ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 7 ਨਵੰਬਰ 2020

ਅਮਰੀਕਾ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸਦੇ ਤਾਜਾ ਮਾਮਲੇ ਵਿੱਚ ਹੋਈ ਗੋਲੀਬਾਰੀ ਵਿੱਚ ਅਮਰੀਕਾ ਦੇ ਉੱਭਰ ਰਹੇ ਰੈਪਰ ਕਿੰਗ ਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਐਟਲਾਂਟਾ ਵਿੱਚ ਇੱਕ ਹੁੱਕਾ ਬਾਰ ਦੇ ਬਾਹਰ ਗੋਲੀਆਂ ਚੱਲਣ ਤੋਂ ਬਾਅਦ ਰੈਪਰ ਕਿੰਗ ਵਾਨ ਅਤੇ ਇਕ ਹੋਰ ਵਿਅਕਤੀ ਨੂੰ ਜਾਨ ਤੋਂ ਮਾਰ ਦਿੱਤਾ ਗਿਆ ਹੈ।ਇਸ ਘਟਨਾ ਦੌਰਾਨ ਐਟਲਾਂਟਾ ਦੇ ਦੋ ਪੁਲਿਸ ਅਧਿਕਾਰੀ, ਜਿਨ੍ਹਾਂ ਵਿਚੋਂ ਇੱਕ ਆਫ ਡਿਊਟੀ ਸੀ ਅਤੇ ਹੁੱਕਾ ਬਾਰ ‘ਤੇ ਕੰਮ ਕਰ ਰਿਹਾ ਸੀ, ਨੇ ਸ਼ੂਟਰਾਂ ਨਾਲ ਮੁਕਾਬਲਾ ਕੀਤਾ। ਕਿੰਗ ਵਾਨ ਜਿਸਦਾ ਅਸਲ ਨਾਮ ਡੇਵੋਨ ਬੇਨੇਟ ਹੈ ਨੂੰ ਹੋਈ ਮੁਠਭੇੜ ਦੌਰਾਨ ਗੋਲੀ ਲੱਗਣ ਤੋਂ ਬਾਅਦ ਇੱਕ ਨਿੱਜੀ ਵਾਹਨ ਰਾਹੀਂ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਅਨੁਸਾਰ ਵਾਨ ਨੂੰ ਗੋਲੀ ਦੋ ਧੜਿਆਂ ਵਿਚਕਾਰ ਪੁਲਿਸ ਦੇ ਦਖਲ ਦੇਣ ਤੋਂ ਪਹਿਲਾਂ ਹੋਈ ਲੜਾਈ ਦੌਰਾਨ ਲੱਗੀ ਸੀ। ਪੁਲਿਸ ਅਨੁਸਾਰ ਇਹ ਗੋਲੀਬਾਰੀ ਸਵੇਰੇ ਲਗਭਗ 3:20 ਵਜੇ ਮੋਨਾਕੋ ਹੁੱਕਾ ਲੌਂਜ ਦੇ ਬਾਹਰ ਦੋ ਧੜਿਆਂ ਵਿੱਚ ਹੋਈ ਬਹਿਸ ਤੋਂ ਬਾਅਦ ਸ਼ੁਰੂ ਹੋਈ ਸੀ।ਇਸ ਵਿੱਚ ਛੇ ਵਿਅਕਤੀਆਂ ਨੂੰ ਗੋਲੀ ਲੱਗੀ ਜਿਸ ਵਿੱਚ ਇੱਕ ਹੋਰ ਵਿਅਕਤੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਤਿੰਨ ਵਿਅਕਤੀਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾਂ ਦੇ ਸੰਬੰਧ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਐਟਲਾਂਟਾ ਪੁਲਿਸ ਅਨੁਸਾਰ ਜਾਂਚ ਤੋਂ ਬਾਅਦ ਇਸ ਦੀ ਪੁਸ਼ਟੀ ਹੋਵੇਗੀ ਕਿ ਅਧਿਕਾਰੀਆਂ ਦੁਆਰਾ ਵੀ ਕਿਸੇ ਨੂੰ ਗੋਲੀ ਲੱਗੀ ਸੀ ਜਾਂ ਨਹੀਂ। ਸ਼ਿਕਾਗੋ ਦੇ ਵਸਨੀਕ ਕਿੰਗ ਵਾਨ ਨੂੰ ਇੱਕ ਆਉਣ ਵਾਲੇ ਸਮੇਂ ਦਾ ਰੈਪਰ ਦੱਸਿਆ ਗਿਆ ਹੈ ਜਿਸਨੇ ਪਿਛਲੇ ਹਫ਼ਤੇ ਹੀ ਐਲਬਮ “ਵੈਲਕਮ ਟੂ ਓ ਬਲਾਕ” ਜਾਰੀ ਕੀਤੀ ਸੀ।