14.8 C
United Kingdom
Monday, June 8, 2026

More

    ਖੇਤੀ ਕਾਨੂੰਨਾਂ ਨੇ ਦਿੱਤੀ ਨੱਚਣ ਟੱਪਣ ਦੀ ਉਮਰੇ ਸੰਘਰਸ਼ਾਂ ਦੀ ਗੁੜ੍ਹਤੀ

    ਬਚਪਨ ਦੀ ਜੁਬਾਨ ‘ਤੇ ਆਈਆਂ ਇਨਕਲਾਬ ਦੀਆਂ ਗੱਲਾਂ
    ਅਸ਼ੋਕ ਵਰਮਾ
    ਬਠਿੰਡਾ, 5ਨਵੰਬਰ2020: ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨ ਮਜਦੂਰ ਪ੍ਰੀਵਾਰਾਂ ਦੇ ਬੱਚਿਆਂ ’ਚ ਸੰਘਰਸ਼ ਦੀ ਜਾਗ ਲਾ ਦਿੱਤੀ ਹੈ। ਔਰਤਾਂ ਵੱਲੋ ਸੰਘਰਸ਼ ਦੇ ਰਾਹ ਤੁਰਨ ਤੋਂ ਬਾਅਦ ਹੁਣ ਬੱਚਿਆਂ ਸਬੰਧੀ ਇਹ ਨਵੇਂ ਤੱਥ ਸਾਹਮਣੇ ਆਏ ਹਨ। ਹਾਲਾਂਕਿ ਕਿਸਾਨ ਸੰਘਰਸ਼ਾਂ ’ਚ ਖੁਦਕਸ਼ੀ ਪੀੜਤ ਪ੍ਰੀਵਾਰਾਂ ਦੇ ਬੱਚੇ ਵੀ ਸ਼ਾਮਲ ਹੁੰਦੇ ਰਹੇ ਹਨ ਪਰ ਐਤਕੀਂ ਅਜਿਹੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਵਾਲੇ ਬੱਚਿਆਂ ਨੇ ਵੀ ਝੰਡਾ ਚੁੱਕ ਲਿਆ ਹੈ। ਵੱਡੀ ਗਿਣਤੀ  ’ਚ ਛੋਟੀ ਉਮਰ ਵਾਲੇ ਬੱਚੇ ਕੰਡਿਆਲੇ ਰਾਹਾਂ ਦੇ ਪਾਂਧੀ ਬਣ ਗਏ ਹਨ। ਲਹਿਰਾ ਬੇਗਾ ਟੋਲ ਪਲਾਜੇ ਤੇ ਲਾਏ ਜਾਮ ਦੌਰਾਨ ਸਕੂਲਾਂ ’ਚ ਪੜਦੇ ਬੱਚਿਆਂ ਨੇ ਅੱਜ ਇਨਕਲਾਬ ਦੀਆਂ ਗੱਲਾਂ ਕੀਤੀਆਂ ਜੋ ਦੰਗ ਕਰਨ ਵਾਲੀਆਂ ਹਨ। ਬੱਚਿਆਂ ਨੂੰ ਇਹ ਸਮਝ ਆ ਗਈ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੀ ਵਰਤਾਰਾ ਵਰਤਾਇਆ ਹੈ। ਵਕਤ ਦੀ ਗਰਦਿਸ਼ ਨੇ ਨਾਂ ਕੇਵਲ ਇਹਨਾਂ ਬੱਚਿਆਂ ਨੂੰ ਅੰਦੋਲਨ  ਦੀਆਂ ਜਰਬਾਂ ਤਕਸੀਮਾਂ ਸਿਖਾ ਦਿੱਤੀਆਂ ਹਨ ਬਲਕਿ ਖੇਤੀ ਜਮੀਨਾਂ ਬਚਾਉਣ ਲਈ ਇਹਨਾਂ ਨੇ ਭਵਿੱਖ ਦੀ ਲੜਾਈ ਲਈ ਤਿਆਰ ਹੋਣਾ ਸ਼ੁਰੂ ਕਰ ਦਿੱਤਾ ਹੈ।
                             ਅੱਜ ਲਹਿਰਾ ਟੋਲ ਬੈਰੀਅਰ ਤੇ ਛੇਵੀਂ ਕਲਾਸ ’ਚ ਪੜ੍ਹ ਰਹੀ ਬੱਚੀ ਹਰਮਨਪ੍ਰੀਤ ਕੌਰ ਆਪਣੀ ਦਾਦੀ ਨਾਲ ਆਈ ਸੀ। ਬਿਰਧ ਦਾਦੀ ਪਿਛਲੇ ਕਾਫੀ ਦਿਨਾਂ ਤੋਂ ਧਰਨਿਆਂ ’ਚ ਸ਼ਾਮਲ ਹੋ ਰਹੀ । ਹਰਮਨਪ੍ਰੀਤ ਜਾਣ ਗਈ ਹੈ ਕਿ ਕਿਸਾਨਾਂ ਦੇ ਵਿਹੜ੍ਹਿਆਂ ’ਚ ਸੁੱਖ ਨਹੀਂ ਹੈ। ਉਹ ਆਖਦੀ ਹੈ ਕਿ ਜੇ ਅਣਖ ਨਾਲ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ। ਸਕੂਲੀ ਬੱਚਾ ‘ਅਦੀਬ’  ਪਿਛਲੇ ਕਈ ਵਰਿਆਂ ਕੰਮ ਤੋਂ ਕਿਸਾਨ ਮਜਦੂਰ ਧਰਨਿਆਂ ‘ਚ ਸ਼ਾਮਲ ਹੁੰਦਾ ਆ ਰਿਹਾ ਹੈ। ਅਦੀਬ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ ਦਾ ਪੁੱਤਰ ਹੈ ਜੋਕਿ ਕਿਸਾਨ ਪ੍ਰੀਵਾਰਾਂ ਨੂੰ ਲਾਮਬੰਦ ਕਰ ਰਹੀ ਹੈ। ਇਸ ਬੱਚੇ ਨੂੰ ਲੋਕ ਪੱਖੀ ਸੋਚ ਵਿਰਸੇ ‘ਚ ਪ੍ਰਾਪਤ ਹੋਈ ਹੈ । ਅਦੀਬ ਦਾ ਕਹਿਣਾ ਸੀ ਕਿ ਸਰਕਾਰਾਂ ਧਨਾਢ ਤੇ ਸਾਮਰਾਜ ਪੱਖੀ ਹੋ ਗਈਆਂ ਹਨ। ਇਸ ਲਈ ਕਿਸਾਨ ਮਜਦੂਰ ਤੇ ਬਾਕੀ ਵਰਗ ਮਿਲਕੇ ਲੜਾਈ ਲੜਨਗੇ ਤਾਂ ਹੀ ਸਾਮਰਾਜੀ ਹੱਲਿਆਂ ਨੂੰ ਠੱਲ੍ਹ ਪੈ ਸਕੇਗੀ ਨਹੀਂ ਤਾਂ ਸਰਕਾਰ ਨੇ ਕਿਸਾਨਾਂ ਨੂੰ ਪੈਲੀਆਂ ਚੋਂ ਦੇਸ਼ ਨਿਕਾਲਾ ਦੇਣਾ ਤੈਅ ਕਰ ਲਿਆ ਹੈ।
               ਪਿੰਡ ਤੁੰਗਵਾਲੀ ਦੇ ਕਰਨਵੀਰ ਅਤੇ ਸ਼ਰਨਵੀਰ  ਵੀ ਛੋਟੀ ਉਮਰ ‘ਚ ਸੰਘਰਸ਼ਾਂ ਦੇ ਪੂਰੀ ਤਰਾਂ ਮਾਇਨੇ ਜਾਨਣ ਲੱਗੇ ਹਨ। ਦੋਵੇਂ ਨਾਅਰਿਆਂ ਦੀ ਸੋਝੀ ਵੀ ਰਖਦੇ ਹਨ। ਉਹਨਾਂ ਆਖਿਆ ਕਿ ਤਾਜਾ ਖੇਤੀ ਸੰਕਟ ਉਹਨਾਂ ਲਈ ਵੀ ਵੱਡਿਆਂ ਜਿੰਨਾਂ ਹੀਵੱਡਾ ਹੈ। ਉਹ ਆਖਦੇ ਹਨ ਕਿ ਜੇਕਰ ਜਮੀਨਾਂ ਹੀ ਨਾਂ ਰਹੀਆਂ ਤਾਂ ਕਿਸਾਨ ਤਬਾਹ ਹੋ ਜਾਣਗੇ ਜਿਸ ਦਾ ਹੱਲ ਕੱਢਣ ਲਈ ਸਭ ਨੂੰ ਅੱਗੇ ਆਉਣਾ ਪੈਣਾ ਹੈ। ਦਾਦੀ ਨਾਲ ਧਰਨੇ ਆਏ ਅਰਮਾਨ ਅਤੇ ਉਸ ਦੀ ਭੈਣ ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਅੰਤ ਨੂੰ ਜਿੱਤ ਤਾਂ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਦੀ ਹੋਣੀ ਹੈ । ਬੱਚਿਆਂ ਨੇ ਆਖਿਆ ਕਿ ਮੋਦੀ ਸਰਕਾਰ ਕੰਧ ਤੇ ਲਿਖਿਆ ਪੜ੍ਹੇ ਕਿਉਂਕਿ ਪੰਜਾਬੀਆਂ ਨਾਲ ਟੱਕਰ ਹਕੂਮਤ ਨੂੰ ਮਹਿੰਗੀ ਪੈਣੀ ਹੈ। ਮਾਲਵੇ ‘ਚ ਅਜਿਹੇ ਬੱਚਿਆਂ ਦੀ ਗਿਣਤੀ ਕਾਫੀ ਹੈ ਜਿਹਨਾਂ ਦੇ ਚਾਅ ਮਲਾਰ ਇਸ ਖੇਤੀ ਸੰਕਟ ਵਾਲੇ ਚੱਕਰਵਿਊ ’ਚ ਫਸਣ ਦਾ ਖਤਰਾ ਬਣ ਗਿਆ ਹੈ।
                             ਪਿੰਡ ਕੋਟੜਾ ਕੌੜਿਆਂ ਵਾਲਾ ਦੇ ਬੱਚਿਆਂ ਜਗਤ ਤੇ ਲਛਮਣ ਨੇ ਨੇ ਕਈ ਵਰੇ ਪਹਿਲਾਂ  ਕਿਸਾਨੀ ਸੰਕਟ ਦਾ ਦਰਦ ਗੀਤਾਂ ਰਾਹੀਂ ਲੋਕਾਂ ਸਾਹਮਣੇ ਲਿਆਂਦਾ ਸੀ ਤੇ ਹੁਣ ਵੀ ਉਹ ਇਸ ਰਾਹ ਤੇ ਤੁਰਦੇ ਹਨ। ਵਾੜਾ ਭਾਈਕਾ ਦੀਆਂ ਦੋ ਬੱਚੀਆਂ ਹਰਮਨਪ੍ਰੀਤ ਤੇ ਸੁਖਮਨਪ੍ਰੀਤ ਮੌਜੂਦਾ ਹਾਲਾਤਾਂ ਨੂੰ ਲੋਕਾਂ ਸਾਹਮਣੇ ਰੱਖਦੀਆਂ ਹਨ ਤਾਂ ਸੁਨਣ ਵਾਲਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਪਿੰਡ ਜੇਠੂਕੇ ਦੀ ਬੱਚੀ ਅਮਨਦੀਪ ਕੌਰ ਵੀ ਹੁਣ ਸੰਘਰਸ਼ ਵਾਲੇ ਕੰਡਿਆਲੇ ਰਾਹਾਂ ‘ਤੇ ਚੱਲਣ ਦੀ ਜਾਂਚ ਸਿੱਖ ਗਈ ਹੈ। ਉਹ ਤਾਂ ਕਈ ਵਾਰ ਸੰਘਰਸ਼ ‘ਚ ਸ਼ਾਮਲ ਹੋਣ ਲਈ ਸਕੂਲੋਂ ਛੁੱਟੀ ਲੈ ਲੈਂਦੀ ਸੀ।  ਸਕੂਲੀ ਬੱਚੇ ਜਸਪ੍ਰੀਤ ਨੇ ਕਿਹਾ ਕਿ ਵਕਤ ਨੇ ਉਹਨਾਂ ਨੂੰ ਹਕੂਮਤ ਦੀ ਚਾਲ ਢਾਲ ਦੀ ਸਮਝਾ ਸਿਖਾ ਦਿੱਤੀ ਹੈ। ਉਸ ਨੇ ਬੜੇ ਜਜਬੇ ਨਾਲ ਆਖਿਆ ਕਿ ਜਦੋਂ ਅੰਗਰੇਜ ਨਹੀਂ ਰਹੇ ਜਿਹਨਾਂ ਦੇ ਰਾਜ ’ਜ ਸੂਰਜ ਨਹੀਂ ਡੁੱਬਦਾ ਸੀ ਤਾਂ ਇਹ ਕੀ ਗੱਲ ਹੈ। ਉਸ ਨੇ ਆਖਿਆ ਕਿ ਉਹ ਇਸ ਕਾਲੀ ਬੋਲੀ ਰਾਤ ਨੂੰ ਖਤਮ ਕਰਕੇ ਹੱਕ ਸੱਚ ਦੇ ਸੂਰਜ ਨੂੰ ਸਲਾਮ ਕਰਨਗੇ।

    ਸਰਕਾਰ ਤੋਂ ਹਿਸਾਬ ਲੈਣਾ ਚਾਹੁੰਦੇ ਬੱਚੇ
    ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਲੁਟਾਉਣ ਦਾ ਰਾਹ ਪੱਧਰਾ ਕਰਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ। ਉਹਨਾਂ ਆਖਿਆ ਕਿ ਬਚਪਨ ਖੇਤਾਂ ਦੀ ਲਿਖੀ ਗਈ ਹੋਣੀ ਬਾਰੇ ਜਾਣ ਗਿਆ ਹੈ ਤਾਂ ਹੀ ਉਹ ਮੋਦੀ ਸਰਕਾਰ ਨਾਲ ਹਿਸਾਬ ਕਿਤਾਬ ਕਰਨਾ ਚਾਹੁੰਦੇ ਹਨ। ਉਹਨਾਂ ਆਖਿਆ ਕਿ ਸਕੂਲਾਂ ‘ਚ ਪੜਦੇ ਵੱਡੀ ਗਿਣਤੀ ’ਚ ਬੱਚੇ ਪਹਿਲਾਂ ਵੀ ਸੰਘਰਸ਼ਾਂ ’ਚ ਸ਼ਾਮਲ ਹੁੰਦੇ ਹਨ ਪਰ ਐਤਕੀ ਤਾਂ ਗਿਣਤੀ ਹੋਰ ਵੀ ਵਧ ਗਈ ਹੈ। ਉਹਨਾਂ ਆਖਿਆ ਕਿ ਤਾਜਾ ਹੱਲਿਆਂ ਨੇ ਵੀ ਨਵੀਂ ਪਨੀਰੀ ਨੂੰ ਸੰਘਰਸ਼ੀ ਗੁੜ੍ਹਤੀ ਦਿੱਤੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!