ਅਸ਼ੋਕ ਵਰਮਾ
ਮਾਨਸਾ,8 ਨਵੰਬਰ2020: ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਆਖਿਆ ਹੈ ਕਿ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ 10 ਨਵੰਬਰ ਨੂੰ ਮਜਦੂਰ ਕਿਸਾਨ ਧਰਨਿਆਂ ‘ਚ ਸ਼ਾਮਿਲ ਹੋਣਗੇ। ਮਾਨਸਾ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਮਜਦੂਰਾਂ ਦੀਆਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਖੇਤੀ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਸਮੇਤ ਭਾਜਪਾ ਦੀਆਂ ਦੇਸ਼ ਅਤੇ ਜਨਤਾ ਵਿਰੋਧੀ ਨੀਤੀਆਂ ਖਿਲਾਫ ਇੱਕ ਵੱਡਾ ਲੋਕ ਅੰਦੋਲਨ ਕੀਤਾ ਜਾਣਾ ਜਰੂਰੀ ਹੈ। ਉਹਨਾਂ ਕਿਹਾ ਕਿ ਕਿਉਂਕਿ ਨਵੇਂ ਪਾਸ ਕੀਤੇ ਖੇਤੀ ਕਾਨੂੰਨ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਮਜਦੂਰ ਛੋਟੇ ਵਪਾਰੀ , ਆਮ ਜਨਤਾ ਅਤੇ ਦੇਸ਼ ਵਿਰੋਧੀ ਕਾਨੂੰਨ ਹਨ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਭਾਵੇ ਕਿਸਾਨਾਂ ਦੇ ਹੱਕ ਦੇ ਵਿੱਚ ਮਤੇ ਪਾਸ ਕਰ ਰਹੀ ਹੈ ਅਤੇ ਕਿਸਾਨ ਪਿਆਰਾ ਦਾ ਨਾਅਰਾ ਲਗਾ ਰਹੀ ਹੈ ਪਰ ਦਲਿਤਾਂ ਬੇਜਮੀਨੇ ਗਰੀਬਾਂ ਅਤੇ ਛੋਟੇ ਕਾਰੋਬਾਰੀ ਲੋਕਾਂ ਦੇ ਬੁਨਿਆਦੀ ਮੁੱਦਿਆਂ ਉੱਤੇ ਚੁੱਪ ਧਾਰੀ ਹੋਈ ਹੈ ।ਉਹਨਾਂ ਖੱਬੇਪੱਖੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਦੇ ਖਿਲਾਫ ਇਸ ਵਿਆਪਕ ਅੰਦੋਲਨ ਦੀ ਅਗਵਾਈ ਕਰਨ। ਉਹਨਾਂ ਦੱਸਿਆ ਕਿ 10 ਨਵੰਬਰ ਨੂੰ ਜਥੇਬੰਦੀ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਮਜਦੂਰ ਕਿਸਾਨ ਧਰਨਿਆਂ ਵਿੱਚ ਸ਼ਮੂਲੀਅਤ ਕਰਨਗੇ।ਇਸ ਸਮੇਂ ਬੱਲਮ ਸਿੰਘ ਢੈਪਈ,ਗੁਲਾਬ ਸਿੰਘ ਖੀਵਾ,ਮੇਲਾ ਸਿੰਘ ਹੀਰੋ ਅਤੇ ਚਰਨਜੀਤ ਕੌਰ ਨੇ ਵੀ ਸੰਬੋਧਨ ਕੀਤਾ।