2.1 C
United Kingdom
Saturday, March 7, 2026

More

    ਕਦੇ ਮੰਨਣਾ ਚਾਹੀਦਾ

    ਰਜਨੀ ਵਾਲੀਆ
    ਕਦੇ ਮੰਨਣਾ ਚਾਹੀਦਾ,
    ਕਦੇ ਮਨਾਉਣੀ ਚਾਹੀਦੀ |
    ਬਸ ਇਵੇਂ ਹੀ ਜਿੰਦਗੀ ਲੰਘਾਉਣੀ ਚਾਹੀਦੀ |
    ਕਦੇ ਫੁੱਲ ਬਣਕੇ,
    ਤੇ ਕਦੇ ਕਲੀ ਬਣਕੇ,
    ਪੂਰੇ ਆਲਮ ਚ ਮਹਿਕ ਖਿੰਡਾਉਣੀਂ ਚਾਹੀਦੀ |

    ਦੁਖੀ ਨਾ ਕਰੀਏ ਮਨ ਨੂੰ,
    ਕਦੇ ਦਿਲ ਤੇ ਲਾਈਏ ਨਾ |
    ਇਹ ਭੌਰਿਆਂ ਵਾਂਗੂ ਉੱਡਦਾ,
    ਜੇਕਰ ਸਮਝਾਈਏ ਨਾ |
    ਜੇ ਜਿੰਦ ਧੜਕੇ ਨਾਲ ਤਾਂ,
    ਜਿੰਦ ਧੜਕਾਉਣੀ ਚਾਹੀਦੀ |
    ਕਦੇ ਮੰਨਣਾ ਚਾਹੀਦਾ,
    ਕਦੇ ਮਨਾਉਣੀ ਚਾਹੀਦੀ |
    ਬਸ ਇਵੇਂ ਹੀ ਜਿੰਦਗੀ ਲੰਘਾਉਣੀ ਚਾਹੀਦੀ |

    ਪ੍ਰਵਾਹ ਤਾਂ ਕਰਦਾ ਇੱਕ,
    ਕਿ ਮਤਲਬ ਸਭ ਕੱਢਦੇ |
    ਬਾਂਹ ਫੜਕੇ ਰੱਖੇ ਇੱਕੋ,
    ਕਿ ਰਾਹੇ ਸਭ ਛੱਡਦੇ |
    ਆਪਣੀ ਸੋਚ ਦੀ ਰੇਤੀ,
    ਖੂਬ ਘਸਾਉਣੀ ਚਾਹੀਦੀ |
    ਕਦੇ ਮੰਨਣਾ ਚਾਹੀਦਾ,
    ਕਦੇ ਮਨਾਉਣੀ ਚਾਹੀਦੀ |
    ਬਸ ਇਵੇਂ ਹੀ ਜਿੰਦਗੀ ਲੰਘਾਉਣੀ ਚਾਹੀਦੀ |

    ਜੇਕਰ ਆਪਣੇਂ ਤੋਂ ਵੱਧ,
    ਵਿਸ਼ਵਾਸ ਮਿਲ ਜਾਵੇ |
    ਬੇਆਸਿਆਂ ਦੇ ਵਿੱਚ,
    ਜੇਕਰ ਆਸ ਮਿਲ ਜਾਵੇ |
    ਤਾਂ ਨਜ਼ਰ ਬੱਸ ਆਸ,
    ਤੇ ਟਿਕਾਉਣੀਂ ਚਾਹੀਦੀ |
    ਕਦੇ ਮੰਨਣਾ ਚਾਹੀਦਾ,
    ਕਦੇ ਮਨਾਉਣੀ ਚਾਹੀਦੀ |
    ਬਸ ਇਵੇਂ ਹੀ ਜਿੰਦਗੀ ਲੰਘਾਉਣੀ ਚਾਹੀਦੀ |

    ਝੂਠੀਆਂ ਕਹਾਣੀਆਂ ਨਾ,
    ਕਦੇ ਵੀ ਘੜੀਏ |
    ਜੋ ਸਮਝੇ ਤੁਹਾਨੂੰ,
    ਨਾ ਉਹਦੇ ਨਾਲ ਲੜੀਏ |
    ਇੱਕ ਦੂਜੇ ਵੱਲ ਬਣੀ,
    ਜਾਣੀ-ਆਉਣੀ ਚਾਹੀਦੀ |
    ਕਦੇ ਮੰਨਣਾ ਚਾਹੀਦਾ,
    ਕਦੇ ਮਨਾਉਣੀ ਚਾਹੀਦੀ |
    ਬਸ ਇਵੇਂ ਹੀ ਜਿੰਦਗੀ ਲੰਘਾਉਣੀ ਚਾਹੀਦੀ |

    ਕੋਸਿ਼ਸ਼ਾਂ ਨੇ ਸਦਾ ਹੀ,
    ਮੰਜਿਲਾਂ ਨੂੰ ਪਾ ਲਿਆ |
    ਜਦੋਂ ਜਿੰਦਗੀ ਨੇ ਜਿੰਦਗੀ,
    ਦੇ ਨਾਲ ਸਾਹ ਲਿਆ |
    ਸੱਜਣਾ ਦੇ ਦਰ ਦੀ ਖੜਕੇ,
    ਜੇ ਕੁੰਡੀ ਖੜਕਾਉਣੀ ਚਾਹੀਦੀ |
    ਕਦੇ ਮੰਨਣਾ ਚਾਹੀਦਾ,
    ਕਦੇ ਮਨਾਉਣੀ ਚਾਹੀਦੀ |
    ਬਸ ਇਵੇਂ ਹੀ ਜਿੰਦਗੀ ਲੰਘਾਉਣੀ ਚਾਹੀਦੀ |

    ਰਜਨੀ ਦੱਸ ਰੋਸਿਆਂ ਚੋਂ,
    ਜਿੰਦਗੀ ਨੇ ਕੀ ਖੱਟਿਆ |
    ਜਿੱਦਬਾਜੀਆਂ ਨੇਂ ਸਦਾ ਹੀ,
    ਜਿੱਦ ਵਿੱਚ ਅੱਕ ਚੱਟਿਆ |
    ਕਦੇ ਔਖੀ ਪੈ ਜਾਵੇ ਜੇ,
    ਘੜੀ ਤਾਂ ਕਟਾਉਣੀ ਚਾਹੀਦੀ |
    ਕਦੇ ਮੰਨਣਾ ਚਾਹੀਦਾ,
    ਕਦੇ ਮਨਾਉਣੀ ਚਾਹੀਦੀ |
    ਬਸ ਇਵੇਂ ਹੀ ਜਿੰਦਗੀ ਲੰਘਾਉਣੀ ਚਾਹੀਦੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!