ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 21 ਨਵੰਬਰ 2020
ਕੋਰੋਨਾਂ ਵਾਇਰਸ ਇੱਕ ਲਾਗ ਦੀ ਬਿਮਾਰੀ ਹੈ, ਇਸ ਨਾਲ ਪੀੜਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਨੂੰ ਵੀ ਇਹ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਸ ਤਰ੍ਹਾਂ ਦਾ ਸਾਹਮਣਾ ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਦਾ ਪਰਿਵਾਰ ਕਰ ਰਿਹਾ ਹੈ। ਇਸ ਸੰਬੰਧੀ ਰਾਜਪਾਲ ਦੇ ਦਫਤਰ ਨੇ ਸ਼ੁੱਕਰਵਾਰ ਰਾਤ ਨੂੰ ਦੱਸਿਆ ਕਿ ਗੈਵਿਨ ਨਿਊਸਮ ਦਾ ਇੱਕ ਬੱਚਾ ਕੋਵਿਡ -19 ਨਾਲ ਪੀੜਿਤ ਇੱਕ ਸਹਿਪਾਠੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅਲੱਗ ਹੋ ਰਿਹਾ ਹੈ। ਇਹ ਸੂਚਨਾ ਨਿਊਸਮ ਦੁਆਰਾ ਕੈਲੀਫੋਰਨੀਆਂ ਵਾਸੀਆਂ ਲਈ 10 ਵਜੇ ਦੇ ਕਰਫਿਊ ਦੇ ਐਲਾਣ ਕਰਨ ਤੋਂ ਇੱਕ ਦਿਨ ਬਾਅਦ ਆਈ ਹੈ। ਦਫਤਰ ਦੇ ਇੱਕ ਬੁਲਾਰੇ ਨੇਥਨ ਕਲਿਕ ਅਨੁਸਾਰ ਨਿਊਸਮ ਦਾ ਬੱਚਾ ਉਸ ਸਮੇਂ ਇਕਾਂਤਵਾਸ ਵਿੱਚ ਗਿਆ ਜਦੋਂ ਉਹ ਪ੍ਰਾਈਵੇਟ ਸਕੂਲ ਵਿੱਚ ਹਾਜ਼ਰ ਹੋਇਆ ਸੀ ਤਾਂ ਸਕੂਲ ਵੱਲੋਂ ਪਰਿਵਾਰ ਨੂੰ ਇਸ ਬਾਰੇ ਸੁਚੇਤ ਕੀਤਾ ਗਿਆ ਸੀ। ਗਵਰਨਰ ਦਾ ਬਾਕੀ ਪਰਿਵਾਰ ਇਕਾਂਤ ਵਿੱਚ ਨਹੀਂ ਹੈ ਕਿਉਂਕਿ ਉਹ ਸਿੱਧੇ ਤੌਰ ‘ਤੇ ਕਿਸੇ ਪੀੜਿਤ ਦੇ ਸੰਪਰਕ ਵਿੱਚ ਨਹੀਂ ਆਏ। ਇਸ ਬੱਚੇ ਨੇ ਐਕਸਪੋਜਰ ਤੋਂ 5 ਅਤੇ 7 ਦਿਨਾਂ ਬਾਅਦ ਦੋ ਵਾਰ ਨਕਾਰਾਤਮਕ ਟੈਸਟ ਕੀਤਾ ਹੈ ਅਤੇ ਇਸਦੇ ਨਾਲ ਹੀ ਨਿਊਸਮ, ਉਸ ਦੀ ਪਤਨੀ ਜੈਨੀਫਰ ਸਿਏਬਲ ਅਤੇ ਉਨ੍ਹਾਂ ਦੇ ਹੋਰ ਤਿੰਨ ਬੱਚਿਆਂ ਨੇ ਵੀ ਨਕਾਰਾਤਮਕ ਟੈਸਟ ਕੀਤਾ ਹੈ। ਕਲਿਕ ਨੇ ਕਿਹਾ ਕਿ ਨਿਊਸਮ ਨੇ ਇਸ ਹਫਤੇ ਇਕ ਰੇਪਿਡ ਟੈਸਟ ਲਿਆ ਹੈ ਅਤੇ ਇਸ ਹਫਤੇ ਦੇ ਅਖੀਰ ਵਿਚ ਉਹਨਾਂ ਦੁਆਰਾ ਪੀ.ਸੀ.ਆਰ. ਦਾ ਨਿਯਮਤ ਟੈਸਟ ਲੈਣ ਦੀ ਵੀ ਯੋਜਨਾ ਹੈ।