
ਖੂਨਦਾਨ-ਮਹਾਂ ਦਾਨ-ਬਚਾਏ ਮਰੀਜਾਂ ਦੀ ਜਾਨ
ਔਕਲੈਂਡ, 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) -ਮੈਡੀਕਲ ਸੇਵਾਵਾਂ ਅਤੇ ਕਰੋਨਾ ਵਾਇਰਸ ਦੇ ਮਰੀਜਾਂ ਨੂੰ ਧਿਆਨ ਵਿਚ ਰੱਖਦਿਆਂ ਅੱਜ ਖੂਨਦਾਨ ਇਕ ਮਹਾਂਦਾਨ ਦੇ ਰੂਪ ਵਿਚ ਸਾਬਿਤ ਹੋ ਰਿਹਾ ਹੈ। ਕਰੋਨਾ ਦੇ ਮਰੀਜਾਂ ਦੇ ਲਈ ਪਲਾਜ਼ਮਾ ਵੀ ਕਾਫੀ ਮਹੱਤਵਪੂਰਨ ਹੈ। ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’ ਵੱਲੋ ‘ਔਕਲੈਂਡ ਕੋ-ਆਪਰੇਟਿਵ ‘ਟੈਕਸੀ ਸੁਸਾਇਟੀ’ ਦੇ ਸਹਿਯੋਗ ਨਾਲ ਬੀਤੇ ਕੱਲ੍ਹ ਵਿਸਾਖੀ ਨੂੰ ਸਮਰਪਿਤ ਖੂਨ ਦਾਨ ਕੈਂਪ ਦਾ ਆਯੋਜਨ ‘ਮੈਨੁਕਾਓ ਬਲੱਡ ਡੋਨਰ ਸੈਂਟਰ’ ਵਿਖੇ ਕੀਤਾ ਗਿਆ। ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇ ਇਸ ਖੂਨਦਾਨ ਕੈਂਪ ਦੇ ਵਿਚ 51 ਯੂਨਿਟ ਖੂਨਦਾਨ ਕੀਤਾ ਗਿਆ ਜੋ ਕਿ ਬਲੱਡ ਡੋਨਰ ਸੈਂਟਰ ਦੇ ਸਿਹਤ ਸਟਾਫ ਨੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸੁਰੱਖਿਅਤ ਕਰ ਲਿਆ। ‘ਇੰਡੋ ਸਪਾਈਸ ਵਰਲਡ’ ਵੱਲੋਂ ਸਾਰੇ ਖੂਨ ਦਾਨੀ ਸੱਜਣਾਂ ਨੂੰ ਫਰੂਟ ਸਮੂਥੀਜ ਅਤੇ ਹੋਰ ਖਾਣ-ਪੀਣ ਦਾ ਸਾਮਾਨ ਉਪਲਬਧ ਕਰਵਾਇਆ ਗਿਆ। ਬਹੁਤ ਸਾਰੇ ਦਾਨੀ ਸੱਜਣਾਂ ਨੂੰ ਇਸ ਕਰਕੇ ਵਾਪਿਸ ਵੀ ਮੁੜਨਾ ਪਿਆ ਕਿਉਂਕ ਲਾਕ ਡਾਊਨ ਨਿਯਮਾਂ ਦੇ ਅਨੁਸਾਰ ਜਿੱਥੇ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਪੈਣੀ ਸੀ ਉਥੇ ਜਿਆਦਾ ਗਿਣਤੀ ਦੇ ਵਿਚ ਲੋਕਾਂ ਦੇ ਇਕੱਤਰ ਹੋਣ ਉਤੇ ਵੀ ਪਾਬੰਦੀ ਲੱਗੀ ਹੋਈ ਸੀ। ਦਾਨੀ ਸੱਜਣ ਦੇ ਵਿਚ ਟੈਕਸੀ ਡ੍ਰਾਈਵਰ, ਮੀਡੀਆ ਕਰਮੀ, 10/7 ਸਕਿਊਰਿਟੀ ਕੰਪਨੀ, ਮਾਲਵਾ ਕਲੱਬ ਮੈਂਬਰਜ਼ ਅਤੇ ਪਰਿਵਾਰਕ ਮੈਂਬਰ, ਧਾਰਮਿਕ ਤੇ ਰਾਜਨੀਤਿਕ ਲੋਕ ਸ਼ਾਮਿਲ ਰਹੇ। ਮਾਲਵਾ ਕਲੱਬ ਤੋਂ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਨੇ ਸਮੁੱਚੇ ਮੈਂਬਰਾਂ ਅਤੇ ਔਕਲੈਂਡ ਕੋਆਪ ਟੈਕਸੀ ਸੁਸਾਇਟੀ ਦੀ ਤਰਫ ਤੋਂ ਸਾਰੇ ਦਾਨੀ ਸੱਜਣਾਂ, ਸਹਿਯੋਗੀ ਸੱਜਣਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਦਿਹਾੜੇ ਮੌਕੇ ਮਨੁੱਖਤਾ ਦੀ ਭਲਾਈ ਲਈ ਕੁਝ ਚੰਗਾ ਕੰਮ ਹੋ ਸਕਿਆ।