂਦੇ ਨੇ ..!
ਸ਼ਾਮਾਂ ਢਲ ਜਾਵਣ ਪ੍ਰਛਾਵੇੰ, ਬਹੁਤ ਸਤਾਉਂਦੇ ਨੇ..!
“ਹੈਪੀ” ਭੁੱਲ-ਭੁਲੇਖੇ ਦੇ, ਚੱਕਰ ਨਾਂ ਪੈ ਜਾਵੀਂ,
ਰਾਂਝੇ ਵਾਂਗੂ ਮੱਝੀਆਂ ਨਾਂ, ਚਾਰਨ ਤੂੰ ਬਹਿ ਜਾਵੀਂ,
ਕਈ ਵਾਰੀ ਤਿਣਕੇ ਵੀ, ਸੱਜਣਾਂ,ਪਾਰ ਲੰਘਾਉਂਦੇ ਨੇ,
ਪੱਤਣੋ ਲੰਘੇ ਪਾਣੀ, ਮੁੜਕੇ ਹੱਥ ਨਾਂ ਆਓਦੇ ਨੇ..!
ਸ਼ਹਿਰ ਤੇਰੇ ਜੋ ਬੀਤੇ ਦਿਨ,ਉਹ ਚੇਤੇ ਆਉੰਦੇ ਨੇ..!
-ਹੈਪੀ ਚੌਧਰੀ
حیپی چوہدੈری