ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ), 3 ਨਵੰਬਰ 2020
ਫਰਿਜ਼ਨੋ ਵਿੱਚ ਵਾਇਰਸ ਦੇ ਕੇਸਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਕੈਲੀਫੋਰਨੀਆਂ ਦੇ ਪਬਲਿਕ ਹੈਲਥ ਵਿਭਾਗ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਫਰਿਜ਼ਨੋ ਕਾਉਂਟੀ ਨੇ ਕੋਵਿਡ-19 ਦੇ 55 ਨਵੇਂ ਕੇਸ ਦਰਜ਼ ਕੀਤੇ ਹਨ ਜਿਸ ਨਾਲ ਮਾਰਚ ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇੱਥੇ ਕੇਸਾਂ ਦੀ ਕੁੱਲ ਸੰਖਿਆ 31,613 ਹੋ ਗਈ ਹੈ।
ਸਟੇਟ ਦੇ ਅੰਕੜਿਆਂ ਅਨੁਸਾਰ ਇਹ ਵਾਧਾ ਪਿਛਲੇ ਰਿਪੋਰਟਿੰਗ ਦਿਨ ਤੋਂ 0.2% ਵਾਧੇ ਨੂੰ ਦਰਸਾਉਂਦਾ ਹੈ। ਇਸਦੇ ਨਾਲ ਹੀ ਸ਼ੁੱਕਰਵਾਰ ਨੂੰ ਫਰਿਜ਼ਨੋ ਵਿੱਚ ਚਾਰ ਨਵੀਆਂ ਮੌਤਾਂ ਵੀ ਹੋਈਆਂ ਹਨ ਅਤੇ ਕੋਰੋਨਾਂ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 443 ਤੱਕ ਪਹੁੰਚ ਗਈ ਹੈ। ਇਸਦੇ ਇਲਾਵਾ ਨਵੇਂ ਅੰਕੜਿਆਂ ਅਨੁਸਾਰ ਕਾਉਂਟੀ ਵਿੱਚ 14 ਦਿਨਾਂ ਦੀ ਔਸਤਨ ਟੈਸਟ ਪੋਜ਼ੀਟਿਵਿਟੀ ਦਰ 4.5% ਹੈ। ਸਿਹਤ ਵਿਭਾਗ ਦੇ ਅਨੁਸਾਰ ਕੁੱਲ 109 ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਅਤੇ ਉਨ੍ਹਾਂ ਵਿੱਚੋਂ 32 ਸੋਮਵਾਰ ਤੱਕ ਇਨਟੈਂਸਿਵ ਕੇਅਰ ਯੂਨਿਟ ਵਿੱਚ ਸਨ। ਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਪਿਛਲੇ ਹਫਤੇ ਮੈਮੋਰੀਅਲ ਡੇਅ ਤੋਂ ਬਾਅਦ ਵਾਇਰਸ ਦੇ ਮਾਮਲਿਆਂ ਵਿੱਚ ਹੋਏ ਵਾਧੇ ਵੱਲ ਇਸ਼ਾਰਾ ਕਰਦਿਆਂ, ਵਸਨੀਕਾਂ ਨੂੰ ਹੈਲੋਵੀਨ ਨਾਂ ਮਨਾਉਣ ਦੀ ਅਪੀਲ ਕੀਤੀ ਸੀ। ਸਮੁੱਚੇ ਕੈਲੀਫੋਰਨੀਆਂ ਵਿੱਚ, ਸੋਮਵਾਰ ਨੂੰ ਕੁੱਲ 4,529 ਨਵੇਂ ਕੋਵਿਡ -19 ਕੇਸ ਦਰਜ਼ ਕੀਤੇ ਗਏ ਹਨ, ਜਿਸ ਨਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਰਾਜ ਭਰ ਵਿੱਚ ਕੁੱਲ ਕੇਸਾਂ ਦੀ ਗਿਣਤੀ 926,534 ਹੋ ਗਈ ਹੈ। ਇਸਦੇ ਨਾਲ ਹੀ ਸੋਮਵਾਰ ਨੂੰ ਕੁੱਲ 41 ਮੌਤਾਂ ਦੀ ਵੀ ਪੁਸ਼ਟੀ ਹੋਈ ਹੈ ਜਿਸ ਨਾਲ ਰਾਜ ਭਰ ਵਿੱਚ ਮੌਤਾਂ ਦਾ ਅੰਕੜਾ 17,667 ਹੋ ਗਿਆ ਹੈ।ਹਸਪਤਾਲਾਂ ਵਿੱਚ ਦਾਖਲ ਮਰੀਜ਼ਾ ਦੇ ਸੰਬੰਧ ਵਿੱਚ ਪੂਰੇ ਪ੍ਰਦੇਸ਼ ਵਿੱਚ 2,474 ਮਰੀਜ਼ ਹਸਪਤਾਲ ਵਿੱਚ ਦਾਖਲ ਕੀਤੇ ਗਏ ਹਨ, ਅਤੇ 698 ਇਨਟੈਂਸਿਵ ਕੇਅਰ ਯੂਨਿਟ ਵਿੱਚ ਹਨ।