ਦੋ ਦਿਨਾਂ ਬਾਦ
ਉਸਦੇ ਅੱਬੂ ਦੀ ਅੱਜ ਡਬਲ ਸ਼ਿਫ਼ਟ ਸੀ, ਸੋ ਇਹ ਮੌਕਾ ਉਹ ਗਵਾਉਣਾ ਨਹੀਂ ਸੀ ਚਾਹੁੰਦੀ। ਇਕ ਖਿਆਲ ਉਸਦੇ ਮਨ ਵਿਚ ਬਾਰ ਬਾਰ ਆ ਰਿਹਾ ਸੀ ਕਿ ਅੰਮੀ ਨੂੰ ਆਪਣੀਆਂ ਬੇਟੀਆਂ ਦੇ ਕਰੀਬ ਹੋਣਾ ਚਾਹੀਦਾ ਤੇ ਮਦਦ ਕਰਨੀ ਚਾਹੀਦੀ ਏ, ਲੇਕਿਨ ਉਹ ਕਦੇ ਵੀ ਉਹਨਾ ਦਾ ਪਾਸਾ ਨਹੀਂ ਲੈਂਦੀ। ਅੱਬੂ ਤੋਂ ਏਨਾ ਡਰਦੀ ਕਿਉਂ ਏਂ ਉਹ। ਕਈ ਵਾਰ ਉਸਨੇ, ਅੱਬੂ ਨੂੰ ਅੰਮੀ ਤੇ ਹੱਥ ਉਠਾਉਂਦਿਆਂ ਵੀ ਦੇਖਿਆ ਸੀ, ਲੇਕਿਨ ਉਹ ਕਦੇ ਇਕ ਲ਼ਫ਼ਜ਼ ਤੱਕ ਨਹੀਂ ਸੀ ਬੋਲੀ। ਅੰਮੀ ਨੂੰ ਤਾਂ ਬਸ ਰੋਣ ਵਿਚ ਹੀ ਮੁਹਾਰਤ ਸੀ।ਬੜੇ ਖੁਰਦਰੇ ਇਨਸਾਨ ਨਾਲ ਵਾਹ ਪਿਆ ਸੀ, ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਨਿਭਾਈ ਜਾ ਰਹੀ ਸੀ।
‘ਅੰਮੀ ਜਾਨ, ਇਕ ਜ਼ਰੂਰੀ ਬਾਤ ਕਰਨੀ ਏਂ ਤੁਸਾਂ ਨਾਲ,’ ਉਸਨੇ ਲੌਂਜ਼ ਵਿਚ ਅੰਮੀ ਦੇ ਕੋਲ ਬੈਠਦਿਆਂ ਕਿਹਾ।
‘ਹਾਂ ਦੱਸ, ਕੀ ਜ਼ਰੂਰੀ ਬਾਤ ਏ ਤੇਰੀ?’ ਉਸਦੀ ਅੰਮੀ ਨੇ ਪਾਨ ਚਬਾਉਂਦਿਆਂ ਬੇਧਿਆਨੀ ਜਿਹੀ ਨਾਲ ਕਿਹਾ।
‘ਬਾਤ ਸੀਰੀਅਸ ਆ, ਅੰਮੀ।’
‘ਹੁਣ ਕੁਛ ਕਹੇਂਗੀ ਵੀ?’
‘ਅੱਛਾ ਪਹਿਲਾਂ ਸਾਰੀ ਸਟੋਰੀ ਸੁਣ ਲਈਓ, ਫ਼ਿਰ ਜਵਾਬ ਦੇਈਓ… ਪਲੀਜ਼ ਅੰਮੀ!’
‘ਹਾਂ! ਬੋਲ!’
‘ਸਾਨੂੰ ਪਤਾ, ਤੁਸੀਂ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਾ ਰਹੇ ਓ, ਬਾਜੀ ਦੀ ਸ਼ਾਦੀ ਬਾਰੇ। ਮੈਨੂੰ ਨਹੀਂ ਲੱਗਦਾ, ਏਹ ਗੁੱਡ ਆਈਡੀਆ… ਬਾਜੀ ਓਥੇ ਸ਼ਾਦੀ ਨਹੀਂ ਕਰਵਾਉਣਾ ਚਾਹੁੰਦੀ,’ ਉਹ ਅੰਮੀ ਦਾ ਰੀਐਕਸ਼ਨ ਦੇਖਣ ਲਈ ਜ਼ਰਾ ਕੁ ਰੁੱਕ ਗਈ।
‘ਕਿਉਂ ਨਹੀਂ, ਸ਼ਾਦੀ ਤਾਂ ਕਰਨੀ ਪੈਣੀ ਏਂ… ਉਸਦਾ ਰਿਸ਼ਤਾ ਤਾਂ ਬਹੁਤ ਦੇਰ ਪਹਿਲਾਂ ਈ ਤੇਰੇ ਅੱਬੂ ਨੇ ਤੈਅ ਕੀਤਾ ਹੋਇਐ।’
‘ਰਾਵੀਆ…! ਓ ਰਾਵੀਆ! ਇਧਰ ਆ,’ ਅੰਮੀ ਨੇ ਚੀਖ਼ ਕੇ ਕਿਹਾ ਤੇ ਰਾਵੀਆ ਆਪਣੀ ਮਸਤ ਚਾਲ, ਮੂੰਹ ਲਮਕਾਏ, ਸਾਹਵੇਂ ਆ ਖੜੀ ਹੋਈ, ਜਿਵੇਂ ਕੋਈ ਮੁਜਰਿਮ ਕਟਹਿਰੇ ਵਿਚ ਜੱਜ ਦੇ ਸਾਹਵੇਂ ਆ ਖੜਦਾ ਹੈ।
ਇਹ ਪਿਆਰ ਮਹੁੱਬਤ ਜੁਰਮ ਕਦੋਂ ਤੋਂ ਹੋ ਗਿਆ, ਇਕ ਪਾਸੇ ਤਾਂ ਮਹਿਫ਼ਲਾਂ ਮੁਸ਼ਾਇਰਿਆਂ ਵਿਚ ਸਾਡੇ ਪੜ੍ਹੇ ਲਿਖੇ ਲੋਗ਼, ਪਿਆਰ ਦੀ ਸਿਫ਼ਤ ਕਰਦਿਆਂ ਨਹੀਂ ਥੱਕਦੇ ਤੇ ਦੂਜੇ ਪਾਸੇ ਸਾਡੇ ਮੁਆਸ਼ਰੇ ਦਾ ਇਹ ਦੋਗਲ਼ਾਪਨ, ਸਮਝੋਂ ਬਾਹਰਾ – ਸੋਚ ਸੋਚ ਉਹ ਅਕਸਰ ਪਰੇਸ਼ਾਨ ਹੁੰਦੀ।
‘ਆਹ ਰੁਖ਼ਸਾਨਾ ਕੀ ਕਹਿ ਰਹੀ ਏ…? ਤੈਂ ਸ਼ਾਦੀ ਨਈਂ ਕਰਨੀ…?’ ਅੰਮੀ ਨੇ ਪਾਨ ਥੁੱਕਦਿਆਂ ਕਿਹਾ।
‘ਹਾਂ ਅੰਮੀ… ਨਈਂ ਅੰਮੀ,’ ਰਾਵੀਆ ਨੇ ਕਿਹਾ।
‘ਏਹ ਹਾਂ ਅੰਮੀ, ਨਈਂ ਅੰਮੀ, ਕੀ ਲਾ ਰੱਖੀ ਏ… ਖ਼ੁੱਲ ਕੇ ਦੱਸ… ਤੇਰੀ ਪਰੇਸ਼ਾਨੀ ਕੀ ਏ…?’
‘ਮੈਂ ਦੱਸਨੀ ਆਂ ਅੰਮੀ,’ ਰੁਖ਼ਸਾਨਾ ਨੇ ਕਿਹਾ।
‘ਹਾਂ ਤੇ, ਤੂੰ ਵਕੀਲ ਏਂ ਏਹਦੀ… ਏਹਦੇ ਮੂੰਹ ‘ਚ ਵੀ ਤਾਂ ਜ਼ੁਬਾਨ ਦਿਤੀ ਏ ਅੱਲਾਹ ਪਾਕ ਨੇ… ਹਾਂ! ਚੱਲ ਤੂੰ ਦੱਸ?’
‘ਤੁਸੀਂ ਗੁੱਸਾ ਕਿਉਂ ਕਰਦੇਉਂ… ਬੇਟੀ ਆਪਣੀ ਅੰਮੀ ਨਾਲ ਬਾਤ ਨਹੀਂ ਕਰੇਗੀ ਤਾਂ ਹੋਰ ਕਿਸ ਨਾਲ ਕਰੇਗੀ… ਅੱਛਾ ਸੁਣੋ! ਬਾਜੀ, ਪਾਕਿਸਤਾਨ ਵਾਲੇ ਕਜ਼ਨ ਨੂੰ ਜਾਣਦੀ ਤੱਕ ਨਹੀਂ… ਇਟਸ ਨੌਟ ਫ਼ੇਅਰ, ਦੋਹਾਂ ਲਈ… ਬਾਜੀ ਦਾ ਕਾਲਿਜ ਫ਼ਰੈਂਡ ਏ, ਕੈਸਰ… ਸੁੰਨੀ ਮੁਸਲਮਾਨ ਏ, ਇਹ ਉਸਨੂੰ ਲਾਈਕ ਕਰਦੀ ਏ ਤੇ ਉਹ ਵੀ ਇਸਨੂੰ ਬਹੁਤ ਲਾਈਕ ਕਰਦਾ,’ ਉਸਨੇ ਝਿਜਕਦਿਆਂ, ਲੇਕਿਨ ਜਿਗਰਾ ਕੱਢ ਇਕੋ ਸਾਹੇ ਕਹਿ ਦਿੱਤਾ।
‘ਅੱਛਾ ਤਾਂ ਏਹ ਗੁੱਲ ਖਿਲਾਉਂਦੀ ਰਹੀ ਏ ਮੇਰੀ ਸ਼ਰੀਫ਼ ਰਾਵੀਆ ਬੇਟੀ… ਬੁਆਏ ਫ਼ਰੈਂਡ ਵੀ ਰਖਿਆ ਹੋਇਐ… ਹੂੰਅ…!’
‘ਨਹੀਂ ਅੰਮੀ ਤੁਸੀਂ ਗਲਤ ਸੋਚ ਰਹੇ ਓ, ਕੈਸਰ ਮੇਰਾ ਫ਼ਰੈਂਡ ਏ… ਬੁਆਏ ਫ਼ਰੈਂਡ ਨਹੀਂ,’ ਰਾਵੀਆ ਦਾ ਗੋਰਾ ਚੇਹਰਾ ਸੁਰਖ ਹੋ ਗਿਆ ਸੀ ਤੇ ਉਸ ਨੇ ਬੋਲਣ ਦੀ ਜ਼ੁਰੱੱਰਤ ਕਰ ਦਿਖ਼ਾਈ ਸੀ।
‘ਕੀ ਮਤਲਬ ਏ ਤੇਰਾ?’ ਅੰੰਮੀ ਨੇ ਪੁੱਛਿਆ।
‘ਓਹ ਮੇਰਾ ਬੈਸਟ ਫ਼ਰੈਂਡ ਏ… ਜੋ ਤੁਸੀਂ ਸੋਚ ਰਹੇ ਓ, ਓਦਾਂ ਨਹੀਂ, ਨੋ ਫ਼ਿਜੀਕਲ ਰੀਲੇਸ਼ਨਸਿਪ, ਜਿਸਮਾਨੀ ਰਿਸ਼ਤਾ ਨਹੀਂ, ਤੁਹਾਡੀ ਕਸਮ, ਅੰਮੀ,’ ਰਾਵੀਆ ਨੇ ਨਜ਼ਰ ਚੁਰਾ ਰੁਖ਼ਸਾਨਾ ਦੀ ਤਰਫ਼ ਦੇਖ਼ਿਆ, ਜਿਵੇਂ ਕਹਿ ਰਹੀ ਹੋਵੇ… ਕੀਪ ਕੁਆਇਟ, ਜੇ ਤੈਨੂੰ ਪਤਾ ਤਾਂ ਚੁੱਪ ਰਹੀਂ।
‘ਹੂੰ…ਅ! ਉਸਦੇ ਵਾਲਦਾਇਨ, ਅੱਗਾ ਪਿੱਛਾ… ਕੀ ਕਰਦੇ ਨੇ ਉਹ?’ ਅੰਮੀ ਨੇ ਜ਼ਰਾ ਕੁ ਸੋਚਦਿਆਂ ਪੁੱਛਿਆ।
‘ਬਹੁਤ ਹੀ ਨਾਈਸ ਫ਼ੈਮਿਲੀ ਨੇ, ਅੰਮੀ ਜਾਨ! ਲੇਕਿਨ ਇਕ ਪਰੌਬਲਮ ਏ… ਓਦਾਂ ਨਾ ਮੰਨੋ ਤਾਂ ਪਰੌਬਲਮ ਵੀ ਨਹੀਂ… ਜ਼ਮਾਨਾ ਬਹੁਤ ਬਦਲ ਚੁੱਕਾ ਹੁਣ,’ ਰੁਖ਼ਸਾਨਾ ਨੇ ਅੰਮੀ ਦੇ ਬੋਲਾਂ ਵਿਚ ਆਈ ਨਰਮੀ ਨੂੰ ਭਾਂਪਦਿਆਂ ਕਿਹਾ।
‘ਕੀ ਪਰੌਬਲਮ… ਗੱਲ ਵੀ ਪੂਰੀ ਕਰਿਆ ਕਰ ਕਦੇ… ਸਦਾ ਬੁਝਾਰਤਾਂ ਪਾਉਂਦੀ ਰਹਿਨੀ ਏਂ।’
‘ਓਹ ਇੰਡੀਆ ਤੋਂ… ਉਹਦਾ ਅੰਮੀ ਅੱਬਾ ਲਖਨਊ ਤੋਂ ਨੇ, ਓਰਿਜਨਲੀ, ਵੈਸੇ ਉਹ ਏਥੇ ਦਾ ਜੰਮਿਆ ਪਲ਼ਿਆ।’ ਰੁਖ਼ਸਾਨਾ ਨੇ ਆਪਣਾ ਟੋਣਾ ਲਾ ਹੀ ਦਿੱਤਾ।
‘ਇਹ ਕੀ ਕਹਿ ਰਹੀਂ ਏਂ ਤੂੰ… ਨਈਂ! ਇੰਡੀਅਨ ਨਾਲ ਸ਼ਾਦੀ ਕਿੱਦਾਂ ਕਰ ਸਕਦੇ ਆਂ ਅਸੀਂ… ਨਈਂ ਨਈਂ! ਬਸ ਮੂੰਹ ਬੰਦ ਰਖੋ, ਕਿਤੇ ਤੁਹਾਡੇ ਅੱਬੂ ਨੂੰ ਪਤਾ ਲਗ ਗਿਆ ਤਾਂ ਸਾਨੂੰ ਸਭ ਨੂੰ ਘਰੋਂ ਨਿਕਾਲ ਦੇਣਗੇ।’
‘ਅੱਬੂ ਨੂੰ ਬੀ ਸਮਝਾਨਾ ਪਏਗਾ, ਅੰਮੀ… ਜ਼ਮਾਨਾ ਬਦਲ ਗਿਐ ਹੁਣ… ਤੁਸੀਂ ਕਿਸੇ ਨੂੰ ਫ਼ੋਰਸ ਨਈਂ ਕਰ ਸਕਦੇ,’ ਰੁਖ਼ਸਾਨਾ ਨੇ ਕਿਹਾ।
‘ਹੂੰਅ…! ਨਈਂ ਤੇਰੇ ਅੱਬੂ ਨੇ ਕਦੇ ਨਹੀਂ ਮੰਨਣਾ… ਤੁਹਾਨੂੰ ਉਹਨਾ ਦੇ ਗੁੱਸੇ ਦਾ ਤਾਂ ਪਤਾ ਈ ਏ।’
‘ਲੇਕਿਨ ਟਰਾਈ ਤਾਂ ਕਰਨੀ ਚਾਹੀਦੀ, ਪਲੀਜ਼ ਅੰਮੀ ਜਾਨ! ਪ…ਲੀ…ਜ਼!’ ਰਾਵੀਆ ਨੇ ਤਰਲੇ ਨਾਲ ਕਿਹਾ, ਸ਼ਾਇਦ ਉਸਦੇ ਮਨ ਅੰਦਰ ਕੋਈ ਉਮੀਦ ਜਾਗ ਗਈ ਸੀ।
‘ਅੱਛਾ ਤੁਸੀਂ ਦੋਨੋ ਮੂੰਹ ਬੰਦ ਰਖ਼ੀਓ, ਮੈਂ ਕੋਸ਼ਿਸ਼ ਕਰ ਦੇਖਾਂਗੀ, ਜਦੋਂ ਤੁਹਾਡੇ ਅੱਬਾ ਅੱਛੇ ਮੂਡ ਵਿਚ ਹੋਏ’।
*
ਸੈਚਰਡੇ ਨੂੰ ਉਹਨਾ ਦੇ ਅੱਬੂ ਦੀ ਮੌਰਨਿੰਗ ਸ਼ਿਫ਼ਟ ਹੀ ਹੁੰਦੀ ਸੀ ਤੇ ਉਹ ਇਕ, ਸਵਾ ਇਕ ਘਰ ਆ ਜਾਂਦਾ ਸੀ। ਖਾਣਾ ਵਾਣਾ ਖਾਣ ਤੋਂ ਬਾਦ ਅੰੰਮੀ ਨੂੰ ਨਾਲ ਲੈ ਏਸ਼ੀਅਨ ਗ੍ਰੌਸਰੀ ਸਟੋਰ ਤੋਂ ਸ਼ੌਪਿੰਗ ਵੀ ਕਰਨ ਜਾਣਾ ਹੁੰਦੈ।ਖ਼ੈਰ ਅੱਜ ਤਾਂ ਕੁਛ ਸਪੈਸ਼ਲ ਹੀ ਹੋਣ ਵਾਲਾ ਸੀ। ਉਹ ਦੋਵੇਂ ਈ ਅੰਦਰੋਂ ਡਰੀਆਂ ਹੋਈਆਂ ਸਨ, ਇਹ ਸੋਚਕੇ ਕਿ ਅੱਬੂ ਪਤਾ ਨਹੀਂ ਕਿਵੇਂ ਰੀਐਕਟ ਕਰੇਗਾ? ਵੈਸੇ ਉਨ੍ਹਾਂ ਨੂੰ ਥੋੜਾ ਤਾਂ ਅੰਦਾਜ਼ਾ ਸੀ ਕਿ ਉਸਦਾ ਰੀਐਕਸ਼ਨ ਕੀ ਹੋਣ ਵਾਲਾ। ਉਹ ਸਦਾ ਨੈਗੈਟਿਵ ਹੀ ਸੋਚਦਾ ਸੀ। ਅਲਾਹ ਤੇ ਛੋੜ ਦੇਣਾ ਹੀ ਬੇਹਤਰ ਹੈ… ਖ਼ੈਰ ਕਰੇਂਗੇ, ਆਖ
ਰੁਖ਼ਸਾਨਾ ਨੇ ਖ਼ੁਦ ਨੂੰ ਸਮਝਾਉਂਦੇ ਕਿਹਾ ਸੀ।
ਦੋ ਵਜੇ ਦੇ ਕਰੀਬ ਅੰਮੀ ਨੇ ਉਪਰ ਆ ਉਹਨਾ ਨੂੰ ਕਿਹਾ ਕਿ ਉਹ ਅੱਬੂ ਨਾਲ ਗੱਲ ਸ਼ੁਰੂ ਕਰਨਗੇ ਤੇ ਉਨ੍ਹਾਂ ਦੋਹਾਂ ਨੂੰ ਵੀ ਐਨ ਸਹੀ ਵਕਤ ਹੇਠਾਂ ਲੌਂਜ ਵਿਚ ਆ ਜਾਣਾ ਚਾਹੀਦਾ। ਬਹੁਤ ਡਰਦੇ ਨੇ ਓਹ ਅੱਬੂ ਤੋਂ। ਮੁਆਸ਼ਰੇ ਵਿਚ ਮਰਦ ਨੂੰ ਸਦਾ ਸੁਪੀਰਅਰ ਤੇ ਮਿੰਨੀ ਹਿਟਲਰ ਦਾ ਦਰਜਾ ਕਿਉਂ ਦਿਤਾ ਜਾਂਦੈ? ਰੁਖ਼ਸਾਨਾ ਦੀ ਕਦੇ ਸਮਝ ਵਿਚ ਨਹੀਂ ਸੀ ਪਿਆ। ਯੂ ਕੇ ਵਰਗੇ ਮੁਲਕ ‘ਚ ਆ ਕੇ ਤਾਂ ਸਾਨੂੰ ਕੁਛ ਨਾ ਕੁਛ ਬਦਲਣਾ ਚਾਹੀਦੈ, ਲੇਕਿਨ ਨਹੀਂ, ਅਸੀਂ ਤਾਂ ਲਕੀਰ ਦੇ ਫ਼ਕੀਰ ਆਂ… ਤਰੱਕੀ ਦੇ ਰਸਤੇ ਵਿਚ ਸਾਡੀ ਜਨੂੰਨੀ ਸੋਚ ਸਭ ਤੋਂ ਵੱਡੀ ਦੁਸ਼ਮਣ ਏ ਤੇ ਜੇ ਪਾਕਿਸਤਾਨ ਨੇ ਤਰੱਕੀ ਕਰਨੀ ਏਂ ਤਾਂ ਔਰਤ ਨੂੰ ਸਹੀ ਮਾਅਨਿਆਂ ਵਿਚ ਬਰਾਬਰੀ ਦਾ ਦਰਜਾ ਦੇਣਾ ਪੈਣਾ। ਲੇਕਿਨ ਗੁਲਾਮੀ ਦੀ ਇਸ ਜ਼ੰਜੀਰ ਤੋਂ ਔਰਤ ਨੂੰ ਖ਼ੁਦ ਨਿਜਾਤ ਪਾਉਣੀ ਪੈਣੀ, ਉਹ ਅਕਸਰ ਸੋਚਦੀ।
‘ਸਲਾਮ ਅੱਬੂ, ਤੁਸੀਂ ਠੀਕ ਹੋ?’ ਰੁਖ਼ਸਾਨਾ ਨੇ ਚੇਅਰ ਤੇ ਬੈਠਦਿਆਂ ਕਿਹਾ।
‘ਹਾਂ ਦੱਸ, ਕੀ ਚਾਹੀਦੈ? ਸ਼ੌਪਿੰਗ ਚਲਣਾ ਸਾਡੇ ਨਾਲ…? ਉਸਦੇ ਅੱਬੂ ਨੇ ਬੇਧਿਆਨੀ ਜਿਹੀ ਨਾਲ ਕਿਹਾ।
‘ਇਸ ਰਾਵੀਆ ਦੀ ਸ਼ਾਦੀ ਬਾਰੇ ਗੱਲ ਕਰਨੀ ਏਂ ਤੁਹਾਡੇ ਨਾਲ,’ ਅੰਮੀ ਨੇ ਬੜੀ ਹਿੰਮਤ ਕਰ, ਲੇਕਿਨ ਝਿਜਕਦਿਆਂ ਕਹਿ ਹੀ ਦਿੱਤਾ।
‘ਕੀ ਗੱਲ ਕਰਨੀ eਂੇ? ਅਗਲੇ ਮਹੀਨੇ ਅਸੀਂ ਪਾਕਿਸਤਾਨ ਜਾ ਤਾਂ ਰਹੇ ਆਂ… ਹੋਰ ਕੀ ਕਹਿਣੈ?’ ਅੱਬੂ ਨੇ ਕਿਹਾ।
‘ਏਹ ਪਾਕਿਸਤਾਨ ਸ਼ਾਦੀ ਨਹੀਂ ਕਰਵਾਣਾ ਚਾਹੁੰਦੀ…’ ਅੰਮੀ ਨੇ ਡਰਦਿਆਂ ਡਰਦਿਆਂ ਕਿਹਾ।
‘ਏਹਦੇ ਚਾਹਣ ਨ ਚਾਹਣ ਨਾਲ ਕੀ ਹੁੰਦਾ… ਅਸਾਂ ਜ਼ੁਬਾਨ ਦਿਤੀ ਹੋਈ ਏ, ਯਾਦ ਨਹੀਂ ਤੈਨੂੰ?’ ਅੱਬੂ ਨੇ ਅੰਮੀ ਵਲ ਘੂਰਕੇ ਦੇਖਦਿਆਂ ਜ਼ਰਾ ਕੁ ਉੱਚੀ ਆਵਾਜ਼ ਵਿਚ ਕਿਹਾ।
‘ਯਾਦ ਏ, ਲੇਕਿਨ, ਬੱਚਿਆਂ ਦੀ ਰਾਏ ਵੀ ਤਾਂ ਜ਼ਰੂਰੀ ਏ ਅੱਜ ਦੇ ਜ਼ਮਾਨੇ ਵਿਚ,’ ਅੰੰਮੀ ਨੇ ਬੜੀ ਹਿੰਮਤ ਦਿਖ਼ਾਉਂਦਿਆਂ ਕਿਹਾ।
‘ਜ਼ਮਾਨਾ ਕੀ ਕਹਿੰਦਾ ਏ… ਆਪਣੇ ਵਾਲਦਾਇਨ ਦੀ ਗੱਲ਼ ਨਾ ਮੰਨੋ… ਦੱਸ! ਤੂੰ ਕੀ ਚਾਹੁੰਦੀ ਏਂ, ਰਾਵੀਆ? ਤੈਨੂੰ ਏਹ ਰਿਸ਼ਤਾ ਮੰਨਜ਼ੂਰ ਨਈਂ? ਅੱਬੂ ਨੇ ਰਾਵੀਆ ਵੱਲ ਦੇਖਦੇ ਪੁੱਛਿਆ।
‘ਅੱਬੂ, ਬਾਜੀ ਕਜ਼ਨ ਨੂੰ ਜਾਣਦੀ ਤੱਕ ਨਹੀਂ… ਸ਼ਾਦੀ ਕਿਵੇਂ ਕਰ ਸਕਦੀ ਏ…? ਏਥੇ ਕਰਵਾਣਾ ਉਸਨੇ,’ ਰੁਖ਼ਸਾਨਾ ਨੇ ਕਿਹਾ।
‘ਤੇਰੇ ਮੂੰਹ ‘ਚ ਜ਼ੁਬਾਨ ਨਹੀਂ, ਰਾਵੀਆ…? ਇਹ ਰੁਖ਼ਸਾਨਾ ਤੇਰੀ ਵਕਾਲਤ ਕਰਨ ਲਈ ਏ?’ ਅੱਬੂ ਨੇ ਰਾਵੀਆ ਦਾ ਜਵਾਬ ਸੁਨਣ ਦੀ ਬਜਾਏ ਆਪਣਾ ਕਿਹਾ ਜਾਰੀ ਰਖਿਆ, ‘ਬਹੁਤ ਅੱਛੇ ਲੋਗ਼ ਨੇ… ਅੱਛਾ ਗੁਜ਼ਾਰਾ… ਲੜਕਾ ਖ਼ੂਬ ਜਵਾਨ ਏ ਤੇ ਆਪਣੇ ਸਗੇ ਸਾਕ ਸਬੰਧੀ ਨੇ… ਹੋਰ ਕੀ ਚਾਹੀਦਾ?’
‘ਜੀ ਅੱਬੂ, ਮੈਂ ਪਾਕਿਸਤਾਨ ਸ਼ਾਦੀ ਨਹੀਂ ਕਰਾਣੀ… ਪਲੀਜ਼,’ ਰਾਵੀਆ ਨੇ ਕਿਹਾ।
‘ਏਹ ਏਥੇ ਕਿਸੇ ਨੂੰ ਪਸੰਦ ਕਰਦੀ ਏ, ਓਹ ਵੀ ਮੁਸਲਮਾਨ ਈ ਨੇ, ਉਸਨੂੰ ਸੁਣ ਤਾਂ ਲਉ ਜ਼ਰਾ,’ ਅੰਮੀ ਨੇ ਕਿਹਾ।
ਰਾਵੀਆ ਨੇ ਬੜੇ ਹੀ ਇਤਮਿਨਾਨ ਨਾਲ ਕੈਸਰ ਬਾਰੇ ਸਭ ਕਹਿ ਸੁਣਾਇਆ। ਪਤਾ ਨਹੀਂ ਉਸ ਵਿਚ ਅਜ ਏਨੀ ਹਿੰਮਤ ਕਿਥੋਂ ਆ ਗਈ ਸੀ। ਅੱਬੂ ਬਿਨਾ ਕੁਛ ਕਹੇ ਸੁਣ ਰਹੇ ਸਨ ਤੇ ਉਹਨਾ ਦੇ ਚਿਹਰੇ ਦੇ ਉਤਰਾ ਚੜਾਅ ਸਾਫ਼ ਦਿਸ ਰਹੇ ਸਨ, ਜਿਵੇਂ ਉਹ ਕਿਸੇ ਵੀ ਵਕਤ ਐਕਸਪਲੋਡ ਹੋ ਸਕਦੇ ਸਨ।
‘ਇਕ ਬਾਤ ਹੋਰ ਏ, ਕੈਸਰ ਦੇ ਮਾਂ ਬਾਪ ਇੰਡੀਆ ਤੋਂ ਨੇ,’ ਅੰਮੀ ਨੇ ਡਰਦਿਆਂ ਡਰਦਿਆਂ ਕਹਿ ਹੀ ਦਿਤਾ।
‘ਤੈਨੂੰ ਪਤਾ ਵੀ ਏ… ਕੀ ਕਹਿ ਰਹਿ ਰਹੀ ਏਂ… ਇੰਡੀਆ ਤੋਂ ਲੜਕੇ ਨਾਲ ਸਾਡਾ ਕੀ ਮੇਲ… ਏਹ ਸੋਚਣਾ ਵੀ ਗੁਨਾਹ ਏਂ… ਬੇਵਾਕੂਫ਼ ਔਰਤ! ਪਤਾ ਨ੍ਹੀ ਤੇਰੇ ਜ਼ਿਹਨ ‘ਚ ਕੀ ਭਰਿਆ,’ ਅੱਬੂ ਅੰਮੀ ਤੇ ਚਿਲਾਏ।
‘ਕੀ ਫ਼ਰਕ ਪੈਂਦਾ ਅੱਬੂ… ਓਹ ਵੀ ਤਾਂ ਸਾਡੇ ਵਰਗੇ ਇਨਸਾਨ ਨੇ… ਨਾਲੇ ਮੁਸਲਮਾਨ ਨੇ ਓਹ… ਦੇ ਲਵ ਈਚ ਅਦਰ… ਪਲੀਜ਼ ਅੱਬੂ,’ ਰੁਖ਼ਸਾਨਾ ਨੇ ਹਿੰਮਤ ਕਰ ਕਿਹਾ।
‘ਬਕਵਾਸ ਬੰਦ ਕਰ… ਮੈਂ ਇਕ ਲ਼ਫ਼ਜ਼ ਹੋਰ ਨਹੀਂ ਸੁਨਣਾ ਚਾਹੁੰਦਾ। ਕਿੰਨੀ ਜ਼ੁਬਾਨ ਚੱਲਣ ਲਗੀ ਏ ਇਸਦੀ… ਮੈਂ ਤੈਨੂੰ ਕਿਹਾ ਸੀ ਇਸਨੂੰ ਅੱਗੇ ਨਾ ਪੜ੍ਹਾ… ਦੇਖ਼ ਕਿਵੇਂ ਦਿਮਾਗ਼ ਖ਼ਰਾਬ ਹੋਇਆ ਇਸ ਲੜਕੀ ਦਾ,’ ਅੱਬੂ ਨੇ ਚਿਲਾਉਂਦਿਆਂ ਕਿਹਾ।’ਅਸੀਂ ਕਿਸੇ ਨੂੰ ਮੂੰਹ ਦਿਖਾਣ ਜੋਗੇ ਨਹੀਂ ਰਹਾਂਗੇ… ਬਿਰਾਦਰੀ ‘ਚ ਕੀ ਇੱਜ਼ਤ ਰਹੂਗੀ ਸਾਡੀ… ਪਾਕਿਸਤਾਨੀ ਹੁੰਦਾ ਤਾਂ ਹੋਰ ਗੱਲ ਸੀ… ਓਦਾਂ ਵੀ ਇਸਦਾ ਰਿਸ਼ਤਾ ਤਾਂ ਹੋ ਚੁੱਕੈ। ਤੁਹਾਡੇ ਮਾਮੂ ਦਾ ਲੜਕਾ, ਕੋਈ ਪਰਾਇਆ ਨ੍ਹੀਂ। ਇੰਡੀਅਨ ਨਾਲ ਰਿਸ਼ਤਾ? ਨਾ ਨਾ, ਕਦੇ ਵੀ ਨ੍ਹੀਂ… ਐਸਾ ਸੋਚਣਾ ਵੀ ਮੱਤ।’
‘ਏਹਦੇ ਵਿਚ ਮੇਰੇ ਪੜ੍ਹਨ ਦਾ ਸਵਾਲ ਕਿਥੋਂ ਆਇਐ… ਜ਼ਮਾਨਾ ਬਦਲ ਚੁੱਕਾ ਏ, ਅੱਬੂ… ਹਰ ਇਕ ਨੂੰ ਆਪਣਾ ਲਾਈਫ਼ ਪਾਰਟਨਰ ਚੁਨਣ ਦਾ ਹੱਕ ਏ… ਤੁਸੀਂ ਕਿਸੇ ਨੂੰ ਫ਼ੋਰਸ ਨਹੀਂ ਕਰ ਸਕਦੇ ਉਸਦੀ ਵਿੱਲ ਦੇ ਅਗੈਂਸਟ… ਵਟਸ ਰੌਂਗ ਵਿਦ ਇੰਡੀਅਨ… ਏਹ ਨੈਰੋ ਮਾਈਂਡਡ ਗੱਲ ਏ,’ ਰੁਖ਼ਸਾਨਾ ਨੇ ਖ਼ਿੱਝਦਿਆਂ ਕਿਹਾ।
‘ਦਫ਼ਾ ਹੋ ਜਾ… ਮੇਰੀਆਂ ਨਜ਼ਰਾਂ ਤੋਂ… ਰਾਵੀਆ ਦਾ ਰਿਸ਼ਤਾ ਤੈਅ ਹੋ ਚੁੱਕੈ… ਕੋਈ ਗੱਲ ਨਹੀਂ ਕਰੇਗਾ ਅੱਜ ਤੋਂ ਬਾਦ ਇਸ ਬਾਰੇ… ਤੇ ਤੂੰ ਰਾਵੀਆ ਜੇ ਅੱਜ ਤੋਂ ਬਾਦ ਕੈਸਰ ਨੂੰ ਮਿਲੀ ਤਾਂ ਮੈਂ ਤੇਰਾ ਗਲ਼ਾ…’ ਅੱਬੂ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ ਸੀ। ‘ਤੇ ਤੇਰੇ ਮੂੰਹ ‘ਚ ਜ਼ੁਬਾਨ ਨਹੀਂ… ਕੀ ਏਹੀ ਅਕਲ ਦਿਤੀ ਏ ਆਪਣੀਆਂ ਬੇਟੀਆਂ ਨੂੰ’। ਉਹ ਬੇਚਾਰੀ ਅੰਮੀ ਤੇ ਖਾਹਮਖਾਹ ਬਰਸ ਰਹੇ ਸਨ। ਸਦਾ ਐਸਾ ਹੀ ਹੁੰਦਾ, ਸਾਰਾ ਗੁੱਸਾ ਉਸ ਗਰੀਬ ਤੇ ਨਿਕਲਦਾ। ਜ਼ਰਾ ਬੋਲੇ ਕੂਏਗੀ ਤਾਂ ਥੱਪੜ ਰਸੀਦ।
‘ਅੱਬੂ ਸਾਡੇ ਵੀ ਕੁਛ ਰਾਈਟ ਨੇ, ਤੁਸੀਂ ਫ਼ੋਰਸ ਨਈਂ ਕਰ ਸਕਦੇ ਬਾਜੀ ਨੂੰ… ਫ਼ੋਰਸਡ ਮੇਰੈਜ ਦੇ ਲਈ ਕਾਨੂੰਨ ਵੀ ਹੇਗੈ ਨੇ ਇਸ ਕੰਟਰੀ ‘ਚ… ਏਹ ਤੁਹਾਡਾ ਪਾਕਿਸਤਾਨ ਨਈਂ,’ ਰੁਖ਼ਸਾਨਾ ਨੇ ਕਿਹਾ।
‘ਤੇ ਤੂੰ ਰੋਕੇਂਗੀ ਮੈਨੂੰ… ਕਿਨਾ ਬਕਵਾਸ ਕਰਦੀ ਏ ਏਹ ਲੜਕੀ… ਬਸ ਸ਼ਟਅੱਪ ਹੋ ਜਾ ਨਈਂ ਤਾਂ…।’
‘ਨਈਂ ਤਾਂ ਕੀ… ਤੁਸੀਂ ਮੈਨੁੰ ਮਾਰੋਗੇ? ਮੈਂ ਅੰੰਮੀ ਨਹੀਂ… ਆਈ ਵਿੱਲ ਕਾਲ ਦ ਪੁਲੀਸ’ ਰੁਖ਼ਸਾਨਾ ਨੇ ਧਮਕੀ ਭਰੇ ਲਹਿਜੇ ਨਾਲ ਕਿਹਾ।
‘ਸ਼ੱਟ ਅੱਪ ਹੋ ਜਾ,’ ਉਹ ਹੋਰ ਚਿਲਾਏ ਤੇ ਰੁਖ਼ਸਾਨਾ ਦੀ ਤਰਫ਼ ਵਧੇ। ਏਨੇ ਨੂੰ ਅੰੰਮੀ ਨੇ ਆਕੇ ਉਸਦੇ ਮੂੰਹ ਤੇ ਹਲਕੀ ਜਿਹੀ ਚਪੇੜ ਜੜ੍ਹਦਿਆਂ ਕਿਹਾ, ‘ਬਹੁਤ ਬੋਲਣ ਲਗੀ ਏਂ ਤੂੰ… ਬੇਸ਼ਰਮ… ਅੱਬੂ ਅੱਗੇ ਏਦਾਂ ਬੋਲੀਦਾ… ਤਮੀਜ਼ ਈ ਨਹੀਂ ਏ, ਏਸ ਲੜਕੀ ਨੂੰ?’ ਅੰਮੀ ਨੇ ਇਸ਼ਾਰੇ ਨਾਲ ਰਾਵੀਆ ਤੇ ਰੁਖ਼ਸਾਨਾ ਦੋਹਾਂ ਨੂੰ ਉਤੇ ਚਲੇ ਜਾਣ ਕਿਹਾ। ਅੰੰਮੀ ਨੇ ਬਹਿਸ ਨੂੰ ਹੱਦ ਤੋਂ ਬਾਹਰ ਜਾਂਦਿਆਂ ਦੇਖ ਕੇ ਉਸਨੂੰ ਝਿੜਕਣਾ ਠੀਕ ਸਮਝਿਆ, ਡਰ ਗਈ ਲਗਦੀ ਸੀ ਬੇਚਾਰੀ, ਕਿਤੇ ਅੱਬੂ ਹਮੇਸ਼ਾ ਦੀ ਤਰ੍ਹਾਂ ਉਸ ਉਪਰ ਹੀ ਨਾ ਵਰ੍ਹ ਪੈਣ। ਰੁਖ਼ਸਾਨਾ ਦਾ ਮਨ ਤਾਂ ਕਰਦਾ ਸੀ ਕਿ ਖਰੀਆਂ ਖਰੀਆਂ ਸੁਣਾਵੇ, ਲੇਕਿਨ ਅੰਮੀ ਦੀ ਘਬਰਾਹਟ ਦੇਖ ਉਸਨੇ ਆਪਣੇ ਕਮਰੇ ਵਿਚ ਚਲੇ ਜਾਣਾ ਅੱਛਾ ਸਮਝਿਆ। ਅੱਬੂ ਅਵਾ ਤਵਾ ਬੋਲੀ ਜਾ ਰਹੇ ਸਨ ਤੇ ਅੰਮੀ ਮੁਆਫ਼ੀਆਂ ਮੰਗੀ ਜਾ ਰਹੀ ਸੀ। ਉਸਦਾ ਡੁੱਸਕਣਾ ਤੇਜ਼ ਹੋਈ ਜਾ ਰਿਹਾ ਸੀ ਇਸ ਲਈ ਜਾਣ ਤੋਂ ਪਹਿਲਾਂ ਡਰਪੋਕ ਰਾਵੀਆ ਨੇ ਸਮਝੌਤਾ ਕਰਨਾ ਹੀ ਠੀਕ ਸਮਝਿਆ ਤੇ ਕਿਹਾ, ‘ਨਹੀਂ ਅੱਬੂ, ਮੈਨੂੰ ਮੰਨਜ਼ੂਰ ਏ, ਤੁਸੀਂ ਜਿਥੇ ਕਹੋ… ਰੁਖ਼ਸਾਨਾ ਨੋ ਪਲੀਜ਼… ਡੌਂਟ ਸੇ ਏ ਵਰਡ।’
‘ਬੱਟ ਬਾਜੀ…?’
‘ਨੋ ਇਟਸ ਓਕੇ… ਲੈਟਸ ਗੋ… ਆਈ ਐਮ ਸੌਰੀ ਅੱਬੂ,’ ਤੇ ਉਹ ਦੋਵੇ ਭੈਣਾਂ ਉਪਰ ਆਪਣੇ ਰੂਮ ਵਿਚ ਚਲੇ ਗਈਆਂ ਸਨ।
‘ਯੂ ਆਰ ਯੂਜ਼ਲੈਸ ਬਾਜੀ… ਵਾਈ ਗਿਵ ਇਨ ਸੋ ਕੁਇਕਲੀ?’ ਰੁਖ਼ਸਾਨਾ ਨੇ ਚੇਅਰ ਤੇ ਬੈਠਦੇ ਕਿਹਾ।
‘ਹੀ ਇਜ਼ ਨੌਟ ਗੋਇੰਗ ਟੂ ਲਿਸਨ… ਮੇਰਾ ਤਾਂ ਫ਼ੈਸਲਾ ਹੋ ਚੁੱਕੈ, ਲੇਕਿਨ ਮੈਂ ਤੇਰੀ ਲਾਈਫ਼ ਰੂਈਨ ਨਈਂ ਕਰ ਸਕਦੀ, ਤੇਰਾ ਫ਼ਿਕਰ ਏ ਰੁਖ਼ਸਾਨਾ, ਕਿਤੇ ਪਾਕਿਸਤਾਨ ਲੈਜਾ ਕੇ ਤੈਨੂੰ ਵੀ ਮਜ਼ਬੂਰ ਨਾ ਕਰਨ… ਵੈਸੇ ਹੁਣ ਅੱਬੂ ਦਾ ਸਾਰਾ ਗੁੱਸਾ ਅੰੰਮੀ ਤੇ ਨਿਕਲਣੈ… ਹੀ ਇਜ਼ ਮੈਡ,’ ਰਾਵੀਆ ਨੇ ਕਿਹਾ।
‘ਮੈਂ ਤਾਂ ਕਹਿਨੀ ਆਂ, ਪੁਲੀਸ ਨੂੰ ਫ਼ੋਨ ਕਰ ਦਈਏ, ਆਹ ਤਾਂ ਮੈਂਟਲ ਟੌਰਚਰ ਆ,’ ਰੁਖ਼ਸਾਨਾ ਗੁੱਸੇ ਵਿਚ ਕੰਬ ਰਹੀ ਸੀ।
‘ਕੁਛ ਫ਼ਾਇਦਾ ਨਹੀਂ ਹੋਣਾ, ਕੈਸਰ ਤਾਂ ਫ਼ਿਰ ਵੀ ਨਹੀਂ ਮਿਲਣਾ ਤੇ ਵੈਸੇ ਵੀ ਫ਼ਿਰ ਕਿਹੜਾ ਅੱਬੂ ਨੇ ਬਦਲ ਜਾਣਾ… ਐਸਾ ਜ਼ਾਲਿਮ ਬੰਦਾ ਕਿਸੇ ਦਾ ਬਾਪ ਨਹੀਂ ਹੋਣਾ ਚਾਹੀਦਾ।’
‘ਮਰਦਾ ਵੀ ਤਾਂ ਨਹੀਂ,’ ਰੁਖ਼ਸਾਨਾ ਨੇ ਕਿਹਾ।
‘ਕੀ ਬੋਲੀ ਜਾ ਰਹੀ ਏਂ… ਬਸ ਪਲੀਜ਼ ਹੋਰ ਨਹੀਂ, ਜੋ ਮੇਰੇ ਮੁਕੱਦਰ ‘ਚ ਏ, ਉਹ ਮੈਨੂੰ ਮਿਲ ਜਾਣਾ… ਅਲ੍ਹਾ ਰਹਿਮ ਕਰੇਂਗੇ,’ ਰਾਵੀਆ ਨੇ ਕਿਹਾ ਤੇ ਉਹ ਦੋਨੋ ਕਮਰੇ ਵਿਚ ਖਿੱਲਰੀਆਂ ਪਈਆਂ ਕਿਤਾਬਾਂ ਤੇ ਕਪੜੇ ਸੰਭਾਲਣ ਵਿਚ ਮਸਰੂਫ਼ ਹੋ ਗਈਆਂ ਸਨ।