ਲੇਖਕ- ਸੂਜ਼ੀ, ਅਮਰੀਕਾ (Suzy, Author, USA)
ਪੰਜਾਬੀ ‘ਚ ਉਲੱਥਾ – ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’

ਆਪਣੇ ਦੇਸ਼ ਨੂੰ ਵਿਸ਼ਾਲ ਰੂਪ ਵਿਚ ਸੁਧਾਰਨ ਅਤੇ ਇਸ ਨੂੰ ਦੁਬਾਰਾ ਮਹਾਨ ਬਣਾਉਣ ਲਈ, ਇਕ ਵਧੀਆ ਨੇਤਾ ਚੁਣ ਕੇ ਸ਼ੁਰੂਆਤ ਕਰੋ। ਮੀਡੀਆ ਜਾਂ ਕਿਸੇ ਦੇ ਥਾਪੜੇ ਦੁਆਰਾ ਚਮਕਾਏ ਗਏ ਲੋਕਾਂ ਨੂੰ ਨਾ ਚੁਣੋ , ਬਲਕਿ ਉਨ੍ਹਾਂ ਦੀ ਚੋਣ ਕਰੋ ਜੋ ਉਹ ਨਹੀਂ ਚੁਣਦੇ। ਉਨ੍ਹਾਂ ਲੋਕਾਂ ਵਿਚੋਂ ਇਕ ਨੇਤਾ ਚੁਣੋ ਜੋ ਦਿਲ ਤੋਂ ਕੰਮ ਲਈ ਪ੍ਰੇਰਿਤ ਹੋਵੇ, ਇਕ ਮਨੁੱਖ ਜਿਹੜਾ ਸੜਕ ‘ਤੇ ਜਾਂਦੇ ਆਮ ਆਦਮੀ ਨੂੰ ਪਛਾਣਦਾ ਹੈ ਅਤੇ ਸਮਝਦਾ ਹੈ ਕਿ ਦੇਸ਼ ਨੂੰ ਹਰ ਪੱਧਰ ‘ਤੇ ਕਿਸ ਚੀਜ਼ ਦੀ ਜ਼ਰੂਰਤ ਹੈ। ਕਿਸੇ ਅਜਿਹੇ ਨੇਤਾ ਨੂੰ ਨਾ ਚੁਣੋ ਜੋ ਸਿਰਫ ਪੈਸੇ ਨਾਲ ਚੱਲਣ ਵਾਲਾ ਹੋਵੇ ਅਤੇ ਉਹ ਕਿਸੇ ਜਰੂਰਤ ਨੂੰ ਨਾ ਸਮਝੇ ਜਾਂ ਆਮ ਆਦਮੀ ਨੂੰ ਨਾਂ ਪਛਾਣੇ ਪਰ ਸਿਰਫ ਕਾਰਪੋਰੇਸ਼ਨਾਂ ਦੀ ਹਰ ਪੱਧਰ ਤੇ ਜ਼ਰੂਰਤ ਨੂੰ ਪੂਰਾ ਕਰੇ। ਇੱਕ ਸ਼ਾਂਤੀ ਦਾ ਪੁੰਜ ਚੁਣੋ ਜੋ ਜੋੜਦਾ ਹੋਵੇ, ਨਾ ਕਿ ਵੰਡੀਆ ਪਾਉਂਦਾ ਹੋਵੇ। । ਇੱਕ ਸਭਿਆਚਾਰਕ ਨੇਤਾ ਜੋ ਕਿ ਕਲਾ ਅਤੇ ਬੋਲਣ ਦੀ ਸੱਚੀ ਆਜ਼ਾਦੀ ਦਾ ਸਮਰਥਨ ਕਰੇ, ਸੈਂਸਰਸ਼ਿਪ ਨਹੀਂ। ਇਕ ਅਜਿਹਾ ਆਗੂ ਚੁਣੋ ਜੋ ਨਾ ਸਿਰਫ ਬੈਂਕਾਂ ਅਤੇ ਏਅਰਲਾਈਨਾਂ ਨੂੰ ਸੁਰੱਖਿਆ ਦੇਵੇ, ਬਲਕਿ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ ਗੁਆਉਣ ਜਾਂ ਨੌਕਰੀਆਂ ਲਈ ਹੋਰ ਦੇਸ਼ਾਂ ਵਿੱਚ ਜਾਣ ਤੋਂ ਬਚਾਵੇ। ਇੱਕ ਅਜਿਹਾ ਆਗੂ ਚੁਣੋ ਜੋ ਸਕੂਲਾਂ ਨੂੰ ਫੰਡ ਦੇਵੇਗਾ, ਵਿਦਿਆ ਉੱਤੇ ਖਰਚਿਆਂ ਨੂੰ ਸੀਮਿਤ ਨਹੀਂ ਕਰੇਗਾ। ਇੱਕ ਨੇਤਾ ਚੁਣੋ ਜੋ ਜੰਗ ਦੇ ਬਾਰੇ ਵਿੱਚ ਕੂਟਨੀਤੀ ਦੀ ਚੋਣ ਕਰਦਾ ਹੈ ਅਤੇ ਵਿਦੇਸ਼ੀ ਸੰਬੰਧਾਂ ਵਿਚ ਜਾਨ ਪਾਉਣ ਵਾਲਾ ਇਮਾਨਦਾਰ ਜ਼ਰੀਆ ਹੋਵੇ। ਇੱਕ ਇਮਾਨਦਾਰ ਆਗੂ ਜੋ ਉਹ ਆਪਣੀ ਸਹੀ ਗੱਲ ਰੱਖਦਾ ਹੈ ਅਤੇ ਆਪਣੇ ਲੋਕਾਂ ਨਾਲ ਝੂਠ ਨਹੀਂ ਬੋਲਦਾ। ਇਕ ਅਜਿਹਾ ਨੇਤਾ ਚੁਣੋ ਜੋ ਮਜ਼ਬੂਤ , ਭਰੋਸੇਮੰਦ ਪਰ ਬਨਿਮਰ ਹੋਵੇ ਅਤੇ ਸੂਝਵਾਨ, ਪਰ ਚਾਪਲੂਸ ਤੇ ਠੱਗ ਨਾ ਹੋਵੇ । ਇੱਕ ਅਜਿਹਾ ਨੇਤਾ ਜਿਹੜਾ ਨਸਲਵਾਦ ਨੂੰ ਨਹੀਂ, ਵਿਭਿੰਨਤਾ ਨੂੰ ਉਤਸ਼ਾਹਿਤ ਕਰਦਾ ਹੈ। ਨੇਤਾ ਜਿਹੜਾ ਕਿਸਾਨੀ, ਅਧਿਆਪਕ, ਡਾਕਟਰ ਅਤੇ ਵਾਤਾਵਰਣ ਦੀਆਂ ਜਰੂਰਤਾਂ ਨੂੰ ਸਮਝਦਾ ਹੋਵੇ ਨਾ ਕਿ ਸਿਰਫ ਸ਼ਾਹੂਕਾਰ, ਤੇਲ ਦਾ ਕੰਮ ਕਰਨ ਵਾਲੇ, ਹਥਿਆਰ ਬਣਾਉਣ ਵਾਲੇ, ਜਾਂ ਬੀਮਾ ਅਤੇ ਫਾਰਮਾਸਿਉਟੀਕਲ ਲਾਬਿਸਟ ਦਾ ਪੱਖ ਪੂਰੇ। ਇਕ ਅਜਿਹਾ ਆਗੂ ਚੁਣੋ ਜੋ ਤੁਹਾਡੇ ਦੇਸ਼ ਵਿਚ ਨੌਕਰੀਆਂ ਪੈਦਾ ਕਰੇ ਅਤੇ ਕੰਪਨੀਆਂ ਨੂੰ ਸਿਰਫ ਉਨ੍ਹਾਂ ਦੇ ਦਾਇਰੇ ਵਿੱਚ ਰਹਿਣ ਦੀ ਪੇਸ਼ਕਸ਼ ਕਰੇ ਨਾਂ ਕਿ ਰਾਸ਼ਟਰੀ ਰੁਜ਼ਗਾਰ ਸੰਕਟ ਹੋਣ ਤੇ ਕਾਰਪੋਰੇਸ਼ਨਾਂ ਨੂੰ ਸਸਤੀ ਕਿਰਤ ਲਈ ਨੌਕਰੀਆਂ ਆਉਟਸੋਰਸ ਕਰਨ ਦੀ ਆਗਿਆ ਦਿੰਦਾ ਹੋਵੇ। ਇੱਕ ਅਜਿਹਾ ਨੇਤਾ ਚੁਣੋ ਜੋ ਪੁਲਾਂ ਦੀ ਉਸਾਰੀ ਵਿੱਚ ਨਿਵੇਸ਼ ਕਰੇਗਾ, ਨਾ ਕਿ ਦੀਵਾਰਾਂ ਲਈ, ਕਿਤਾਬਾਂ ਲਈ ਹਥਿਆਰ ਲਈ ਨਹੀਂ, ਭ੍ਰਿਸ਼ਟਾਚਾਰ ਦੀ ਥਾਂ ਨੈਤਿਕਤਾ, ਅਗਿਆਨਤਾ ਦੀ ਜਗ੍ਹਾ ਬੌਧਿਕਤਾ ਅਤੇ ਸਿਆਣਪ, ਨਾ ਡਰ ਅਤੇ ਦਹਿਸ਼ਤ, ਹਫੜਾ-ਦਫੜੀ ਨਾਲੋਂ ਸ਼ਾਂਤੀ ਨੂੰ ਪਹਿਲ ਦੇਵੇ। ਇਸਦੇ ਨਾਲ ਹੀ ਪਿਆਰ ਕਰੇ ਨਫ਼ਰਤ ਨਹੀਂ, ਪਰਿਵਰਤਨ ਪਰ ਅਲੱਗ ਨਹੀਂ,ਸਹਿਣਸ਼ੀਲਤਾ ਕਰੇ ਵਿਤਕਰਾ ਨਹੀਂ, ਨਿਰਪੱਖਤਾ ਕਰੇ ਪਖੰਡ ਨਹੀਂ , ਚਰਿੱਤਰ ਵਾਲਾ ਹੋਵੇ ਅਪਵਿੱਤਰ ਨਹੀਂ,ਪਾਰਦਰਸ਼ਤਾ ਦਿਖਾਵੇ ਗੁਪਤਤਾ ਨਹੀਂ ਅਤੇ ਨਿਆਂ ਕਰੇ ਕੁਧਰਮ ਨਹੀਂ । ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਮਹਾਨ ਨੇਤਾ ਨੂੰ ਪਹਿਲਾਂ ਬਹੁਤੇ ਰਾਸ਼ਟਰੀ ਕਾਰਪੋਰੇਸ਼ਨਾਂ ਦੀ ਨਹੀਂ, ਲੋਕਾਂ ਦੇ ਭਲੇ ਦੀ ਸੇਵਾ ਕਰਨੀ ਚਾਹੀਦੀ ਹੈ। ਮਨੁੱਖੀ ਜੀਵਨ ਨੂੰ ਕਦੇ ਵੀ ਮੁਦਰਾ ਲਾਭ ਲਈ ਕੁਰਬਾਨ ਨਹੀਂ ਕੀਤਾ ਜਾਣਾ ਚਾਹੀਦਾ ਇਸ ਵਿੱਚ ਕੋਈ ਅਪਵਾਦ ਨਹੀਂ ਹੈ। ਇਸ ਤੋਂ ਇਲਾਵਾ, ਇਕ ਨੇਤਾ ਹਮੇਸ਼ਾਂ ਆਲੋਚਨਾ ਕਰਨ ਲਈ ਖੁੱਲਾ ਹੋਣਾ ਚਾਹੀਦਾ ਹੈ, ਮਤਭੇਦਾਂ ਨੂੰ ਚੁੱਪ ਕਰਾਉਣ ਲਈ ਨਹੀਂ। ਕੋਈ ਵੀ ਆਗੂ ਜਿਹੜਾ ਲੋਕਾਂ ਦੀ ਆਲੋਚਨਾ ਨੂੰ ਬਰਦਾਸ਼ਤ ਨਹੀਂ ਕਰਦਾ ਹੈ, ਆਪਣੇ ਗੰਦੇ ਹੱਥਾਂ ਨਾਲ ਭਾਰੀ ਰੌਸ਼ਨੀ ਦੇ ਸਾਮ੍ਹਣੇ ਆਉਣ ਤੋਂ ਡਰਦਾ ਹੈ ਅਤੇ ਅਜਿਹਾ ਆਗੂ ਹੀ ਖ਼ਤਰਨਾਕ ਹੈ, ਕਿਉਂਕਿ ਉਹ ਸਿਰਫ ਹਨੇਰੇ ਵਿੱਚ ਸੁਰੱਖਿਅਤ ਮਹਿਸੂਸ ਕਰਦਾ ਹੈ। ਸਿਰਫ ਇੱਕ ਨੇਤਾ ਜੋ ਭ੍ਰਿਸ਼ਟਾਚਾਰ ਤੋਂ ਮੁਕਤ ਹੈ ਪੜਤਾਲ ਦਾ ਸਵਾਗਤ ਕਰਦਾ ਹੈ, ਕਿਉਂਕਿ ਪੜਤਾਲ ਇੱਕ ਚੰਗੇ ਨੇਤਾ ਨੂੰ ਵਧੀਆ ਲੀਡਰ ਬਣਨ ਦੀ ਆਗਿਆ ਦਿੰਦੀ ਹੈ। ਅੰਤ ਵਿੱਚ, ਇੱਕ ਅਜਿਹਾ ਨੇਤਾ ਚੁਣੋ ਜੋ ਨਾਗਰਿਕਾਂ ਨੂੰ ਮਾਣ ਦਿਵਾਏਗਾ। ਉਹ ਜੋ ਲੋਕਾਂ ਦੇ ਦਿਲਾਂ ਨੂੰ ਰੋਸ਼ਨ ਕਰੇਗਾ, ਤਾਂ ਜੋ ਕਿਸੇ ਕੌਮ ਦੇ ਬੇਟੇ ਅਤੇ ਧੀਆਂ ਆਪਣੇ ਨੇਤਾ ਦੀ ਮਹਾਨਤਾ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਨ। ਇੱਕ ਰਾਸ਼ਟਰ ਸੱਚਮੁੱਚ ਉਦੋਂ ਮਹਾਨ ਹੋਵੇਗਾ, ਜਦੋਂ ਇੱਕ ਲੀਡਰ ਭਵਿੱਖ ਦੇ ਨੇਤਾ, ਫੈਸਲਾ ਲੈਣ ਵਾਲੇ ਅਤੇ ਸ਼ਾਂਤੀ ਨਿਰਮਾਤਾ ਬਣਨ ਦੇ ਯੋਗ ਨਾਗਰਿਕਾਂ ਨੂੰ ਪ੍ਰੇਰਿਤ ਅਤੇ ਪੈਦਾ ਕਰਦਾ ਹੈ ਅਤੇ ਇਸ ਸਮੇਂ ਵਿਚ, ਇਕ ਮਹਾਨ ਨੇਤਾ ਬਹੁਤ ਬਹਾਦਰ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਲੀਡਰਸ਼ਿਪ ਨੂੰ ਰਿਸ਼ਵਤ ਦੀ ਬਜਾਏ ਸਿਰਫ ਉਨ੍ਹਾਂ ਦੀ ਜ਼ਮੀਰ ਦੁਆਰਾ ਚਲਾਇਆ ਜਾਣਾ ਚਾਹੀਦਾ ਹੈ।