ਅੰਮ੍ਰਿਤਸਰ (ਵਰਿੰਦਰ ਸਿੰਘ ਖੁਰਮੀ, ਪੰਜ ਦਰਿਆ ਬਿਊਰੋ)
ਪਿਛਲੇ ਕਰੀਬ 25 ਸਾਲ ਤੋਂ ਸਮਾਜ ਸੇਵਾ ਦੇ ਖੇਤਰ ‘ਚ ਸੇਵਾ ਨਿਭਾ ਰਹੇ ਈਡੀਅਟ ਕਲੱਬ ‘ਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਫ਼ਿਲਮੀ ਕਲਾਕਾਰ ਅਤੇ ਈਡੀਅਟ ਕਲੱਬ ਪੰਜਾਬ ਦੇ ਪ੍ਰਧਾਨ ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਨੇ ਦਿੰਦਿਆਂ ਦੱਸਿਆ ਕਿ ਉਹ ਪਿਛਲੇ 23 ਸਾਲ ਤੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੇ ਹਨ ਅਤੇ ਉਹਨਾਂ ਦੇ ਕਲੱਬ ਦੇ ਨਾਲ ਬਹੁਤ ਨਾਮੀ ਹਸਤੀਆਂ ਜੁੜੀਆਂ ਹੋਈਆਂ ਹਨ। ਰਿਖੀ ਨੇ ਦੱਸਿਆ ਕਿ ਕੇ ਐਸ ਪਾਰਸ ਜੋਕਿ ਬੀਤੇ ਲੰਬੇ ਸਮੇਂ ਤੋਂ ਕਲੱਬ ਦੇ ਚੇਅਰਮੈਨ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਸਨ,ਉਹਨਾਂ ਨੂੰ ਈਡੀਅਟ ਕਲੱਬ ਦਾ ਸਰਪ੍ਰਸਤ ਬਣਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪਦਮ ਭੂਸ਼ਣ ਸਵਰਗੀ ਜਸਪਾਲ ਭੱਟੀ ਦੇ ਚਚੇਰੇ ਭਰਾ ਅਤੇ ਫ਼ਿਲਮੀ ਕਲਾਕਾਰ ਅਰਵਿੰਦਰ ਭੱਟੀ ਨੂੰ ਈਡੀਅਟ ਕਲੱਬ ਦੇ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਕਲੱਬ ਦੇ ਸਰਪ੍ਰਸਤ ਕੇ ਐਸ ਪਾਰਸ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਇਕ ਅਜਿਹੀ ਨਿਰੋਲ ਸਮਾਜਿਕ ਸੰਸਥਾ ਦੇ ਮੁਖੀ ਵਜੋਂ ਨਿਯੁਕਤ ਕੀਤੇ ਗਏ ਹਨ ਜੋਕਿ ਬੀਤੇ ਸਮੇਂ ਵਿਚ ਆਪਣੇ ਸਮਾਜਿਕ ਕੰਮਾਂ ਲਈ ਪੂਰੀ ਦੁਨੀਆਂ ਵਿਚ ਨਾਮਣਾ ਖੱਟ ਚੁੱਕੀ ਹੈ। ਪਾਰਸ ਨੇ ਕਿਹਾ ਕਿ ਅਰਵਿੰਦਰ ਭੱਟੀ ਹੋਰਾਂ ਦੀ ਕਲੱਬ ਵਿਚ ਆਮਦ ਸਾਨੂੰ ਸਮਾਜ ਸੁਧਾਰ ਦੇ ਕੰਮਾਂ ਲਈ ਹੋਰ ਜ਼ਿਆਦਾ ਉਤਸ਼ਾਹਿਤ ਕਰੇਗੀ ਅਤੇ ਅਸੀਂ ਸਾਰੇ ਮਿਲਜੁਲ ਕੇ ਇਕ ਵਧੀਆ ਸਮਾਜ ਦੀ ਸਿਰਜਣਾ ਕਰਨ ਲਈ ਕੰਮ ਕਰਾਂਗੇ। ਅਰਵਿੰਦਰ ਭੱਟੀ ਹੋਰਾਂ ਨੇ ਕਿਹਾ ਕਿ ਉਹ ਕਲੱਬ ਦੇ ਫਾਊਂਡਰ ਪ੍ਰਧਾਨ ਤੇ ਫ਼ਿਲਮੀ ਕਲਾਕਾਰ ਰਾਜਿੰਦਰ ਰਿਖੀ ਦੇ ਤਹਿ ਦਿਲੋਂ ਧੰਨਵਾਦੀ ਹਨ ਜਿੰਨਾਂ ਨੇ ਉਹਨਾਂ ਨੂੰ ਇੰਨਾ ਮਾਣ ਬਖਸ਼ਿਆ ਅਤੇ ਮੈਂ ਕਲੱਬ ਦੀ ਪੂਰੀ ਟੀਮ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਲੋਕ ਸੇਵਾ ਲਈ ਤਨ ਮਨ ਦੇ ਨਾਲ ਪੂਰੀ ਮੇਹਨਤ ਤੇ ਲਗਨ ਨਾਲ ਕੰਮ ਕਰਾਂਗਾ।