ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 20 ਨਵੰਬਰ 2020
ਕੈਲੀਫੋਰਨੀਆ ਦੇ ਲੈਜਿਸਟੇਟਿਵ ਐਨਾਲਿਸਟ ਆਫਿਸ ਨੇ ਸਿਫਾਰਸ਼ ਕੀਤੀ ਹੈ ਕਿ ਰਾਜ ਵਿੱਚ ਕੈਦੀਆਂ ਦੀ ਗਿਣਤੀ ਘੱਟ ਹੋਣ ਤੇ ਆਰਥਿਕ ਬੱਚਤ ਹਾਸਿਲ ਕਰਨ ਲਈ ਰਾਜ ਵਿੱਚ ਜੇਲ੍ਹਾਂ ਬੰਦ ਕਰਨੀਆਂ ਚਾਹੀਦੀਆਂ ਹਨ। ਇੱਕ ਰਿਪੋਰਟ ਅਨੁਸਾਰ ਪੰਜ ਬਾਲਗ ਜੇਲ੍ਹਾਂ ਨੂੰ ਬੰਦ ਕਰਨ ਨਾਲ 2025 ਤੱਕ ਰਾਜ ਨੂੰ ਹਰ ਸਾਲ 1.5 ਬਿਲੀਅਨ ਡਾਲਰ ਦੀ ਬੱਚਤ ਹੋਵੇਗੀ। ਕੈਦੀ ਆਬਾਦੀ ਦੇ ਅੰਕੜਿਆਂ ਦੇ ਅਧਾਰ ‘ਤੇ ਇਹ ਸਿਫਾਰਸ਼ ਇਸ ਸਾਲ ਦੇ ਸ਼ੁਰੂ ਵਿਚ ਗਵਰਨਰ ਗੈਵਿਨ ਨਿਊਸਮ ਦੇ ਦੋ ਰਾਜ ਜੇਲ੍ਹਾਂ ਨੂੰ ਬੰਦ ਕਰਨ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਆਈ ਹੈ।ਇਹਨਾਂ ਵਿੱਚ ਇੱਕ ਟ੍ਰੇਸੀ ਦੀ ਡੀਯੂਲ ਵੋਕੇਸ਼ਨਲ ਸੰਸਥਾ ਹੈ, ਜਿਸ ਨੂੰ ਸੁਧਾਰ ਵਿਭਾਗ ਸਤੰਬਰ ਵਿਚ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਾਜ ਦੀਆਂ 35 ਜੇਲ੍ਹਾਂ ਵਿਚ ਕੋਰੋਨਾਂ ਵਾਇਰਸ ਦੇ ਆਉਣ ਨਾਲ 21% ਕੈਦੀ ਘਟੇ ਹਨ ।ਇੱਕ ਰਿਪੋਰਟ ਅਨੁਸਾਰ ਅਕਤੂਬਰ ਦੇ ਅਖੀਰ ਤੱਕ ਕੈਦੀਆਂ ਦੀ ਗਿਣਤੀ ਘਟ ਕੇ 97,700 ਹੋ ਗਈ ਸੀ, ਕਿਉਂਕਿ ਸੁਧਾਰ ਵਿਭਾਗ ਨੇ ਲਗਭੱਗ 25000 ਅਹਿੰਸਕ ਕੈਦੀਆਂ ਨੂੰ ਰਿਹਾ ਕੀਤਾ ਹੈ ਜਦਕਿ ਮਹਾਂਮਾਰੀ ਦੇ ਦੌਰਾਨ ਅਪਰਾਧ ਵਿੱਚ ਵੀ ਗਿਰਾਵਟ ਆਈ ਹੈ। ਰਾਜ ਜੇਲ੍ਹ ਸੁਧਾਰਾਂ ‘ਤੇ ਪ੍ਰਤੀ ਸਾਲ 16 ਬਿਲੀਅਨ ਡਾਲਰ ਖਰਚ ਕਰਦਾ ਹੈ ਅਤੇ ਇਸ ਸਾਲ ਸੁਧਾਰ ਅਤੇ ਮੁੜ ਵਸੇਬੇ ਵਿਭਾਗ ਦਾ ਬਜ਼ਟ 13.4 ਬਿਲੀਅਨ ਡਾਲਰ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਤਬਦੀਲੀ ਦੇ ਰਾਜ ਦਾ ਜੇਲ੍ਹ ਪ੍ਰਤੀ ਖਰਚਾ ਵੱਧਦਾ ਰਹੇਗਾ, ਜੋ ਕਿ ਵੱਡੇ ਪੱਧਰ ‘ਤੇ ਕਰਮਚਾਰੀਆਂ ਦੇ ਮੁਆਵਜ਼ੇ ਦੇ ਖਰਚਿਆਂ ਦੁਆਰਾ ਚਲਾਇਆ ਜਾਂਦਾ ਹੈ।ਇੱਕ ਜੇਲ੍ਹ ਸੰਸਥਾ ਨੂੰ ਬੰਦ ਕਰਨਾ ਸਿਸਟਮ ਦੇ ਅੰਦਰ ਬਹੁਤ ਸਾਰਾ ਪੈਸਾ ਬਚਾਉਣ ਦੇ ਕੁੱਝ ਤਰੀਕਿਆਂ ਵਿੱਚੋਂ ਇੱਕ ਹੈ। ਰਾਜ ਦੁਆਰਾ ਜਾਰੀ ਕੀਤੇ ਗਏ ਇੱਕ ਅਧਿਐਨ ਅਨੁਸਾਰ 12 ਸਭ ਤੋਂ ਪੁਰਾਣੀਆਂ ਜੇਲ੍ਹਾਂ ਨੂੰ 11 ਬਿਲੀਅਨ ਡਾਲਰ ਦੀ ਮੁਰੰਮਤ ਦੀ ਜ਼ਰੂਰਤ ਹੈ, ਜਦੋਂ ਕਿ ਬਾਕੀ 22 ਜੇਲ੍ਹਾਂ ਨੂੰ 8 ਬਿਲੀਅਨ ਡਾਲਰ ਦੇ ਕੰਮ ਦੀ ਜ਼ਰੂਰਤ ਹੈ।